(ਸੁਖਜੀਤ ਮਾਨ) ਬਠਿੰਡਾ। ਪੰਜਾਬ ਕੇਂਦਰੀ ਯੂਨੀਵਰਸਿਟੀ (ਸੀਯੂ ਪੰਜਾਬ) ਨੇ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਵੱਲੋਂ ਦੇਸ਼ ਭਰ ਦੀਆਂ ਵਿੱਦਿਅਕ ਸੰਸਥਾਵਾਂ ਦੇ ਮੁਲਾਂਕਣ ਲਈ ਸੋਮਵਾਰ ਨੂੰ ਜਾਰੀ ਕੀਤੀ ਗਈ ‘ਨੈਸ਼ਨਲ ਇੰਸਟੀਚਿਊਸ਼ਨਲ ਰੈਂਕਿੰਗ ਫਰੇਮਵਰਕ (ਐੱਨਆਈਆਰਐੱਫ) -ਇੰਡੀਆ ਰੈਂਕਿੰਗਜ਼ 2024’ ਦੀ ‘ਯੂਨੀਵਰਸਿਟੀ ਸ਼੍ਰੇਣੀ’ ਵਿੱਚ 83ਵਾਂ ਸਥਾਨ ਪ੍ਰਾਪਤ ਕੀਤਾ ਹੈ। ਯੂਨੀਵਰਸਿਟੀ ਨੇ ਪਿਛਲੇ ਸਾਲ (ਐੱਨਆਈਆਰਐੱਫ 2023) ਦੇ 100ਵੇਂ ਰੈਂਕ ਦੇ ਮੁਕਾਬਲੇ ਇਸ ਸਾਲ ਆਪਣੇ ਰੈਂਕ ਵਿੱਚ 17 ਸਥਾਨਾਂ ਦਾ ਸੁਧਾਰ ਕੀਤਾ ਹੈ। ਇਸਦੇ ਨਾਲ ਹੀ ਇਸ ਸਾਲ ਪੰਜਾਬ ਕੇਂਦਰੀ ਯੂਨੀਵਰਸਿਟੀ ਨੇ ਐੱਨਆਈਆਰਐੱਫ ਇੰਡੀਆ ਰੈਂਕਿੰਗਜ਼ 2024 ਦੀ ‘ਫਾਰਮੇਸੀ ਸ਼੍ਰੇਣੀ’ ਵਿੱਚ 23ਵਾਂ ਰੈਂਕ ਪ੍ਰਾਪਤ ਕਰਕੇ ਇੱਕ ਹੋਰ ਮੀਲ ਪੱਥਰ ਹਾਸਲ ਕੀਤਾ ਹੈ। (NIRF 2024 Ranking)
ਇਹ ਵੀ ਪੜ੍ਹੋ: Punjab News: ਸੰਸਦ ਮੈਂਬਰ ਡਾ. ਅਮਰ ਸਿੰਘ ਨੇ ਕੀਤੀ ਕੇਂਦਰੀ ਮੰਤਰੀ ਨਾਲ ਮੁਲਾਕਾਤ, ਸੂਬੇ ਲਈ ਕੀਤੀ ਖਾਸ ਮੰਗ
ਇਸ ਪ੍ਰਾਪਤੀ ਸਦਕਾ ਪੰਜਾਬ ਕੇਂਦਰੀ ਯੂਨੀਵਰਸਿਟੀ ਨੇ ਪਿਛਲੇ ਛੇ ਸਾਲਾਂ ਵਿੱਚ ਲਗਾਤਾਰ ਛੇਵੀਂ ਵਾਰ ਐੱਨਆਈਆਰਐੱਫ ਇੰਡੀਆ ਰੈਂਕਿੰਗਜ਼ ਵਿੱਚ ‘ਭਾਰਤ ਦੀਆਂ ਚੋਟੀ ਦੀਆਂ 100 ਯੂਨੀਵਰਸਿਟੀਆਂ’ ਦੀ ਸੂਚੀ ਵਿੱਚ ਸ਼ਾਮਲ ਹੋਣ ਦਾ ਮਾਣ ਪ੍ਰਾਪਤ ਹੋਇਆ ਹੈ। ਐੱਨਆਈਆਰਐੱਫ ਇੰਡੀਆ ਰੈਂਕਿੰਗਜ਼ ਦੇ ਸਖਤ ਮੁਕਾਬਲੇ ਵਿੱਚ, ਸੀਯੂਪੀਬੀ ਨੇ ‘ਯੂਨੀਵਰਸਿਟੀ ਸ਼੍ਰੇਣੀ’ ਵਿੱਚ ਐੱਨਆਈਆਰਐੱਫ 2023 ਵਿੱਚ ਹਾਸਲ ਕੀਤੇ 42.93 ਅੰਕਾਂ ਦੇ ਮੁਕਾਬਲੇ ਐੱਨਆਈਆਰਐੱਫ 2024 ਵਿੱਚ 47.11 ਅੰਕ ਪ੍ਰਾਪਤ ਕਰਕੇ ਆਪਣੇ ਸਕੋਰ ਵਿੱਚ ਮਹੱਤਵਪੂਰਨ ਵਾਧਾ ਦਰਜ ਕੀਤਾ ਹੈ। ਇਸ ਰਿਪੋਰਟ ਵਿੱਚ ਐੱਨਆਈਆਰਐੱਫ ਨੇ ਸਿੱਖਿਆ ਮੰਤਰਾਲੇ ਦੁਆਰਾ ਪ੍ਰਵਾਨਿਤ ਵਿਧੀ ਦੀ ਪਾਲਣਾ ਕਰਦਿਆਂ ਸਾਰੇ ਵਿੱਦਿਅਕ ਅਦਾਰਿਆਂ ਦਾ ਪੰਜ-ਮਾਪਦੰਡਾਂ ਦੇ ਅਧਾਰ ’ਤੇ ਮੁਲਾਂਕਣ ਕੀਤਾ ਹੈ। ਇਹਨਾਂ ਮਾਪਦੰਡਾਂ ’ਚ ‘ਅਧਿਆਪਨ, ਸਿੱਖਿਆ ਅਤੇ ਸ੍ਰੋਤ,’ ‘ਖੋਜ ਅਤੇ ਕਿੱਤਾਮੁਖੀ ਅਮਲ,’ ‘ਗ੍ਰੈਜੂਏਸ਼ਨ ਨਤੀਜੇ,’ ‘ਦੂਜਿਆਂ ਤੱਕ ਪਹੁੰਚ ਅਤੇ ਸਮਾਵੇਸ਼’ ਅਤੇ ‘ਧਾਰਨਾ’ ਸ਼ਾਮਿਲ ਸਨ। NIRF 2024 Ranking
ਇਸ ਮੌਕੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਪੰਜਾਬ ਕੇਂਦਰੀ ਯੂਨੀਵਰਸਿਟੀ ਦੀ ਇਸ ਪ੍ਰਾਪਤੀ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਯੂਨੀਵਰਸਿਟੀ ਦੇ ਸਾਰੇ ਅਧਿਆਪਕਾਂ, ਅਧਿਕਾਰੀਆਂ, ਸਟਾਫ਼ ਮੈਂਬਰਾਂ, ਖੋਜਾਰਥੀਆਂ ਅਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸਖਤ ਮਿਹਨਤ ਅਤੇ ਇਸ ਪ੍ਰਾਪਤੀ ’ਚ ਯੋਗਦਾਨ ਪਾਉਣ ਲਈ ਵਧਾਈ ਦਿੱਤੀ। ਉਹਨਾਂ ਆਉਣ ਵਾਲੇ ਸਾਲਾਂ ਵਿੱਚ ਐੱਨਆਈਆਰਐੱਫ ਇੰਡੀਆ ਰੈਂਕਿੰਗਜ਼ ਦੇ ਸਾਰੇ ਮਾਪਦੰਡਾਂ ਵਿੱਚ ਯੂਨੀਵਰਸਿਟੀ ਦੇ ਪ੍ਰਦਰਸ਼ਨ ਵਿੱਚ ਸੁਧਾਰ ਕਰਨ ਤੇ ਜ਼ੋਰ ਦਿੱਤਾ। ਉਨ੍ਹਾਂ ਆਉਣ ਵਾਲੇ ਸਮੇਂ ਵਿੱਚ ਪੰਜਾਬ ਕੇਂਦਰੀ ਯੂਨੀਵਰਸਿਟੀ ਨੂੰ ਚੋਟੀ ਦੀਆਂ 50 ਯੂਨੀਵਰਸਿਟੀਆਂ ਵਿੱਚ ਸ਼ਾਮਲ ਕਰਨ ਦਾ ਟੀਚਾ ਰੱਖਿਆ।