ਫੌਜ ਦੇ ਕਪਤਾਨ ਸਮੇਤ 5 ਜਵਾਨ ਸ਼ਹੀਦ | Doda Terrorist Encounter
- ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਕਾਰ ਮੁਕਾਬਲਾ
- ਕੈਪਟਨ ਬ੍ਰਿਜ਼ੇਸ਼ ਥਾਪਾ ਦੀ ਮਾਂ ਬੋਲੀ, ਜੇਕਰ ਬੇਟੇ ਨੂੰ ਬਾਰਡਰ ’ਤੇ ਨਹੀਂ ਭੇਜਾਂਗੇ ਤਾਂ ਦੇਸ਼ ਲਈ ਕੌਣ ਲੜੇਗਾ
ਸ਼੍ਰੀਨਗਰ (ਏਜੰਸੀ)। ਜੰਮੂ-ਕਸ਼ਮੀਰ ਦੇ ਡੋਡਾ ਜ਼ਿਲ੍ਹੇ ਦੇ ਦੇਸਾ ’ਚ ਅੱਤਵਾਦੀਆਂ ਨੇ ਫਿਰ ਗੋਲੀਬਾਰੀ ਕੀਤੀ ਹੈ। ਜਿਸ ਵਿੱਚ ਫੌਜ ਦੇ ਕੈਪਟਨ ਸਮੇਤ 4 ਜਵਾਨ ਸ਼ਹੀਦ ਹੋ ਗਏ ਹਨ। ਇੱਕ ਪੁਲਿਸ ਮੁਲਾਜ਼ਮ ਦੀ ਵੀ ਮੌਤ ਹੋ ਗਈ ਹੈ। ਭਾਵ ਕੁੱਲ 5 ਲੋਕਾਂ ਦੀ ਜਾਨ ਜਾ ਚੁੱਕੀ ਹੈ। ਰਾਸ਼ਟਰੀ ਰਾਈਫਲਜ਼ ਤੇ ਜੰਮੂ-ਕਸ਼ਮੀਰ ਪੁਲਿਸ ਸੋਮਵਾਰ ਤੋਂ ਇਸ ਜਗ੍ਹਾ ’ਤੇ ਤਲਾਸ਼ੀ ਮੁਹਿੰਮ ਚਲਾ ਰਹੀ ਸੀ। ਤਲਾਸ਼ੀ ਦੌਰਾਨ ਅੱਤਵਾਦੀ ਗੋਲੀਬਾਰੀ ਕਰਦੇ ਹੋਏ ਭੱਜ ਗਏ। ਸੰਘਣਾ ਜੰਗਲ ਹੋਣ ਕਾਰਨ ਉਹ ਬਚ ਨਿਕਲੇ। ਸੋਮਵਾਰ ਰਾਤ 9 ਵਜੇ ਕਰੀਬ ਫਿਰ ਗੋਲੀਬਾਰੀ ਹੋਈ। ਇਸ ਵਿੱਚ 5 ਜਵਾਨ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਜਿਨ੍ਹਾਂ ਦੀ ਇਲਾਜ਼ ਦੌਰਾਨ ਮੌਤ ਹੋ ਗਈ। ਸ਼ਹੀਦ ਹੋਏ ਰਾਸ਼ਟਰੀ ਰਾਈਫਲਜ਼ ਦੇ ਜਵਾਨਾਂ ’ਚ ਕੈਪਟਨ ਬ੍ਰਿਜੇਸ਼ ਥਾਪਾ ਪੱਛਮੀ ਬੰਗਾਲ ਦੇ ਦਾਰਜÇਲੰਗ ਦੇ ਰਹਿਣ ਵਾਲੇ ਸਨ, ਕਾਂਸਟੇਬਲ ਅਜੈ ਰਾਜਸਥਾਨ ਦੇ ਝੁੰਝਨੂ ਦੇ ਰਹਿਣ ਵਾਲੇ ਸਨ। ਨਾਇਕ ਡੀ ਰਾਜੇਸ਼ ਦੀ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ ਹੈ। (Doda Terrorist Encounter)
ਕੈਪਟਨ ਬ੍ਰਿਜੇਸ਼ ਥਾਪਾ : ਆਰਮੀ ਦਿਨ ਵਾਲੇ ਦਿਨ ਪੈਦਾ ਹੋਏ, ਇੰਜੀਨੀਅਰਿੰਗ ਨਾਲੋਂ ਫੌਜ ਨੂੰ ਚੁਣਿਆ
ਕੈਪਟਨ ਬ੍ਰਿਜੇਸ਼ ਥਾਪਾ (27) ਦਾ ਜਨਮ 15 ਜਨਵਰੀ, ਆਰਮੀ ਡੇਅ ਨੂੰ ਹੋਇਆ ਸੀ। ਉਨ੍ਹਾਂ ਦੀ ਮਾਂ ਨੀਲਿਮਾ ਨੇ ਦੱਸਿਆ ਕਿ ਉਨ੍ਹਾਂ ਨੇ ਐਤਵਾਰ (14 ਜੁਲਾਈ) ਨੂੰ ਆਪਣੇ ਬੇਟੇ ਨਾਲ ਆਖਰੀ ਵਾਰ ਗੱਲ ਕੀਤੀ ਸੀ। ਉਨ੍ਹਾਂ ਕਿਹਾ ਕਿ ਮੈਨੂੰ ਆਪਣੇ ਬੇਟੇ ਦੀ ਕੁਰਬਾਨੀ ’ਤੇ ਮਾਣ ਹੈ। ਜੇਕਰ ਅਸੀਂ ਆਪਣੇ ਪੁੱਤਰਾਂ ਨੂੰ ਬਾਰਡਰ ’ਤੇ ਨਹੀਂ ਭੇਜਿਆ ਤਾਂ ਦੇਸ਼ ਲਈ ਕੌਣ ਲੜੇਗਾ। ਕੈਪਟਨ ਬ੍ਰਿਜੇਸ਼ ਦੇ ਪਿਤਾ ਕਰਨਲ ਭੁਵਨੇਸ਼ ਥਾਪਾ (ਸੇਵਾਮੁਕਤ) ਨੇ ਕਿਹਾ-ਜਦੋਂ ਮੈਨੂੰ ਦੱਸਿਆ ਗਿਆ ਕਿ ਉਹ ਨਹੀਂ ਰਹੇ ਤਾਂ ਮੈਨੂੰ ਯਕੀਨ ਨਹੀਂ ਆਇਆ।
ਉਹ ਮੇਰੀ ਫੌਜ ਦੀ ਵਰਦੀ ਪਾ ਕੇ ਘੁੰਮਦਾ ਰਹਿੰਦਾ ਸੀ। ਇੰਜੀਨੀਅਰਿੰਗ ਕਰਨ ਤੋਂ ਬਾਅਦ ਵੀ ਉਹ ਫੌਜ ਵਿੱਚ ਭਰਤੀ ਹੋਣਾ ਚਾਹੁੰਦਾ ਸੀ। ਇਮਤਿਹਾਨ ਇੱਕ ਵਾਰ ਵਿੱਚ ਪਾਸ ਕਰ ਕੇ ਫੌਜ ਵਿੱਚ ਭਰਤੀ ਹੋ ਗਿਆ। ਮੈਨੂੰ ਮਾਣ ਹੈ ਕਿ ਮੇਰੇ ਬੇਟੇ ਨੇ ਦੇਸ਼ ਤੇ ਇਸ ਦੀ ਸੁਰੱਖਿਆ ਲਈ ਕੁਝ ਕੀਤਾ ਹੈ। ਦੁੱਖ ਦੀ ਗੱਲ ਇਹ ਹੈ ਕਿ ਅਸੀਂ ਉਸ ਨੂੰ ਦੁਬਾਰਾ ਨਹੀਂ ਮਿਲ ਸਕਾਂਗੇ, ਨਹੀਂ ਤਾਂ ਮੈਂ ਖੁਸ਼ ਹਾਂ ਕਿ ਉਸ ਨੇ ਆਪਣੇ ਦੇਸ਼ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ। ਸਾਨੂੰ ਰਾਤ 11 ਵਜੇ ਖਬਰ ਮਿਲੀ। ਮੈਂ ਵੀ ਇੱਕ ਸਿਪਾਹੀ ਰਿਹਾ ਹਾਂ, ਜੰਗਲ ’ਚ ਅੱਤਵਾਦੀਆਂ ਨੂੰ ਦੇਖਣਾ ਬਹੁਤ ਮੁਸ਼ਕਲ ਹੈ। ਜੰਗਲ ਬਹੁਤ ਸੰਘਣੇ ਹਨ।
ਕਾਂਸਟੇਬਲ ਅਜੈ ਸਿੰਘ : ਤਿੰਨ ਦਿਨਾਂ ਬਾਅਦ ਘਰ ਆਉਣ ਵਾਲੇ ਸਨ, ਹੁਣ ਮ੍ਰਿਤਕ ਦੇਹ ਪਹੁੰਚੇਗੀ
ਕਾਂਸਟੇਬਲ ਅਜੈ ਸਿੰਘ ਨਾਰੂਕਾ (26) ਦੀ ਮ੍ਰਿਤਕ ਦੇਹ ਬੁੱਧਵਾਰ ਸਵੇਰੇ 9:15 ਵਜੇ ਸਿੰਘਾਣਾ ਤੋਂ ਭਾਈਸਾਵਤਾ ਕਲਾਂ (ਝੰਝਨੂ) ਪਹੁੰਚੇਗੀ। ਉਥੋਂ ਸ਼ਹੀਦ ਦੇ ਸਨਮਾਨ ’ਚ ਜਲੂਸ ਕੱਢਿਆ ਜਾਵੇਗਾ। ਅਜੇ ਦੇ ਪਿਤਾ ਕਮਲ ਸਿੰਘ ਨਰੂਕਾ ਵੀ ਫੌਜ ’ਚ ਹੌਲਦਾਰ ਰਹਿ ਚੁੱਕੇ ਹਨ। ਕਮਲ ਸਿੰਘ 2015 ’ਚ ਸੇਵਾਮੁਕਤ ਹੋਏ ਸਨ। ਸ਼ਹੀਦ ਅਜੈ ਸਿੰਘ ਨਰੂਕਾ ਦਾ ਵਿਆਹ ਸਾਲੂ ਕੰਵਰ (24) ਨਾਲ 21 ਨਵੰਬਰ 2021 ਨੂੰ ਹੋਇਆ ਸੀ। ਮਾਤਾ ਸੁਲੋਚਨਾ ਦੇਵੀ ਇੱਕ ਘਰੇਲੂ ਔਰਤ ਹੈ। ਅਜੈ ਸਿੰਘ ਦਾ ਛੋਟਾ ਭਰਾ ਕਰਨਵੀਰ ਸਿੰਘ (24) ਏਮਜ, ਬਠਿੰਡਾ (ਪੰਜਾਬ) ’ਚ ਡਾਕਟਰ ਹੈ। ਪਤਨੀ ਸ਼ਾਲੂ ਕੰਵਰ ਨੇ ਇਸ ਸਾਲ ਚਿਰਾਵਾ ਕਾਲਜ ਤੋਂ ਐਮਐਸਸੀ ਪਾਸ ਕੀਤੀ ਹੈ।
ਸ਼ਹੀਦ ਦੇ ਚਾਚਾ ਕਿਯਾਮ ਸਿੰਘ ਵੀ ਭਾਰਤੀ ਫੌਜ ਦੀ 23 ਰਾਜਪੂਤ ਰੈਜੀਮੈਂਟ ’ਚ ਸਿੱਕਮ ’ਚ ਤਾਇਨਾਤ ਹਨ। ਉਨ੍ਹਾਂ ਨੂੰ 2022 ’ਚ ਸੈਨਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ – ਅਜੈ ਸਿੰਘ ਦੋ ਮਹੀਨੇ ਪਹਿਲਾਂ ਛੁੱਟੀ ’ਤੇ ਘਰ ਆਇਆ ਸੀ। ਇਸ ਤੋਂ ਬਾਅਦ ਉਹ ਡਿਊਟੀ ’ਤੇ ਵਾਪਸ ਆ ਗਿਆ। ਦੋ ਦਿਨ ਬਾਅਦ 18 ਜੁਲਾਈ ਨੂੰ ਉਸ ਨੇ ਛੁੱਟੀ ’ਤੇ ਪਿੰਡ ਪਰਤਣਾ ਸੀ। ਇਸ ਤੋਂ ਪਹਿਲਾਂ ਉਹ ਮੁਕਾਬਲੇ ’ਚ ਸ਼ਹੀਦ ਹੋ ਗਏ। ਸ਼ਹੀਦ ਅਜੇ ਦੇ ਪਿੰਡ ਦੀਆਂ ਸੜਕਾਂ ਦੀ ਸਫਾਈ ਕੀਤੀ ਜਾ ਰਹੀ ਹੈ। ਘਰ ਤੱਕ ਜਾਣ ਵਾਲੀ ਗਲੀ ਉਬੜ-ਖਾਬੜ ਹੈ। (Doda Terrorist Encounter)
ਬਿਜੇਂਦਰ ਸਿੰਘ : 5 ਦਿਨ ਪਹਿਲਾਂ ਘਰ ਆਉਣ ਵਾਲੇ ਸਨ, ਪਰ ਛੁੱਟੀ ਰੱਦ ਹੋ ਗਈ
ਬਿਜੇਂਦਰ ਸਿੰਘ 2018 ’ਚ ਫੌਜ ’ਚ ਭਰਤੀ ਹੋਏ ਸਨ। ਉਨ੍ਹਾਂ ਦਾ ਵਿਆਹ 2019 ’ਚ ਅੰਕਿਤਾ ਨਾਲ ਹੋਇਆ ਸੀ। ਉਨ੍ਹਾਂ ਦੇ ਦੋ ਪੁੱਤਰ ਹਨ, ਜਿਨ੍ਹਾਂ ’ਚੋਂ ਇੱਕ ਦੀ ਉਮਰ ਚਾਰ ਸਾਲ ਹੈ, ਜਦਕਿ ਦੂਜਾ ਇੱਕ ਸਾਲ ਦਾ ਹੈ। ਸ਼ਹੀਦ ਦਾ ਛੋਟਾ ਭਰਾ ਦਸਰਥ ਸਿੰਘ ਵੀ ਫੌਜ ’ਚ ਹੈ। ਫਿਲਹਾਲ ਉਹ ਲਖਨਊ ’ਚ ਤਾਇਨਾਤ ਹਨ। ਪਰਿਵਾਰ ’ਚ ਤਿੰਨ ਭੈਣਾਂ ਤੇ ਮਾਤਾ-ਪਿਤਾ ਵੀ ਹਨ। ਬਿਜੇਂਦਰ ਸਿੰਘ ਫਰਵਰੀ ’ਚ ਇੱਕ ਮਹੀਨੇ ਦੀ ਛੁੱਟੀ ’ਤੇ ਆਪਣੇ ਘਰ ਆਏ ਸਨ। ਪੰਜ ਦਿਨ ਪਹਿਲਾਂ ਘਰ ਆਉਣ ਵਾਲੇ ਸਨ, ਪਰ ਅੱਤਵਾਦੀ ਘਟਨਾਵਾਂ ਕਾਰਨ ਛੁੱਟੀ ਰੱਦ ਕਰ ਦਿੱਤੀ ਗਈ। ਦਸ਼ਰਥ ਸਿੰਘ ਨੂੰ ਫੌਜੀ ਅਫਸਰਾਂ ਦਾ ਫੋਨ ਆਇਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਬਿਜੇਂਦਰ ਦੀ ਸ਼ਹਾਦਤ ਬਾਰੇ ਪਤਾ ਲੱਗਾ। ਦਸ਼ਰਥ ਸਿੰਘ ਨੂੰ ਤੁਰੰਤ ਛੁੱਟੀ ਦੇ ਕੇ ਲਖਨਊ ਤੋਂ ਪਿੰਡ ਭੇਜ ਦਿੱਤਾ ਗਿਆ ਹੈ।
4. ਨਾਇਕ ਡੀ ਰਾਜੇਸ਼ : ਸ਼ਹੀਦ ਸਿਪਾਹੀ ਨਾਇਕ ਡੀ ਰਾਜੇਸ਼ ਬਾਰੇ ਅਜੇ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਨੋਟ : ਇਨ੍ਹਾਂ 4 ਜਵਾਨਾਂ ਤੋਂ ਇਲਾਵਾ ਜੰਮੂ-ਕਸ਼ਮੀਰ ਪੁਲਿਸ ਦਾ ਇੱਕ ਜਵਾਨ ਵੀ ਅੱਤਵਾਦੀਆਂ ਨਾਲ ਮੁਕਾਬਲੇ ’ਚ ਸ਼ਹੀਦ ਹੋਇਆ ਹੈ। ਉਸ ਦੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਫੌਜ ਮੁਖੀ ਨਾਲ ਗੱਲਬਾਤ ਕੀਤੀ | Doda Terrorist Encounter
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਫੌਜ ਮੁਖੀ ਤੋਂ ਮੁਕਾਬਲੇ ਦੀ ਜਾਣਕਾਰੀ ਲਈ ਹੈ। ਜੰਮੂ ਡਿਵੀਜਨ ਦੇ ਡੋਡਾ ’ਚ 34 ਦਿਨਾਂ ’ਚ ਇਹ ਪੰਜਵਾਂ ਮੁਕਾਬਲਾ ਹੈ। ਇਸ ਤੋਂ ਪਹਿਲਾਂ 9 ਜੁਲਾਈ ਨੂੰ ਮੁਕਾਬਲਾ ਹੋਇਆ ਸੀ। ਇੱਥੇ 26 ਜੂਨ ਨੂੰ ਦੋ ਤੇ 12 ਜੂਨ ਨੂੰ ਦੋ ਹਮਲੇ ਹੋਏ ਸਨ। ਇਸ ਤੋਂ ਬਾਅਦ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਕਾਰ ਮੁਕਾਬਲਾ ਹੋਇਆ। ਇਸ ’ਚ ਤਿੰਨ ਅੱਤਵਾਦੀ ਮਾਰੇ ਗਏ।