20 ਚੌੜਾ ਪਾੜ ਪੈਣ ਕਾਰਨ 100 ਏੇਕੜ ਝੋਨਾ ਡੁੱਬਿਆ, ਪਾਣੀ ਘਰਾਂ ਨੇੜੇ ਪਹੁੰਚਿਆ
- ਪਿਛਲੇ ਸਾਲ ਵੀ ਇਸੇ ਥਾਂ ਤੋਂ ਟੁੱਟਿਆ ਸੀ ਮਾਈਨਰ
(ਮਨਜੀਤ ਨਰੂਆਣਾ) ਸੰਗਤ ਮੰਡੀ। ਪਿੰਡ ਬਾਂਡੀ ਵਿਖੇ ਫਰੀਦਕੋਟ ਕੋਟਲੀ ਵਾਲੇ ਪੁੱਲ ਤੋਂ ਅੱਧਾ ਕਿੱਲੋਮੀਟਰ ਅੱਗੇ ਬੁਰਜ਼ੀ ਨੰ. 50 ’ਤੇ ਰਾਤੀ ਡੂੰਮਵਾਲੀ ਮਾਈਨਰ ’ਚ ਕਿਸਾਨ ਸਾਬਕਾ ਪੰਚ ਬੇਅੰਤ ਸਿੰਘ ਦੇ ਖ਼ੇਤ ’ਚ 20 ਚੌੜਾ ਪਾੜ ਪੈਣ ਕਾਰਨ ਕਿਸਾਨਾਂ ਦਾ 100 ਏਕੜ ਝੋਨਾ ਪਾਣੀ ’ਚ ਡੁੱਬ ਗਿਆ। ਪਾੜ ਨਾ ਪੂਰਨ ਕਾਰਨ ਪਾਣੀ ਪਿੰਡ ਦੇ ਨਾਲ ਲੱਗਦੇ 50 ਦੇ ਕਰੀਬ ਘਰਾਂ ਨੇੜੇ ਪਾਣੀ ਪਹੁੰਚ ਗਿਆ। ਪਿਛਲੇ ਸਾਲ ਵੀ ਇਸੇ ਥਾਂ ਤੋਂ ਮਾਈਨਰ ਟੁੱਟਿਆ ਸੀ। Miner Broke
ਇਹ ਵੀ ਪੜ੍ਹੋ: ਅਮਰਨਾਥ ਯਾਤਰਾ ’ਤੇ ਜਾਣ ਵਾਲੇ ਸ਼ਰਧਾਲੂਆਂ ’ਤੇ ਹਮਲਾ, ਹੋਈ ਲੁੱਟ
ਕਿਸਾਨ ਗੁਰਦਿੱਤ ਸਿੰਘ ਨੇ ਦੱਸਿਆ ਕਿ ਮਾਈਨਰ ’ਚ ਰਾਤੀ 11 ਵਜੇ ਦੇ ਕਰੀਬ ਪਾੜ ਪਿਆ ਹੈ ਸ਼ਾਮ ਤੱਕ ਪਾਣੀ ਉਸੇ ਤਰ੍ਹਾਂ ਚੱਲ ਰਿਹਾ ਹੈ। ਉਨਾਂ ਦੱਸਿਆ ਕਿ ਪਾੜ ਕਾਰਨ ਪਿੰਡ ਦੇ ਕਿਸਾਨਾਂ ਦਾ ਲਗਭਗ ਸੌ ਏਕੜ ਝੋਨਾ ਪਾਣੀ ’ਚ ਡੁੱਬ ਗਿਆ, ਪਾਣੀ ਦਾ ਵਹਾਅ ਕਿਸ ਕਦਰ ਤੇਜ਼ ਹੈ ਕਿ ਪਾਣੀ ਪਿੰਡ ਦੇ ਨਾਲ ਲੱਗਦੇ 50 ਦੇ ਕਰੀਬ ਘਰਾਂ ਕੋਲ ਪਹੁੰਚ ਗਿਆ। ਪਾਣੀ ਕਿਸਾਨਾਂ ਦੇ ਖ਼ੇਤ ’ਚ ਲੱਗੇ ਖੂਹਾਂ ’ਚ ਪੈ ਗਿਆ ਜਿਸ ਕਾਰਨ ਕਿਸਾਨਾਂ ਦੀਆਂ ਮੋਟਰਾਂ ਖ਼ਰਾਬ ਹੋਣ ਦਾ ਵੀ ਖਦਸ਼ਾ ਜਤਾਇਆ ਜਾ ਰਿਹਾ ਹੈ। ਉਨਾਂ ਦੱਸਿਆ ਕਿ ਪਾੜ ਜਲਦੀ ਨਾ ਪੂਰੇ ਜਾਣ ਕਾਰਨ ਮਾਈਨਰ ਦੀ ਦੂਸਰੀ ਪਟੜੀ ਵੀ ਪਾਣੀ ਦੇ ਨਾਲ ਹੀ ਵਹਿ ਗਈ, ਜੇਕਰ ਉਸ ਪਟੜੀ ਨੂੰ ਮਜ਼ਬੂਤ ਨਾ ਕੀਤਾ ਗਿਆ ਤਾਂ ਉਹ ਵੀ ਟੁੱਟ ਸਕਦੀ ਹੈ।
ਮੋਘੇ ਬੰਦ ਹੋਣ ਕਾਰਨ ਪਿਆ ਪਾੜ : ਐਕਸੀਅਨ
ਨਹਿਰੀ ਵਿਭਾਗ ਦੇ ਐਕਸੀਅਨ ਸੁਖਜੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਮੀਂਹ ਪੈਣ ਕਾਰਨ ਜ਼ਿਆਦਾਤਰ ਕਿਸਾਨਾਂ ਵੱਲੋਂ ਮੋਘੇ ਬੰਦ ਕਰ ਦਿੱਤੇ ਗਏ ਬੇਸ਼ੱਕ ਉਨਾਂ ਦੇ ਕਰਮਚਾਰੀ ਰਾਤ ਨੂੰ ਮੋਘੇ ਖੋਲਣ ’ਚ ਲੱਗੇ ਹੋਏ ਸਨ ਪ੍ਰੰਤੂ ਰਜਬਾਹਾ ਕਮਜ਼ੋਰ ਸੀ ਜੋ ਪਾਣੀ ਵਧਣ ਕਾਰਨ ਟੁੱਟ ਗਿਆ। ਉਨਾਂ ਦੱਸਿਆ ਕਿ ਇਸ ਥਾਂ ਤੋਂ ਪਹਿਲਾ ਵੀ ਰਜਬਾਹਾ ਟੁੱਟਿਆ ਸੀ ਤੇ ਮਿੱਟੀ ਦੇ ਗੱਟੇ ਲਗਾ ਕੇ ਬੰਦ ਕੀਤਾ ਹੋਇਆ ਸੀ। ਉਨਾਂ ਦੱਸਿਆ ਕਿ ਟੁੱਟੇ ਥਾਂ ਦੀ ਮੁਰੰਮਤ ਕਰਨ ਲਈ ਮਸਲਾ ਅੱਗੇ ਭੇਜਿਆ ਗਿਆ ਸੀ ਪ੍ਰੰਤੂ ਉਹ ਪਾਸ ਨਹੀਂ ਹੋ ਸਕਿਆ ਇਸ ਵਾਰ ਸਫਾਈ ਦਾ ਵੀ ਸਮਾਂ ਬਹੁਤ ਘੱਟ ਸੀ, ਹੁਣ ਉਹ ਨਵੰਬਰ ’ਚ ਇਸ ਦੀ ਮੁਰੰਮਤ ਕਰਵਾਉਣਗੇ। Miner Broke