ਪੰਜਾਬ ’ਚ ਡਰੇਨਾਂ ਦੀ ਨਹੀਂ ਹੋਈ ਸਫਾਈ, ਮਾਨਸੂਨ ਇਸ ਵਾਰ ਫਿਰ ਬਣ ਸਕਦੈ ਲੋਕਾਂ ਲਈ ਮੁਸੀਬਤ | Drains of Punjab
ਚੰਡੀਗੜ੍ਹ (ਅਸ਼ਵਨੀ ਚਾਵਲਾ)। Drains of Punjab : ਮਾਨਸੂਨ ਆਉਣ ਤੋਂ ਪਹਿਲਾਂ ਪੰਜਾਬ ਸਰਕਾਰ ਇਸ ਸਾਲ ਪੰਜਾਬ ਦੇ ਹਰ ਛੋਟੇ-ਵੱਡੇ ਡ੍ਰੇਨ ਦੀ ਸਫ਼ਾਈ ਕਰਵਾਉਣ ਹੀ ਭੁੱਲ ਗਈ ਹੈ। ਜਿਸ ਕਾਰਨ ਆਉਣ ਵਾਲੇ ਦਿਨਾਂ ਵਿੱਚ ਮਾਨਸੂਨ ਕਰਕੇ ਪੰਜਾਬ ਵਿੱਚ ਵੱਡੇ ਪੱਧਰ ’ਤੇ ਹੜ੍ਹ ਆਉਣ ਦਾ ਖਤਰਾ ਪੈਦਾ ਹੋ ਸਕਦਾ ਹੈ, ਕਿਉਂਕਿ ਤੇਜ਼ ਮੀਂਹ ਦੇ ਪਾਣੀ ਨੂੰ ਪੰਜਾਬ ਸਰਕਾਰ ਨੇ ਨਿਕਾਸੀ ਲਈ ਥਾਂ ਹੀ ਤਿਆਰ ਨਹੀਂ ਕੀਤੀ ਹੈ। ਪੰਜਾਬ ਸਰਕਾਰ ਦੇ ਜਲ ਸਰੋਤ ਵਿਭਾਗ ਨੇ ਪੰਜਾਬ ਭਰ ਦੀਆਂ ਡ੍ਰੇਨਾਂ ਦੀ ਸਫ਼ਾਈ ਲਈ ਟੈਂਡਰ ਤਾਂ ਜ਼ਰੂਰ ਜਾਰੀ ਕੀਤੇ ਹਨ ਪਰ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਇਹ ਟੈਂਡਰ ਹੁਣ ਤੱਕ ਖੋਲ੍ਹੇ ਨਹੀਂ ਗਏ ਹਨ। ਜਿਸ ਕਾਰਨ ਜੁਲਾਈ ਦੇ ਪਹਿਲੇ ਹਫ਼ਤੇ ਤੱਕ ਵੀ ਪੰਜਾਬ ਵਿੱਚ ਡ੍ਰੇਨਾਂ ਦੀ ਸਫ਼ਾਈ ਦਾ ਕੰਮ ਸ਼ੁਰੂ ਹੋਣਾ ਤਾਂ ਦੂਰ ਹੁਣ ਤੱਕ ਠੇਕੇਦਾਰਾਂ ਨੂੰ ਕੰਮ ਅਲਾਟ ਵੀ ਨਹੀਂ ਹੋਇਆ ਹੈ।
ਜਾਣਕਾਰੀ ਅਨੁਸਾਰ ਮਾਨਸੂਨ ਤੋਂ ਪਹਿਲਾਂ ਹਰ ਸਾਲ ਹੀ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਪੈਣ ਵਾਲੀ ਹਰ ਛੋਟੀ ਵੱਡੀ ਡ੍ਰੇਨ ਦੀ ਸਫ਼ਾਈ ਕਰਵਾਈ ਜਾਂਦੀ ਹੈ ਤਾਂ ਕਿ ਮਾਨਸੂਨ ਦੌਰਾਨ ਆਉਣ ਵਾਲੇ ਤੇਜ਼ ਮੀਂਹ ਦੇ ਨਾਲ ਹੀ ਹਿਮਾਚਲ ਵਿੱਚੋਂ ਆਉਣ ਵਾਲੇ ਪਾਣੀ ਦੇ ਬਹਾਅ ਨੂੰ ਕੰਟਰੋਲ ਵਿੱਚ ਕੀਤਾ ਜਾ ਸਕੇ। ਹਮੇਸ਼ਾ ਹੀ ਇਸ ਕੰਮ ਨੂੰ ਜੂਨ ਮਹੀਨੇ ਤੱਕ ਹੀ ਨਿਪਟਾਇਆ ਜਾਂਦਾ ਹੈ ਤਾਂ ਕਿ ਜੁਲਾਈ ਦੇ ਪਹਿਲੇ ਹਫ਼ਤੇ ਮਾਨਸੂਨ ਪੰਜਾਬ ਅਤੇ ਹਿਮਾਚਲ ਵਿੱਚ ਪੁੱਜਣ ਤੋਂ ਬਾਅਦ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਪੰਜਾਬ ਦੇ ਲੋਕਾਂ ਨੂੰ ਨਾ ਹੋਵੇ। (Drains of Punjab)
ਪਿਛਲੇ ਸਾਲ ਦੇ ਹੜ੍ਹਾਂ ਦੌਰਾਨ ਹੋਇਆ ਸੀ ਭਾਰੀ ਨੁਕਸਾਨ, ਇਸ ਵਾਰ ਵੀ ਲੇਟ ਕਰ ਦਿੱਤੇ ਟੈਂਡਰ
ਪੰਜਾਬ ਵਿੱਚ ਡ੍ਰੇਨ ਅਤੇ ਦਰਿਆਵਾਂ ਦੀ ਸਫ਼ਾਈ ਦਾ ਜਿੰਮਾ ਜਲ ਸਰੋਤ ਵਿਭਾਗ ਦਾ ਰਹਿੰਦਾ ਹੈ ਅਤੇ ਹਰ ਸਾਲ ਹੀ ਵਿਭਾਗ ਵੱਲੋਂ ਟੈਂਡਰ ਜਾਰੀ ਕਰਦੇ ਹੋਏ ਸਫ਼ਾਈ ਕਰਵਾਈ ਜਾਂਦੀ ਹੈ। ਇਸ ਸਾਲ ਵੀ ਜਲ ਸਰੋਤ ਵਿਭਾਗ 100 ਤੋਂ ਜ਼ਿਆਦਾ ਟੈਂਡਰ ਜਾਰੀ ਕੀਤੇ ਗਏ ਹਨ ਤਾਂ ਕਿ ਇਨ੍ਹਾਂ ਡੇ੍ਰਨ ਵਿੱਚੋਂ ਸਫ਼ਾਈ ਕਰਵਾਈ ਜਾ ਸਕੇ ਪਰ ਹੈਰਾਨਗੀ ਵਾਲੀ ਗੱਲ ਹੈ ਇਹ ਕਿ ਇਨ੍ਹਾਂ ਟੈਂਡਰਾਂ ਰਾਹੀਂ ਜੂਨ ਵਿੱਚ ਕੰਮ ਕਰਵਾਉਣ ਦੀ ਥਾਂ ’ਤੇ ਜਲ ਸਰੋਤ ਵਿਭਾਗ ਵੱਲੋਂ ਜੁਲਾਈ ਦੇ ਪਹਿਲੇ ਤੇ ਦੂਜੇ ਹਫ਼ਤੇ ਟੈਂਡਰ ਖੋਲ੍ਹਣ ਦੀ ਤਾਰੀਖ ਰੱਖੀ ਗਈ ਹੈ ਅਤੇ ਇਸ ਤੋਂ ਬਾਅਦ ਟੈਂਡਰ ਨੂੰ ਅਲਾਟ ਕੀਤਾ ਜਾਵੇਗਾ। ਇਥੇ ਹੈਰਾਨਗੀ ਵਾਲੀ ਗੱਲ ਹੈ ਕਿ ਜਦੋਂ ਟੈਂਡਰ ਅਲਾਟ ਕੀਤੇ ਜਾਣਗੇ, ਉਸ ਸਮੇਂ ਤੱਕ ਮਾਨਸੂਨ ਵੱਲੋਂ ਪੰਜਾਬ ਵਿੱਚ ਤਬਾਹੀ ਤੱਕ ਮਚਾ ਦਿੱਤੀ ਜਾਵੇਗੀ।
Also Read : Physical Exertion: ਸਰੀਰਕ ਮਿਹਨਤ ਦਾ ਘਟਣਾ ਚਿੰਤਾਜਨਕ
ਇਸ ਲੇਟ ਲਤੀਫ਼ੀ ਬਾਰੇ ਜਲ ਸਰੋਤ ਵਿਭਾਗ ਦੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨਾਲ ਸੰਪਰਕ ਕਰਨ ਦੀ ਕੋਸ਼ਸ਼ ਕੀਤੀ ਗਈ ਤਾਂ ਦੋਵੇਂ ਵਾਰ ਉਨ੍ਹਾਂ ਦੇ ਪੀਏ ਵੱਲੋਂ ਫੋਨ ਚੁੱਕਦੇ ਹੋਏ ਕਿਹਾ ਗਿਆ ਕਿ ਉਹ ਜਲੰਧਰ ਚੋਣ ਵਿੱਚ ਰੁੱਝੇ ਹੋਏ ਹਨ ਅਤੇ ਇਸ ਸਮੇਂ ਗੱਲ ਨਹੀਂ ਕਰ ਸਕਦੇ।
ਪਿਛਲੇ ਸਾਲ ਹੋਈਆਂ ਸਨ 40 ਤੋਂ ਜ਼ਿਆਦਾ ਮੌਤਾਂ, ਡੁੱਬ ਗਏ ਸਨ ਸੈਂਕੜੇ ਪਿੰਡ
ਪਿਛਲੇ ਸਾਲ ਪੰਜਾਬ ਵਿੱਚ ਜੁਲਾਈ ਦੇ ਦੂਜੇ ਹਫ਼ਤੇ ਮਾਨਸੂਨ ਦੇ ਮੀਂਹ ਕਰਕੇ ਆਏ ਹੜ੍ਹ ਦੌਰਾਨ 40 ਤੋਂ ਜ਼ਿਆਦਾ ਮੌਤਾਂ ਹੋ ਗਈਆ ਸਨ ਤਾਂ ਸੈਂਕੜੇ ਪਿੰਡ ਤੱਕ ਹੜ੍ਹ ਵਿੱਚ ਡੁੱਬ ਗਏ ਸਨ, ਜਿਸ ਕਾਰਨ ਕਈ ਪਿੰਡਾਂ ਵਿੱਚ 8 ਤੋਂ 10 ਦਿਨ ਸਿਰਫ਼ ਪਾਣੀ ਨੂੰ ਹੀ ਨਿਕਲਣ ਵਿੱਚ ਲੱਗ ਗਏ ਸਨ। ਉਸ ਸਮੇਂ ਵੀ ਇਹ ਤਬਾਹੀ ਸਮਾਂ ਰਹਿੰਦੇ ਹੋਏ ਡ੍ਰੇਨ ਦੀ ਸਫ਼ਾਈ ਨਹੀਂ ਹੋਣ ਕਰਕੇ ਹੀ ਹੋਈ ਸੀ ਅਤੇ ਸਰਕਾਰ ਵਿੱਚ ਬੈਠੇ ਅਧਿਕਾਰੀਆਂ ਵੱਲੋਂ ਵੀ ਅਹਿਸਾਸ ਕੀਤਾ ਗਿਆ ਸੀ ਕਿ ਅਗਲੇ ਸਾਲ ਇਹ ਕੰਮ ਸਮਾਂ ਤੋਂ ਪਹਿਲਾਂ ਹੀ ਕੀਤਾ ਜਾਣਾ ਚਾਹੀਦਾ ਹੈ ਪਰ ਇਸ ਵਾਰ ਵੀ ਪੰਜਾਬ ਸਰਕਾਰ ਕਾਫ਼ੀ ਜ਼ਿਆਦਾ ਲੇਟ ਹੁੰਦੀ ਨਜ਼ਰ ਆ ਰਹੀ ਹੈ।
ਪੰਜਾਬ ਦੇ ਲੋਕਾਂ ਨੂੰ ਭੁਗਤਣੀ ਪੈ ਸਕਦੀ ਐ ਵਿਭਾਗ ਦੀ ਲਾਪਰਵਾਹੀ
ਜਲ ਸਰੋਤ ਵਿਭਾਗ ਦੇ ਅਧਿਕਾਰੀਆਂ ਦੀ ਇਹ ਵੱਡੀ ਲਾਪਰਵਾਹੀ ਕਾਰਨ ਪੰਜਾਬ ਦੇ ਲੋਕਾਂ ਨੂੰ ਇਸ ਵਾਰ ਫਿਰ ਭੁਗਤਣਾ ਪੈ ਸਕਦਾ ਹੈ, ਕਿਉਂਕਿ ਇਸ ਵਾਰ ਵੀ ਮੌਸਮ ਵਿਭਾਗ ਅਨੁਸਾਰ ਪੰਜਾਬ ਅਤੇ ਹਿਮਾਚਲ ਵਿੱਚ ਮਾਨਸੂਨ ਕਾਫ਼ੀ ਜ਼ਿਆਦਾ ਸਰਗਰਮ ਰਹੇਗਾ। ਇਹੋ ਜਿਹੀ ਸਥਿਤੀ ਵਿੱਚ ਪਾਣੀ ਦੀ ਨਿਕਾਸੀ ਨਹੀਂ ਹੋਣ ਕਰਕੇ ਜੇਕਰ ਇਸ ਵਾਰ ਵੀ ਪਾਣੀ ਨੇ ਤਬਾਹੀ ਮਚਾਈ ਤਾਂ ਇਸ ਦਾ ਨੁਕਸਾਨ ਪੰਜਾਬ ਦੇ ਲੋਕਾਂ ਨੂੰ ਹੀ ਹੋਣਾ ਹੈ।