(ਜਸਵੀਰ ਸਿੰਘ ਗਹਿਲ) ਲੁਧਿਆਣਾ। ਮਹਾਂਨਗਰ ਲੁਧਿਆਣਾ ਵਿਖੇ ਨਿਹੰਗਾਂ ਦੇ ਭੇਸ਼ ’ਚ ਆਏ ਕੁੱਝ ਹਮਲਾਵਰਾਂ ਵੱਲੋਂ ਤਲਵਾਰਾਂ ਨਾਲ ਸ਼ਿਵ ਸੈਨਾ ਆਗੂ ਸੰਦੀਪ ਥਾਪਰ ਗੋਰਾ ’ਤੇ ਹਮਲਾ ਕਰਕੇ ਉਸਨੂੰ ਗੰਭੀਰ ਰੂਪ ਵਿੱਚ ਜਖ਼ਮੀ ਕਰ ਦਿੱਤਾ ਗਿਆ। ਜਿਸ ਦਾ ਪਤਾ ਲੱਗਦਿਆਂ ਹੀ ਪੁਲਿਸ ਨੇ ਹਸਪਤਾਲ ਪੁਲਿਸ ਛਾਉਣੀ ’ਚ ਤਬਦੀਲ ਕਰ ਦਿੱਤਾ। Ludhiana News
ਸਿਵਲ ਹਸਪਤਾਲ ਵਿਖੇ ਸ਼ੁੱਕਰਵਾਰ ਸਵੇਰੇ ਵਾਪਰੀ ਇਸ ਘਟਨਾ ’ਚ ਸੰਦੀਪ ਥਾਪਰ ਗੋਰਾ ਨੂੰ ਗੰਭੀਰ ਜ਼ਖ਼ਮੀ ਹਾਲਤ ’ਚ ਹਸਪਤਾਲ ਦਾਖਲ ਕਰਵਾਇਆ ਗਿਆ। ਜਿੱਥੇ ਸੂਚਨਾ ਮਿਲਦੇ ਹੀ ਮੌਕੇ ’ਤੇ ਪਹੁੰਚੀ ਪੁਲਿਸ ਵੀ ਸੀਸੀਟੀਵੀ ਫੁਟੇਜ ਖੰਗਾਲਣ ’ਚ ਜੁਟ ਗਈ। ਜਾਣਕਾਰੀ ਮੁਤਾਬਕ ਗੋਰਾ ਦੁਪਹਿਰ 12 ਕੁ ਵਜੇ ਦੇ ਕਰੀਬ ਸਿਵਲ ਹਸਪਤਾਲ ਪਹੁੰਚੇ ਸਨ। ਜਿਉਂ ਹੀ ਉਹ ਆਪਣਾ ਕੰਮ ਨਿਬੇੜ ਕੇ ਆਪਣੀ ਸਕੂਟਰੀ ’ਤੇ ਸਵਾਰ ਹੋ ਕੇ ਵਾਪਸ ਜਾਣ ਲਈ ਹਸਪਤਾਲ ਤੋਂ ਬਾਹਰ ਨਿਕਲਣ ਲਈ ਸਾਇਕਲ ਸਟੈਂਡ ਲਾਗੇ ਪਹੁੰਚੇ ਤਾਂ ਸੜਕ ਵਿਚਕਾਰ ਨਿਹੰਗਾਂ ਦੇ ਪਹਿਰਾਵੇ ’ਚ ਆਏ ਕੁੱਝ ਲੋਕਾਂ ਨੇ ਗੋਰਾ ’ਤੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ। Ludhiana News
ਇਹ ਵੀ ਪੜ੍ਹੋ: ਅੰਮ੍ਰਿਤਪਾਲ ਸਿੰਘ ਨੇ ਸੰਸਦ ਮੈਂਬਰ ਵਜੋਂ ਚੁੱਕੀ ਸਹੁੰ
ਹਮਲਾਵਰਾਂ ਦੀ ਗਿਣਤੀ ਤਿੰਨ ਦੱਸੀ ਜਾ ਰਹੀ ਹੈ। ਜਿੰਨ੍ਹਾਂ ਵੱਲੋਂ ਕੀਤੇ ਗਏ ਹਮਲੇ ’ਚ ਗੋਰਾ ਦੇ ਸਿਰ, ਬਾਹਾਂ ਤੇ ਸਰੀਰ ਦੇ ਹੋਰ ਕਈ ਹਿੱਸਿਆਂ ’ਤੇ ਗੰਭੀਰ ਸੱਟਾਂ ਵੱਜੀਆਂ। ਜਾਣਕਾਰੀ ਮੁਤਾਬਕ ਗੋਰਾ ਨਾਲ ਉਸ ਦਾ ਗੰਨਮੈਨ ਮੌਜੂਦ ਸੀ। ਜਿਸਦੇ ਕੋਲ ਮੌਜ਼ੂਦ ਰਿਵਾਲਵਰ ਹਮਲਾਵਰਾਂ ਨੇ ਪਹਿਲਾਂ ਹੀ ਖੋਹ ਲਈ ਅਤੇ ਹਮਲੇ ਤੋਂ ਬਾਅਦ ਗੰਨਮੈਨ ਦੀ ਸਕੂਟਰੀ ਲੈ ਕੇ ਮੌਕੇ ਤੋਂ ਫ਼ਰਾਰ ਹੋ ਗਏ।
ਸੂਚਨਾ ਮਿਲਦਿਆਂ ਹੀ ਥਾਣਾ ਡਵੀਜਨ ਨੰਬਰ 2 ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਮੌਜੂਦ ਲੋਕਾਂ ਦੀ ਮੱਦਦ ਨਾਲ ਗੰਭੀਰ ਜਖ਼ਮੀ ਹਾਲਤ ’ਚ ਸੰਦੀਪ ਥਾਪਰ ਗੋਰਾ ਨੂੰ ਐਮਰਜੈਂਸੀ ’ਚ ਭਰਤੀ ਕਰਵਾਇਆ। ਜਿੱਥੋਂ ਡਾਕਟਰਾਂ ਨੇ ਮੁੱਢਲੀ ਸਹਾਇਤਾ ਉਪਰੰਤ ਗੋਰਾ ਨੂੰ ਪੀਜੀਆਈ ਰੈਫ਼ਰ ਕਰ ਦਿੱਤਾ। ਪੁਲਿਸ ਨੇ ਮੌਕੇ ’ਤੇ ਮੌਜ਼ੂਦ ਲੋਕਾਂ ਤੋਂ ਪੁੱਛਗਿੱਛ ਕਰਨ ਤੋਂ ਇਲਾਵਾ ਸੀਸੀਟੀਵੀ ਫੁਟੇਜ ਨੂੰ ਵੀ ਖੰਗਾਲਣਾਂ ਸ਼ੁਰੂ ਕਰ ਦਿੱਤਾ ਹੈ। ਸੰਦੀਪ ਥਾਪਰ ਗੋਰਾ ਦਾ ਹਾਲ ਜਾਨਣ ਪਹੁੰਚੇ ਡੀਸੀਪੀ ਜਸਕਰਨ ਸਿੰਘ ਤੇਜਾ ਨੇ ਕਿਹਾ ਕਿ ਮਾਮਲਾ ਦਰਜ਼ ਕਰ ਲਿਆ ਗਿਆ ਹੈ। ਜਲਦ ਹੀ ਹਮਲਾਵਰ ਵੀ ਪੁਲਿਸ ਦੀ ਗ੍ਰਿਫ਼ਤ ’ਚ ਹੋਣਗੇ।