ਕਿਸਾਨ ਖੁਦਕੁਸ਼ੀ ਮਾਮਲਾ:ਗ੍ਰਿਫ਼ਤਾਰੀ ਨੂੰ ਲੈ ਕੇ ਲੋਕਾਂ ਕੀਤਾ ਨੈਸ਼ਨਲ ਹਾਈਵੇ ਜਾਮ

National, Highway, Jam, Demonstrators, Farmer, Sucide, Protest

ਲੋਕਾਂ ਲਾਇਆ ਪੁਲਿਸ ‘ਤੇ ਢਿੱਲੀ ਕਾਰਗੁਜ਼ਾਰੀ ਦਾ ਦੋਸ਼

ਸਤਪਾਲ ਖਡਿਆਲ, ਦਿੜ੍ਹਬਾ ਮੰਡੀ: ਕਸਬਾ ਮਹਿਲਾਂ ਚੌਂਕ ਨੇੜਲੇ ਪਿੰਡ ਗੱਗੜਪੁਰ ਦੇ ਗਰੀਬ ਕਿਸਾਨ ਜਗਤਾਰ ਸਿੰਘ ਵੱਲੋਂ ਪਿਛਲੇ ਦਿਨੀਂ ਆਪਣੇ ਹੀ ਪਿੰਡ ਦੇ ਲੀਡਰਾਂ ਦੀ ਕਥਿਤ ਧੱਕੇਸ਼ਾਹੀ ਤੋਂ ਮਾਨਸਿਕ ਤੌਰ ਤੇ ਤੰਗ ਪ੍ਰੇਸ਼ਾਨ ਹੋ  ਕੇ ਆਤਮ ਹੱਤਿਆ ਕਰ ਲਈ ਸੀ।

ਪੁਲਿਸ ਵੱਲੋਂ ਮੁਲਜ਼ਮਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਵਰਤੀ ਜਾ ਰਹੀ ਢਿੱਲ ਕਾਰਨ ਅੱਜ ਪਰਿਵਾਰਕ ਮੈਂਬਰਾ ਨੇ ਸਵੇਰੇ ਸਾਢੇ 8 ਵਜੇ ਤੋਂ ਸਾਢੇ 12 ਵਜੇ ਤੱਕ ਨੈਸ਼ਨਲ ਹਾਈਵੇ  ਐਨਐਚ-71 ਤੇ ਧਰਨਾ ਲਾ ਕੇ ਪੂਰੀ ਤਰ੍ਹਾਂ ਜਾਮ ਕਰ ਦਿੱਤਾ। ਜਿਸ ਨੂੰ ਲੈ ਕੇ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਈ। ਕਾਂਗਰਸ ਆਗੂ ਦਮਨ ਥਿੰਦ ਬਾਜਵਾ ਨੇ ਮੌਕੇ ‘ਤੇ ਪਹੁੰਚ ਕੇ ਧਰਨਾਕਾਰੀਆਂ ਨੂੰ ਸ਼ਾਂਤ ਕੀਤਾ ਤੇ ਵਿਸ਼ਵਾਸ ਦਿਵਾਇਆ ਕਿ ਕਥਿਤ ਦੋਸ਼ੀ ਜਲਦ  ਗ੍ਰਿਫਤਾਰ ਹੋ ਜਾਣਗੇ।

ਜਾਣਕਾਰੀ ਅਨੁਸਾਰ ਮ੍ਰਿਤਕ ਦੇ ਪੁੱਤਰ ਕੁਲਜਿੰਦਰ ਸਿੰਘ ਦੇ ਦੱਸਣ ਅਨੁਸਾਰ ਉਨ੍ਹਾਂ ਦੇ ਪਿਤਾ ਨੇ ਆਪਣੀ ਗਿਆਰਾਂ ਵਿੱਘੇ ਜਮੀਨ ਭਰਭੂਰ ਸਿੰਘ, ਜਰਨੈਲ ਸਿੰਘ ਪੁੱਤਰ ਕੇਹਰ ਸਿੰਘ, ਗੁਰਦੀਪ ਸਿੰਘ ਪੁੱਤਰ ਜਰਨੈਲ ਸਿੰਘ ਨੂੰ ਵੇਚੀ ਸੀ  ਪ੍ਰੰਤੂ ਇਹਨਾਂ ਲੋਕਾਂ ਵੱਲੋਂ ਅਕਾਲੀ ਭਾਜਪਾ ਸਰਕਾਰ ਦੇ ਚੱਲਦਿਆਂ ਸਿਆਸੀ ਤਾਕਤ ਨਾਲ ਉਨਾਂ ਦੀ ਵੱਧ ਜਮੀਨ ਵਾਹ ਲਈ ਸੀ।

ਉਨ੍ਹਾਂ ਨੇ ਇਸ ਸਬੰਧੀ ਸਰਕਾਰੀ ਦਰਬਾਰੇ ਬੜੀ ਗੁਹਾਰ ਲਾਈ ਪਰ ਕਿਸੇ  ਪਾਸਿਓਂ ਇਨਸਾਫ ਨਾਲ ਮਿਲਿਆ ਤੇ ਪਿਛਲੀ ਸਰਕਾਰ ਦੇ ਰਾਜ ਵਿੱਚ ਆਫਰੇ ਇਨਾਂ ਲੋਕਾਂ ਨੂੰ ਸਾਡੇ ਪਰਿਵਾਰ ਤੇ ਦਿਆ ਨਾ ਆਈ। ਕਿਸੇ ਪਾਸੇ ਇਨਸਾਫ਼ ਨਾ ਮਿਲਦਾ ਵੇਖ ਉਸਦੇ ਪਿਤਾ ਨੇ ਆਤਮ  ਹੱਤਿਆ ਕਰ ਲਈ।

ਦਮਨ ਥਿੰਦ ਬਾਜਵਾ ਦੇ ਦਿੱਤਾ ਭਰੋਸਾ, ਧਰਨਾਕਾਰੀ ਹੋਏ ਸ਼ਾਂਤ

ਉਨ੍ਹਾਂ ਇਸ ਸੰਬੰਧੀ ਉਕਤ ਵਿਅਕਤੀਆਂ ਤੇ ਮਾਮਲਾ ਦਰਜ ਕਰਵਾਇਆ ਹੈ ਪ੍ਰੰਤੂ ਹਾਲੇ ਤੱਕ ਪੁਲਿਸ ਕਿਸੇ ਵੀ ਮੁਲਜ਼ਮ ਨੂੰ ਗ੍ਰਿਫਤਾਰ ਨਹੀਂ ਕਰ ਸਕੀ। ਇਸ ਸਮੇਂ ਧਰਨਾਕਾਰੀਆਂ ਨੂੰ ਵਿਸਵਾਸ਼ ਦਵਾਉਣ ਪੁੱਜੇ ਡੀਐਸਪੀ ਸੁਨਾਮ ਵਿਲੀਅਮ ਜੇਜੀ ਜੋ ਖੁਦ ਮਾਮਲੇ ਦੀ ਜਾਂਚ ਕਰ ਰਹੇ ਹਨ ਨੇ ਦੱਸਿਆ ਕਿ ਮੁਲਜ਼ਮ ਅਗਲੇ ਤਿੰਨ ਦਿਨਾਂ ਵਿੱਚ ਗ੍ਰਿਫਤਾਰ ਕਰ ਲਏ ਜਾਣਗੇ ਪ੍ਰੰਤੂ ਧਰਨਾਕਾਰੀ ਇਸ ਗੱਲ ਤੇ ਬੱਿਜਦ ਰਹੇ ਕਿ ਦੋਸ਼ੀਆਂ ਦੀ ਗ੍ਰਿਫਤਾਰੀ ਤੋਂ ਬਾਆਦ ਹੀ ਧਰਨਾ ਚੁੱਕਿਆ ਜਾਵੇਗਾ।

ਇਸ ਸਮੇਂ ਗੱਲ ਪੁਲਿਸ ਦੇ ਵੱਸੋਂ ਬਾਹਰ ਹੁੰਦੀ ਵੇਖ ਹਲਕਾ ਸੁਨਾਮ ਦੀ ਇੰਚਾਰਜ ਬੀਬੀ ਦਮਨ ਥਿੰਦ ਬਾਜਵਾ ਨੇ ਪਹੁੰਚ ਕੇ ਪਰਿਵਾਰਿਕ ਮੈਂਬਰਾਂ ਦਾ ਦੁੱਖੜਾ ਸੁਣਿਆ ਤੇ ਵਿਸਵਾਸ਼ ਦਵਾਇਆ  ਕਿ ਪੁਲਿਸ ਨੂੰ ਥੋੜਾ ਸਮਾਂ ਦਿਓ ਮੁਲਜ਼ਮ ਜਲਦੀ ਗ੍ਰਿਫਤਾਰ ਕੀਤੇ ਜਾਣਗੇ। ਇਸ ਮੌਕੇ ਤੇ ਪ੍ਰਸ਼ਾਸਨਿਕ ਅਧਿਕਾਰੀ ਰਣਜੀਤ ਸਿੰਘ ਤਹਿਸੀਲਦਾਰ ਸੰਗਰੂਰ, ਕੁਲਦੀਪ ਸਿੰਘ ਐਸਐਚਓ ਸੁਨਾਮ, ਭਰਪੂਰ ਸਿੰਘ ਐਸਐਚਓ ਸਿਟੀ ਸੁਨਾਮ, ਹਰਮਿੰਦਰ ਸਿੰਘ ਆਾਦਿ ਮੌਜੂਦ ਸਨ।

ਜਾਮ ਵਿੱਚ ਫਸੀ ਬਰਾਤ

ਨੈਸ਼ਨਲ ਹਾਈਵੇ ਚਾਰ ਘੰਟੇ ਜਾਮ ਰਹਿਣ ਕਾਰਨ ਜਿੱਥੇ ਬੱਸਾਂ ਨੂੰ ਆਪਣੇ ਰੂਟ ਬਦਲਣੇ ਪਏ ਉੱਥੇ ਹੀ ਨੌਕਰੀਪੇਸ਼ਾ ਤੇ ਹੋਰਨਾਂ ਨੂੰ ਆਪਣੇ ਕੰਮਾਂ ਤੇ ਜਾਣ ਵਿੱਚ ਦੇਰੀ ਦਾ ਸਾਹਮਣਾ ਕਰਨਾ ਪਿਆ।
ਮਰੀਜਾਂ ਨੂੰ ਲੈ ਕੇ ਜਾ ਰਹੀਆਂ ਐਂਬੂਲੈਸਾਂ ਨੂੰ ਵੀ ਇਸ ਮਾਹੌਲ ਨਾਲ ਦੋ ਚਾਰ ਹੋਣਾ ਪਿਆ। ਲੁਧਿਆਣਾ ਤੋਂ ਜੋਗੇਵਾਲਾ (ਪਾਤੜਾ) ਬਰਾਤ ਲੈ ਕੇ ਚੱਲਿਆ ਲਾੜਾ ਤੇ ਬਰਾਤ ਵੀ ਧਰਨੇ ਦੇ ਜਾਮ ਵਿੱਚ
ਫਸ ਗਈ

ਇਸ ਮੌਕੇ ਇਸ ਮਾਹੌਲ ਨਾਲ ਦੋ ਚਾਰ ਹੋ ਰਹੇ ਲੋਕਾਂ ਵਿੱਚੋਂ ਗੁਰਸੇਵਕ ਸਿੰਘ, ਸੁਰਿੰਦਰ ਸਿੰਘ , ਬੱਬੂ ਸਿੰਘ, ਅਜਮੇਰ ਸਿੰਘ, ਲਛਮਣ ਸਿੰਘ ਆਦਿ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸੜਕ ਤੇ ਧਰਨਾ ਲਾ
ਕੇ ਉਹ ਆਮ ਪਬਲਿਕ ਨੂੰ ਕਿਉਂ ਪ੍ਰੇਸਾਨ ਕਰ ਰਹੇ ਹਨ। ਜੇਕਰ ਸਰਕਾਰ ਤੁਹਾਡੇ ਨਾਲ ਗਲਤ ਕਰਦੀ ਹੈ ਤਾਂ ਕਿਸੇ ਅਫਸਰ ਜਾਂ ਮੰਤਰੀ ਦੀ ਕੋਠੀ ਦਾ ਘਿਰਾਓ ਕੀਤਾ ਜਾਵੇ। ਇਨ੍ਹਾਂ ਲੋਕਾਂ ਸਰਕਾਰ ਤੋਂ ਮੰਗ ਕੀਤੀ ਕਿ ਹਾਈਵੇ ਤੇ ਲੱਗਣ ਵਾਲੇ ਧਰਨਿਆਂ ਨੂੰ ਗੈਰ ਕਾਨੂੰਨੀ ਐਲਾਨਿਆ ਜਾਵੇ।