ਸੈਮੀਫਾਈਨਲ ਦੀ ਦੌੜ ਦਾ ਅੱਜ ਆਖਿਰੀ ਪੜਾਅ
- ਇੱਕਰੋਜ਼ਾ ਵਿਸ਼ਵ ਕੱਪ ਦੇ ਫਾਈਨਲ ’ਚ ਭਾਰਤ ਨੂੰ ਅਸਟਰੇਲੀਆ ਨੇ ਹਰਾਇਆ ਸੀ
ਸਪੋਰਟਸ ਡੈਸਕ। ਅੱਜ ਟੀ20 ਵਿਸ਼ਵ ਕੱਪ ਦੇ 11ਵੇਂ ਸੁਪਰ-8 ਮੁਕਾਬਲਾ ਭਾਰਤ ਤੇ ਅਸਟਰੇਲੀਆ ਵਿਚਕਾਰ ਸੇਂਟ ਲੁਸੀਆ ’ਚ ਖੇਡਿਆ ਜਾਣਾ ਹੈ। ਮੈਚ ਭਾਰਤੀ ਸਮੇਂ ਮੁਤਾਬਕ ਰਾਤ 8 ਵਜੇ ਤੋਂ ਖੇਡਿਆ ਜਾਵੇਗਾ, ਜਦਕਿ ਟਾਸ 7:30 ਵਜੇ ਹੋਵੇਗਾ। ਉੱੱਧਰ ਸੇਂਟ ਲੁਸੀਆ ’ਚ ਹੁਣ ਸੰਘਣੇ ਬੱਦਲ ਛਾਏ ਹੋਏ ਹਨ। ਮੌਸਮ ਵਿਭਾਗ ਮੁਤਾਬਕ ਮੈਚ ਦੌਰਾਨ 50 ਫੀਸਦੀ ਮੀਂਹ ਪੈ ਸਕਦਾ ਹੈ ਤੇ 85 ਫੀਸਦੀ ਅਸਮਾਨ ’ਚ ਬੱਦਲ ਛਾਏ ਹੋਏ ਹਨ। ਜੇਕਰ ਮੈਚ ਰੱਦ ਹੁੰਦਾ ਹੈ ਤਾਂ ਅਸਟਰੇਲੀਆ ਤੇ ਭਾਰਤ ਨੂੰ 1-1 ਅੰਕ ਮਿਲਣਗੇ। ਭਾਰਤ ਗਰੁੱਪ-1 ’ਚ ਟਾਪ ’ਤੇ ਫਿਨਿਸ਼ ਕਰੇਗਾ। ਜਦਕਿ ਅਸਟਰੇਲੀਆ ਦੇ 3 ਅੰਕ ਹੋ ਜਾਣਗੇ। ਅਜਿਹੇ ’ਚ ਅਫਗਾਨਿਸਤਾਨ ਨੂੰ ਸੈਮੀਫਾਈਨਲ ’ਚ ਪਹੁੰਚਣ ਲਈ ਬੰਗਲਾਦੇਸ਼ ਤੋਂ ਮੈਚ ਜਿੱਤਣਾ ਹੋਵੇਗਾ।
ਟੀ20 ’ਚ ਦੁਨੀਆਂ ਦੀ ਟਾਪ-2 ਟੀਮ ਭਾਰਤ ਤੇ ਅਸਟਰੇਲੀਆ ਵਿਚਕਾਰ ਟੀ20 ਵਿਸ਼ਵ ਕੱਪ ਸੁਪਰ-8 ਦਾ ਮਹਾਮੁਕਾਬਲਾ ਅੱਜ ਸੇਂਟ ਲੂਸਿਆ ’ਚ ਰਾਤ 8 ਵਜੇ ਤੋਂ ਖੇਡਿਆ ਜਾਵੇਗਾ। ਇਸ ਮੁਕਾਬਲੇ ’ਤੇ ਗਰੁੱਪ-1 ਦੀਆਂ ਸਾਰੀਆਂ ਟੀਮਾਂ ਦੀਆਂ ਨਜ਼ਰਾ ਟਿਕੀਆਂ ਹੋਈਆਂ ਹਨ। ਭਾਰਤੀ ਟੀਮ ਕੋਲ 2023 ’ਚ ਇੱਕਰੋਜ਼ਾ ਵਿਸ਼ਵ ਕੱਪ ਦੇ ਫਾਈਨਲ ’ਚ ਆਪਣੇ ਹੀ ਘਰ ’ਚ ਮਿਲੀ ਹਾਰ ਦਾ ਬਦਲਾ ਲੈਣ ਦਾ ਵਧੀਆ ਮੌਕਾ ਹੈ। ਟੀਮ ਇਸ ਵਿਸ਼ਵ ਕੱਪ ’ਚ ਅਸਟਰੇਲੀਆ ਨੂੰ ਹਰਾ ਕੇ ਉਸ ਦੀ ਸੈਮੀਫਾਈਨਲ ’ਚ ਪਹੁੰਚਣ ਦੀ ਰਾਹ ਮੁਸ਼ਕਲ ਕਰ ਸਕਦੀ ਹੈ। ਰਿਕਾਰਡ ਦੀ ਭਾਰਤੀ ਟੀਮ ਦੇ ਪੱਖ ’ਚ ਹਨ। (IND vs AUS)
ਅਸਟਰੇਲੀਆ ਨੇ ਭਾਰਤ ਨੂੰ 12 ਸਾਲਾਂ ਬਾਅਦ ਟਰਾਫੀ ਜਿੱਤਣ ਦਾ ਸੁਪਨਾ ਤੋੜਿਆ ਸੀ
ਜ਼ਿਕਰਯੋਗ ਹੈ ਕਿ 19 ਨਵੰਬਰ 2023, 12 ਸਾਲਾਂ ਬਾਅਦ ਇੱਕਰੋਜ਼ਾ ਵਿਸ਼ਵ ਕੱਪ ਦੀ ਟਰਾਫੀ ਤੋਂ ਭਾਰਤ ਬਸ ਇੱਕ ਕਦਮ ਹੀ ਦੂਰ ਸੀ। ਟੂਰਨਾਮੈਂਟ ’ਚ ਅਜੇਤੂ ਭਾਰਤੀ ਟੀਮ ਨੂੰ ਇੱਕ ਆਖਿਰੀ ਮੁਕਾਬਲਾ ਅਸਟਰੇਲੀਆ ਨੂੰ ਹਰਾ ਕੇ ਖਿਤਾਬ ਆਪਣੇ ਨਾਂਅ ਕਰਨਾ ਸੀ। ਸਟੇਡੀਅਮ ’ਚ ਹਰ ਪਾਸੇ ਸਿਰਫ ਭਾਰਤੀ ਫੈਂਸ ਹੀ ਨਜ਼ਰ ਆ ਰਹੇ ਸਨ। ਅਸਟਰੇਲੀਆ ਨੇ ਟਾਸ ਜਿੱਤਿਆ ਤੇ ਗੇਂਦਬਾਜ਼ੀ ਦਾ ਫੈਸਲਾ ਕੀਤਾ। ਪਹਿਲਾਂ ਸ਼ੁਭਮਨ ਗਿੱਲ, ਫਿਰ ਕਪਤਾਨ ਰੋਹਿਤ ਸ਼ਰਮਾ ਤੇ ਫਿਰ ਸ਼੍ਰੇਅਸ ਅਈਅਰ ਦੀਆਂ ਵਿਕਟਾਂ ਜਲਦੀ ਗੁਆ ਦਿੱਤੀਆਂ ਸਨ।
ਟੂਰਨਾਮੈਂਟ ਦੇ ਟਾਪ ਸਕੋਰਰ ਵਿਰਾਟ ਕੋਹਲੀ ਕ੍ਰੀਜ ’ਤੇ ਸਨ ਇਸ ਲਈ ਵੱਡਾ ਸਕੋਰ ਬਣਨ ਦੀ ਉਮੀਦ ਸੀ। ਪਰ ਟੀਮ ਦੇ 148 ਦੌੜਾਂ ਦੇ ਸਕੋਰ ’ਤੇ ਪੈਟ ਕਮਿੰਸ ਨੇ ਵਿਰਾਟ ਨੂੰ ਬੋਲਡ ਕਰ ਦਿੱਤਾ ਤੇ ਸਟੇਡੀਅਮ ਸ਼ਾਂਤ ਹੋ ਗਿਆ। ਪਰ ਕੇਅੱੈਲ ਰਾਹੁਲ ਦੀ 67 ਦੌੜਾਂ ਦੀ ਪਾਰੀ ਨੇ ਟੀਮ ਨੂੰ 240 ਤੱਕ ਪਹੁੰਚਿਆ। ਜਵਾਬ ’ਚ ਉੱਤਰੀ ਅਸਟਰੇਲੀਆ ਨੇ 7 ਓਵਰਾਂ ’ਚ ਤਿੰਨ ਵਿਕਟਾਂ ਗੁਆ ਦਿੱਤੀਆਂ। ਸਟੇਡੀਅਮ ’ਚ ਫਿਰ ਤੋਂ ਭਾਰਤ ਫੈਂਸ ਗੁੰਜਣ ਲੱਗੇ। ਪਰ ਟ੍ਰੈਵਿਸ ਹੈੱਡ ਨੇ ਛੱਕੇ ਚੌਕੇ ਮਾਰਨੇ ਸ਼ੁਰੂ ਕਰ ਦਿੱਤੇ ਤੇ ਉਹ ਰੂਕੇ ਹੀ ਨਹੀਂ। ਉਨ੍ਹਾਂ ਨੇ ਸੈਂਕੜੇ ਵਾਲੀ ਪਾਰੀ ਖੇਡੀ ਤੇ ਅਸਟਰੇਲੀਆ ਨੇ 6 ਵਿਕਟਾਂ ਗੁਆ ਕੇ ਮੈਚ ’ਤੇ ਟਰਾਫੀ ਦੋਵੇਂ ਆਪਣੇ ਨਾਂਅ ਕਰ ਲਏ। (IND vs AUS)
ਮੈਚ ਸਬੰਧੀ ਜਾਣਕਾਰੀ | IND vs AUS
- ਟੂਰਨਾਮੈਂਟ : ਟੀ20 ਪੁਰਸ਼ ਵਿਸ਼ਵ ਕੱਪ 2024
- ਸੁਪਰ-8 : ਭਾਰਤ ਬਨਾਮ ਅਸਟਰੇਲੀਆ
- ਮਿਤੀ : 24 ਜੂਨ
- ਸਟੇਡੀਅਮ : ਡੈਰੇਨ ਸੈਮੀ ਸਟੇਡੀਅਮ, ਸੇਂਟ ਲੂਸਿਆ
- ਸਮਾਂ : ਟਾਸ ਰਾਤ 7:30 ਵਜੇ, ਮੈਚ ਸ਼ੁਰੂ : ਰਾਤ 8:00 ਵਜੇ
ਕੰਗਾਰੂਆਂ ’ਤੇ ਭਾਰਤੀ ਟੀਮ ਦਾ ਪੱਲਾ ਭਾਰੀ | IND vs AUS
ਟੀ20 ਵਿਸ਼ਵ ਕੱਪ ’ਚ ਦੋਵਾਂ ਟੀਮਾਂ ਵਿਚਕਾਰ ਅੱਜ ਤੱਕ ਕੁਲ 5 ਮੈਚ ਖੇਡੇ ਗਏ ਹਨ। ਜਿਸ ਵਿੱਚੋਂ 3 ਭਾਰਤੀ ਟੀਮ ਨੇ ਜਿੱਤੇ ਹਨ ਜਦਕਿ 2 ਮੈਚਾਂ ’ਚ ਕੰਗਾਰੂਆਂ ਨੂੰ ਜਿੱਤ ਮਿਲੀ ਹੈ। ਕੁਲ ਮਿਲਾ ਕੇ ਵਿਸ਼ਵ ਕੱਪ ’ਚ ਭਾਰਤੀ ਟੀਮ ਦਾ ਪੱਲਾ ਭਾਰੀ ਹੈ। ਜੇਕਰ ਟੀ20 ਕੌਮਾਂਤਰੀ ਕ੍ਰਿਕੇਟ ਰਿਕਾਰਡ ਦੀ ਗੱਲ ਕਰੀਏ ਤਾਂ ਉਸ ਵਿੱਚ ਵੀ ਭਾਰਤ ਦਾ ਪੱਲਾ ਭਾਰੀ ਰਿਹਾ ਹੈ। ਭਾਰਤ ਤੇ ਅਸਟਰੇਲੀਆ ਵਿਚਕਾਰ 31 ਮੁਕਾਬਲੇ ਖੇਡੇ ਗਏ ਹਨ ਜਿਸ ਵਿੱਚੋਂ ਭਾਰਤ ਨੇ 19 ਮੈਚ ਜਿੱਤੇ ਹਨ, ਜਦਕਿ ਅਸਟਰੇਲੀਆ ਸਿਰਫ 11 ਮੈਚ ਹੀ ਜਿੱਤ ਸਕਿਆ ਹੈ।
ਇਹ ਵੀ ਪੜ੍ਹੋ : West Indies vs South Africa: ਮੇਜ਼ਬਾਨ ਵੈਸਟਇੰਡੀਜ਼ ਟੂਰਨਾਮੈਂਟ ਤੋਂ ਬਾਹਰ, ਦੱਖਣੀ ਅਫਰੀਕਾ ਨੇ ਕਟਾਈ ਸੈਮੀਫਾਈਨਲ ਦੀ ਟਿਕਟ
ਪਿਛਲਾ ਮੁਕਾਬਲਾ : ਭਾਰਤ ਨੇ ਉਹ ਮੈਚ 6 ਦੌੜਾਂ ਨਾਲ ਜਿੱਤਿਆ ਸੀ
ਭਾਰਤ ਤੇ ਅਸਟਰੇਲੀਆ ਵਿਚਕਾਰ ਆਖਰੀ ਟੀ-20 ਮੈਚ 3 ਦਸੰਬਰ 2023 ਨੂੰ ਬੈਂਗਲੁਰੂ ਵਿੱਚ ਖੇਡਿਆ ਗਿਆ ਸੀ। ਭਾਰਤ ਨੇ ਇਹ ਮੈਚ 6 ਦੌੜਾਂ ਨਾਲ ਜਿੱਤਿਆ ਤੇ 5 ਮੈਚਾਂ ਦੀ ਸੀਰੀਜ ਵੀ 4-1 ਨਾਲ ਜਿੱਤ ਲਈ ਸੀ। ਇਸ ਮੈਚ ’ਚ ਭਾਰਤ ਨੇ ਪਹਿਲਾਂ ਬੱਲੇਬਾਜੀ ਕਰਦੇ ਹੋਏ 8 ਵਿਕਟਾਂ ਗੁਆ ਕੇ 160 ਦੌੜਾਂ ਬਣਾਈਆਂ ਸਨ। ਜਵਾਬ ’ਚ ਅਸਟਰੇਲੀਆ 20 ਓਵਰਾਂ ’ਚ 154 ਦੌੜਾਂ ਹੀ ਬਣਾ ਸਕਿਆ। ਅਰਸ਼ਦੀਪ ਸਿੰਘ ਨੇ ਉਸ ਮੈਚ ਵਿੱਚ ਵੀ ਦੋ ਵਿਕਟਾਂ ਲਈਆਂ ਸਨ ਅਤੇ ਆਖਰੀ ਓਵਰ ਵਿੱਚ 10 ਦੌੜਾਂ ਦਾ ਬਚਾਅ ਕੀਤਾ ਸੀ।
ਟਾਸ ਅਤੇ ਪਿੱਚ ਦੀ ਭੂਮਿਕਾ : ਇੱਥੇ ਹੁਣ ਤੱਕ 22 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਗਏ ਹਨ, ਜਿਨ੍ਹਾਂ ਵਿੱਚ 12 ਟੀਮਾਂ ਨੇ ਪਹਿਲਾਂ ਬੱਲੇਬਾਜੀ ਕੀਤੀ ਅਤੇ 10 ਵਿੱਚ ਪਿੱਛਾ ਕਰਨ ਵਾਲੀਆਂ ਟੀਮਾਂ ਜਿੱਤੀਆਂ। 18 ਜੂਨ ਨੂੰ ਵੈਸਟਇੰਡੀਜ ਤੇ ਅਫਗਾਨਿਸਤਾਨ ਵਿਚਾਲੇ ਹੋਏ ਮੈਚ ’ਚ ਇਸ ਸਟੇਡੀਅਮ ’ਚ ਪਹਿਲੀ ਵਾਰ 200 ਤੋਂ ਉਪਰ ਦਾ ਸਕੋਰ ਬਣਿਆ। ਇਸ ਸਟੇਡੀਅਮ ’ਤੇ ਗੇਂਦਬਾਜ ਸਿਰਫ 8.00 ਦੀ ਆਰਥਿਕਤਾ ’ਤੇ ਦੌੜਦੇ ਹਨ। ਗਤੀ ਦੇ ਨਾਲ-ਨਾਲ ਸਪਿਨ ਗੇਂਦਬਾਜਾਂ ਨੂੰ ਵੀ ਕਾਫੀ ਵਿਕਟਾਂ ਮਿਲ ਜਾਂਦੀਆਂ ਹਨ। ਇਸ ਵਿਸ਼ਵ ਕੱਪ ਦੇ ਆਧਾਰ ’ਤੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜੀ ਕਰਨਾ ਚੰਗਾ ਹੋ ਸਕਦਾ ਹੈ।
ਮੈਚ ਦਾ ਮਹੱਤਵ : ਜਿੱਤ ਨਾਲ ਸੁਪਰ-8 ਵਿੱਚ ਸਿਖਰ ’ਤੇ ਪਹੁੰਚਣਾ ਚਾਹੇਗਾ ਭਾਰਤ | IND vs AUS
ਭਾਰਤ 4 ਅੰਕਾਂ ਨਾਲ ਗਰੁੱਪ-1 ’ਚ ਚੋਟੀ ’ਤੇ ਹੈ। ਇਸ ਜਿੱਤ ਨਾਲ ਸੈਮੀਫਾਈਨਲ ’ਚ ਭਾਰਤ ਦੀ ਟਿਕਟ ਪੱਕੀ ਹੋ ਜਾਵੇਗੀ। ਅਸਟਰੇਲੀਆ ਦੀ ਪੁਸ਼ਟੀ ਅਫਗਾਨਿਸਤਾਨ ਤੇ ਬੰਗਲਾਦੇਸ਼ ਦੇ ਮੈਚ ’ਤੇ ਟਿਕੀ ਹੋਈ ਹੈ। ਜੇਕਰ ਅਸਟਰੇਲੀਆ ਹਾਰਦਾ ਹੈ ਤੇ ਅਫਗਾਨਿਸਤਾਨ ਆਪਣਾ ਆਖਰੀ ਮੈਚ ਜਿੱਤ ਜਾਂਦਾ ਹੈ ਤਾਂ ਕੰਗਾਰੂ ਟੀਮ ਟੀ-20 ਵਿਸ਼ਵ ਕੱਪ ਤੋਂ ਬਾਹਰ ਹੋ ਜਾਵੇਗੀ। ਇਸ ਦੇ ਨਾਲ ਹੀ ਜੇਕਰ ਉਹ ਜਿੱਤ ਵੀ ਜਾਂਦੀ ਹੈ ਤਾਂ ਉਸ ਨੂੰ ਬੰਗਲਾਦੇਸ਼ ਤੇ ਅਫਗਾਨਿਸਤਾਨ ਵਿਚਕਾਰ ਹੋਣ ਵਾਲੇ ਮੈਚ ’ਤੇ ਨਿਰਭਰ ਰਹਿਣਾ ਹੋਵੇਗਾ।
ਟੀ-20 ਵਿਸ਼ਵ ਕੱਪ 2024 ’ਚ ਅਰਸਦੀਪ ਤੀਜੇ ਨੰਬਰ ’ਤੇ ਵਿਕਟ ਲੈਣ ਵਾਲੇ ਗੇਂਦਬਾਜ, ਟ੍ਰੈਵਿਸ ਹੈੱਡ ਵੀ ਫਾਰਮ ’ਚ | IND vs AUS
ਟੀ20 ਵਿਸ਼ਵ ਕੱਪ ’ਚ ਭਾਰਤੀ ਟੀਮ ਨੇ ਅਰਸ਼ਦੀਪ ਸਿੰਘ ਜੋ ਤੇਜ਼ ਗੇਂਦਬਾਜ਼ ਹਨ, ਉਹ ਇਸ ਵਿਸ਼ਵ ਕੱਪ ’ਚ ਤੀਜੇ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਗੇਂਦਬਾਜ਼ ਹਨ। ਅਰਸ਼ਦੀਪ ਸਿੰਘ ਨੇ ਇਸ ਵਿਸ਼ਵ ਕੱਪ ’ਚ 12 ਵਿਕਟਾਂ ਲਈਆਂ ਹਨ ਤੇ ਉਨ੍ਹਾਂ ਨੇ ਅਮਰੀਕਾ ਖਿਲਾਫ ਨਿਊਯਾਰਕ ’ਚ ਹੋਏ ਮੁਕਾਬਲੇ ਦੌਰਾਨ ਸਿਰਫ 9 ਦੌੜਾਂ ਦੇ ਕੇ 4 ਵਿਕਟਾਂ ਲਈਆਂ ਸਨ, ਉੱਧਰੋ ਅਸਟਰੇਲੀਆ ਦੇ ਟ੍ਰੈਵਿਸ ਹੈੱਡ ਵੀ ਫਾਰਮ ’ਚ ਹਨ। ਟ੍ਰੈਵਿਸ ਹੈੱਡ ਨੇ ਇਸ ਵਿਸ਼ਵ ਕੱਪ ’ਚ 179 ਦੌੜਾਂ ਬਣਾਇਆਂ ਹਨ।
ਖਿਡਾਰੀਆਂ ’ਤੇ ਨਜ਼ਰਾਂ…. | IND vs AUS
ਅਸਟਰੇਲੀਆ ਖਿਲਾਫ ਜਸਪ੍ਰੀਤ ਬੁਮਰਾਹ ਦਾ ਰਿਕਾਰਡ ਸ਼ਾਨਦਾਰ
- ਰਿਸ਼ਭ ਪੰਤ : ਭਾਰਤ ਦੇ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ ਇਸ ਵਿਸ਼ਵ ਕੱਪ ’ਚ। ਉਨ੍ਹਾਂ ਨੇ 5 ਮੈਚਾਂ ’ਚ 152 ਦੌੜਾਂ ਬਣਾਈਆਂ ਹਨ। ਉਨ੍ਹਾਂ ਦੀ ਪਾਕਿਸਤਾਨ ਖਿਲਾਫ 42 ਦੌੜਾਂ ਦੀ ਅਹਿਮ ਪਾਰੀ ਸੀ। ਪਿਛਲੇ ਮੈਚ ’ਚ ਉਨ੍ਹਾਂ ਨੇ ਬੰਗਲਾਦੇਸ਼ ਖਿਲਾਫ 36 ਦੌੜਾਂ ਦੀ ਪਾਰੀ ਖੇਡੀ ਸੀ। (IND vs AUS)
- ਜਸਪ੍ਰੀਤ ਬੁਮਰਾਹ : ਭਾਰਤ ਦੇ ਦੂਜੇ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਗੇਂਦਬਾਜ ਹਨ। ਉਨ੍ਹਾਂ ਨੇ 5 ਮੈਚਾਂ ’ਚ 10 ਵਿਕਟਾਂ ਲਈਆਂ ਹਨ। ਪਾਕਿਸਤਾਨ ਖਿਲਾਫ ਬੁਮਰਾਹ ਨੇ 7 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ ਸਨ ਤੇ ਭਾਰਤ ਨੂੰ ਹਾਰਿਆ ਹੋਇਆ ਮੈਚ ਜਿੱਤਵਾਇਆ ਸੀ। ਬੁਮਰਾਹ ਨੇ ਅਸਟਰੇਲੀਆ ਖਿਲਾਫ ਖੇਡੇ ਗਏ 13 ਟੀ-20 ਮੈਚਾਂ ’ਚ 16 ਵਿਕਟਾਂ ਲਈਆਂ ਹਨ।
ਪਿਛਲੇ ਦੋ ਮੈਚਾਂ ’ਚ ਲਗਾਤਾਰ ਹੈਟ੍ਰਿਕ ਲੈ ਰਹੇ ਹਨ ਪੈਟ ਕੰਮਿਸ
- ਐਡਮ ਜੈਂਪਾ : ਵਿਸ਼ਵ ਕੱਪ ਦੇ ਇੱਕ ਹੀ ਐਡੀਸ਼ਨ ’ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਅਸਟਰੇਲੀਆਈ ਖਿਡਾਰੀ ਹਨ। ਉਨ੍ਹਾਂ 6 ਮੈਚਾਂ ਵਿੱਚ 13 ਵਿਕਟਾਂ ਲਈਆਂ ਤੇ ਸਿਰਫ 6.08 ਦੀ ਆਰਥਿਕਤਾ ਨਾਲ ਗੇਂਦਬਾਜੀ ਕੀਤੀ।
- ਪੈਟ ਕਮਿੰਸ : ਪਿਛਲੇ ਦੋ ਮੈਚਾਂ ’ਚ ਪੈਟ ਕਮਿੰਸ ਨੇ ਸ਼ਾਨਦਾਰ ਗੇਂਦਬਾਜੀ ਕੀਤੀ ਅਤੇ ਦੋ ਹੈਟ੍ਰਿਕ ਲਈਆਂ। ਉਹ ਟੂਰਨਾਮੈਂਟ ’ਚ ਅਜਿਹਾ ਕਰਨ ਵਾਲਾ ਪਹਿਲਾ ਖਿਡਾਰੀ ਬਣ ਗਿਆ ਹੈ। ਉਨ੍ਹਾਂ ਕੁੱਲ 4 ਮੈਚਾਂ ’ਚ 9 ਵਿਕਟਾਂ ਲਈਆਂ ਹਨ।
ਮੌਸਮ ਸਬੰਧੀ ਰਿਪੋਰਟ | IND vs AUS
ਵੈਸਟਇੰਡੀਜ਼ ’ਚ ਵੀ ਖੇਡੇ ਜਾਣ ਵਾਲੇ ਮੁਕਾਬਲਿਆਂ ’ਚ ਵੀ ਮੀਂਹ ਦਾ ਕਹਿਰ ਵੇਖਣ ਨੂੰ ਮਿਲ ਰਿਹਾ ਹੈ। ਸੇਂਟ ਲੂਸੀਆ ’ਚ ਮੈਚ ਦੌਰਾਨ ਮੀਂਹ ਪੈਣ ਦੀ ਸੰਭਾਵਨਾ 55 ਫੀਸਦੀ ਹੈ। 1 ਤੋਂ 2 ਘੰਟੇ ਤੱਕ ਮੀਂਹ ਪੈ ਸਕਦਾ ਹੈ। ਅਸਮਾਨ 80 ਫੀਸਦੀ ਤੱਕ ਬੱਦਲਵਾਈ ਰਹੇਗਾ। ਤਾਪਮਾਨ 27 ਤੋਂ 30 ਡਿਗਰੀ ਵਿਚਕਾਰ ਰਹੇਗਾ।
ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11 | IND vs AUS
ਭਾਰਤ : ਰੋਹਿਤ ਸ਼ਰਮਾ (ਕਪਤਾਨ), ਵਿਰਾਟ ਕੋਹਲੀ, ਰਿਸ਼ਭ ਪੰਤ, ਸੂਰਿਆਕੁਮਾਰ ਯਾਦਵ, ਸ਼ਿਵਮ ਦੂਬੇ, ਹਾਰਦਿਕ ਪੰਡਯਾ, ਅਕਸ਼ਰ ਪਟੇਲ, ਰਵਿੰਦਰ ਜਡੇਜਾ, ਅਰਸ਼ਦੀਪ ਸਿੰਘ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ।
ਅਸਟਰੇਲੀਆ : ਮਿਸ਼ੇਲ ਮਾਰਸ਼ (ਕਪਤਾਨ), ਡੇਵਿਡ ਵਾਰਨਰ, ਟ੍ਰੈਵਿਸ ਹੈੱਡ, ਗਲੇਨ ਮੈਕਸਵੈੱਲ, ਮਾਰਕਸ ਸਟੋਇਨਿਸ, ਟਿਮ ਡੇਵਿਡ, ਮੈਥਿਊ ਵੇਡ (ਵਿਕਟਕੀਪਰ), ਪੈਟ ਕਮਿੰਸ, ਨਾਥਨ ਐਲਿਸ, ਐਡਮ ਜੈਂਪਾ ਅਤੇ ਜੋਸ਼ ਹੇਜਲਵੁੱਡ।