ਹੁਣ ਤੱਕ ਇਸ ਗਿਰੋਹ ਵੱਲੋਂ ਕਰੀਬ 400 ਤੋਂ ਉੱਪਰ ਕਾਰਾਂ ਚੋਰੀ
(ਐੱਮ ਕੇ ਸ਼ਾਇਨਾ) ਮੋਹਾਲੀ। ਮੋਹਾਲੀ ਪੁਲਿਸ ਨੇ ਇੰਟਰਨੈਸ਼ਨਲ ਲਗਜ਼ਰੀ ਕਾਰ ਗਿਰੋਹ ਦੇ ਦੋ ਮੈਂਬਰਾਂ ਨੂੰ 9 ਲਗਜ਼ਰੀ ਕਾਰਾਂ ਸਮੇਤ ਗ੍ਰਿਫਤਾਰ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਡਾ. ਸੰਦੀਪ ਕੁਮਾਰ ਗਰਗ, ਐਸਐਸਪੀ ਮੋਹਾਲੀ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੋਹਾਲੀ ਵੱਲੋਂ ਮਾੜੇ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਦੌਰਾਨ ਮੋਹਾਲੀ ਦੀ ਟੀਮ ਵੱਲੋਂ ਇੱਕ ਇੰਟਰਨੈਸ਼ਨਲ ਲਗਜ਼ਰੀ ਕਾਰ ਚੋਰ ਗਿਰੋਹ ਖਿਲਾਫ ਥਾਣਾ ਸੋਹਾਣਾ ਵਿਖੇ ਮਾਮਲਾ ਦਰਜ ਕਰਕੇ 9 ਲਗਜ਼ਰੀ ਕਾਰਾਂ ਬਰਾਮਦ ਕਰਨ ਵਿੱਚ ਅਹਿਮ ਸਫਲਤਾ ਹਾਸਲ ਕੀਤੀ ਗਈ ਹੈ। (Thieves Gang)
ਡਾ. ਗਰਗ ਨੇ ਜਾਣਕਾਰੀ ਦਿੰਦੇ ਹੋਏ ਅੱਗੇ ਦੱਸਿਆ ਕਿ ਮੁਕੱਦਮੇ ਦੀ ਜਾਂਚ ਦੌਰਾਨ ਪਹਿਲਾਂ ਰਮੇਸ਼ ਪੁੱਤਰ ਜਲੇ ਸਿੰਘ ਵਾਸੀ ਪਿੰਡ ਸੀਸਰ ਖਾਸ ਜ਼ਿਲ੍ਹਾ ਰੋਹਤਕ ਹਰਿਆਣਾ ਨੂੰ ਗ੍ਰਿਫਤਾਰ ਕੀਤਾ ਗਿਆ, ਜਿਸ ਦੀ ਪੁੱਛਗਿੱਛ ਦੇ ਆਧਾਰ ‘ਤੇ ਅੱਗੇ ਇਸ ਗਿਰੋਹ ਦੇ ਮਾਸਟਰਮਾਈਂਡ ਅਮਿਤ ਪੁੱਤਰ ਕਰਨ ਸਿੰਘ ਵਾਸੀ ਵਾਰਡ ਨੰਬਰ 5 ਨੇੜੇ ਮੇਲਾ ਗਰਾਊਂਡ ਜ਼ਿਲ੍ਹਾ ਰੋਹਤਕ ਹਰਿਆਣਾ ਨੂੰ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ, ਦਿੱਲੀ ਤੋਂ ਗ੍ਰਿਫਤਾਰ ਕੀਤਾ ਗਿਆ, ਜੋ ਕਿ ਵਿਦੇਸ਼ ਭੱਜਣ ਦੀ ਤਾਕ ਵਿੱਚ ਸੀ।
ਮੁਕੱਦਮੇ ਦੀ ਮੁੱਢਲੀ ਪੁੱਛਗਿੱਛ ਵਿੱਚ ਪਾਇਆ ਗਿਆ ਹੈ ਕਿ ਇਹ ਗਿਰੋਹ ਭਾਰਤ ਦੇ ਵੱਖ-ਵੱਖ ਰਾਜਾਂ ਵਿੱਚੋ ਐਕਸੀਡੈਂਟਲ ਕਾਰਾਂ (ਟੋਟਲ ਲੋਸ) ਨੂੰ ਖਰੀਦ ਕਰਕੇ ਉਨ੍ਹਾਂ ਦੇ ਪੇਪਰਾਂ ਨੂੰ ਆਪਣੇ ਕੋਲ ਰੱਖ ਲੈਂਦੇ ਸਨ ਤੇ ਕਾਰਾਂ ਨੂੰ ਡਿਸਮੈਂਟਲ ਕਰ ਦਿੰਦੇ ਸਨ ਤੇ ਫਿਰ ਅੱਗੇ ਉਨ੍ਹਾਂ ਪੇਪਰਾਂ ਮੁਤਾਬਿਕ ਉਸੇ ਮਾਰਕਾ/ਮਾਡਲ/ਰੰਗ ਦੀ ਲਗਜ਼ਰੀ ਕਾਰ ਚੋਰੀ ਕਰਕੇ ਉਨ੍ਹਾਂ ਕਾਰਾਂ ਦੇ ਇੰਜਣ ਅਤੇ ਚਾਸੀ ਨੰਬਰ ਨੂੰ ਟੈਂਪਰ ਕਰਕੇ ਅੱਗੇ ਉੱਤਰ ਪੱਛਮੀ ਰਾਜਾਂ ਵਿੱਚ ਅਤੇ ਨਾਲ ਲੱਗਦੇ ਗੁਆਂਢੀ ਦੇਸ਼ਾਂ ਵਿੱਚ ਸੀਮਾ ਪਾਰ ਕਰਵਾ ਕੇ ਆਪਣੇ ਗਾਹਕਾਂ ਨੂੰ ਸਪਲਾਈ ਕਰ ਦਿੰਦੇ ਸਨ।
ਇਹ ਵੀ ਪੜ੍ਹੋ: ਪੰਜ ਘੰਟਿਆਂ ਦੀ ਪੈਰੋਲ ’ਤੇ ਪਿਤਾ ਦੇ ਸਸਕਾਰ ’ਤੇ ਪੁੱਜਾ ਜਗਦੀਸ਼ ਭੋਲਾ
ਉਨ੍ਹਾਂ ਅੱਗੇ ਦੱਸਿਆ ਕਿ ਇਸ ਸਾਰੇ ਗਿਰੋਹ ਦਾ ਮੁੱਖ ਸਰਗਨਾ/ਹੈਂਡਲਰ ਖਿਹੇਤੋ ਅਚੋਮੀ ਵਾਸੀ ਦੀਮਾਪੁਰ, ਨਾਗਾਲੈਂਡ ਨਾਂਅ ਦਾ ਵਿਅਕਤੀ ਹੈ। ਜੋ ਇਹ ਸਾਰੀਆਂ ਚੋਰੀ ਦੀਆਂ ਕਾਰਾਂ ਨੂੰ ਅੱਗੇ ਵੱਖ-ਵੱਖ ਗਾਹਕਾਂ ਨੂੰ ਵੇਚ ਦਿੰਦਾ ਸੀ, ਜੋ ਹੁਣ ਤੱਕ ਇਸ ਗਿਰੋਹ ਵੱਲੋਂ ਕਰੀਬ 400 ਤੋਂ ਉੱਪਰ ਕਾਰਾਂ ਚੋਰੀ ਕਰਕੇ ਇੰਟਰਨੈਂਸ਼ਨਲ ਬਾਰਡਰ ਕਰਾਸ ਕਰਵਾ ਕੇ ਅੱਗੇ ਸਪਲਾਈ ਕਰ ਚੁੱਕਿਆ ਹੈ। ਮੁਲਜ਼ਮਾਂ ਕੋਲੋਂ ਹੁਣ ਤੱਕ ਫਾਰਚਿਊਨਰ ਕਾਰਾਂ 5, ਇੰਨੋਵਾ ਕ੍ਰਿਸਟਾ ਕਾਰ 2 , ਕ੍ਰਰੇਟਾ ਕਾਰ 1, ਬ੍ਰਰੀਜ਼ਾ ਕਾਰ 1 ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਇਸ ਮਾਮਲੇ ਦੀ ਜਾਂਚ ਅਜੇ ਜਾਰੀ ਹੈ , ਇਸ ਵਿੱਚ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।