ਲੁਧਿਆਣਾ ’ਚ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਹੋਈ ਯੂ.ਪੀ.ਐੱਸ.ਸੀ. ਦੀ ਪ੍ਰੀਖਿਆ

UPSC Exam
ਲੁਧਿਆਣਾ ਵਿਖੇ ਯੂ. ਪੀ. ਐੱਸ. ਸੀ. ਦੀ ਪ੍ਰੀਖਿਆ ਦੇਣ ਲਈ ਇੱਕ ਕੇਂਦਰ ’ਚ ਦਾਖਲ ਹੁੰਦੇ ਪ੍ਰੀਖਿਆਰਥੀ।

45 ਡਿਗਰੀ ਸੈਲਸੀਅਸ ਤਾਪਮਾਨ ਦਰਮਿਆਨ ਦੋ ਸੈਸ਼ਨਾਂ ’ਚ 6216 ਉਮੀਦਵਾਰਾਂ ਨੇ ਦਿੱਤੀ ਪ੍ਰੀਖਿਆ

(ਜਸਵੀਰ ਸਿੰਘ ਗਹਿਲ) ਲੁਧਿਆਣਾ। ਯੂ. ਪੀ. ਐੱਸ. ਸੀ. ਦੀ ਪ੍ਰੀਖਿਆ ਐਤਵਾਰ ਨੂੰ ਲੁਧਿਆਣਾ ਵਿਖੇ ਦੋ ਸੈਸ਼ਨਾਂ ਵਿੱਚ ਸ਼ਾਂਤੀਪੂਰਵਕ ਅਤੇ ਸੁਚਾਰੂ ਢੰਗ ਨਾਲ ਸਿਰੇ ਚੜ੍ਹੀ। ਜਿਸ ਦੇ ਲਈ ਬਣਾਏ ਗਏ 17 ਪ੍ਰੀਖਿਆ ਕੇਂਦਰਾਂ ਦੇ ਬਾਹਰ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਉਚੇਚੇ ਤੌਰ ’ਤੇ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। 45 ਡਿਗਰੀ ਸੈਲਸੀਅਸ ਤਾਪਮਾਨ ਦੇ ਦੌਰਾਨ ਯੂ. ਪੀ. ਐੱਸ. ਸੀ. ਦੀ ਪ੍ਰੀਖਿਆ ਦਿਵਾਉਣ ਲਈ ਬਹੁਤੇ ਮਾਪੇ ਆਪਣੇ ਬੱਚਿਆਂ ਨੂੰ ਪੀ੍ਰਖਿਆ ਕੇਂਦਰਾਂ ਤੱਕ ਖੁਦ ਛੱਡਣ ਪਹੁੰਚੇ ਜੋ ਪ੍ਰੀਖਿਆ ਸਮਾਪਤ ਹੋਣ ਤੱਕ ਪ੍ਰੀਖਿਆ ਕੇਂਦਰਾਂ ਦੇ ਬਾਹਰ ਆਪਣੇ ਬੱਚਿਆਂ ਦੇ ਆਉਣ ਦਾ ਇੰਤਜ਼ਾਰ ਕਰਦੇ ਰਹੇ। UPSC Exam

ਭਾਗ-1 ਵਿੱਚ 1521 ਪੁਰਸ਼, 1601 ਔਰਤਾਂ ਨੇ ਭਾਗ ਲਿਆ (UPSC Exam)

ਪ੍ਰਾਪਤ ਜਾਣਕਾਰੀ ਮੁਤਾਬਕ ਪਹਿਲਾ ਬੈਂਚ ਸਵੇਰੇ 9.30 ਵਜੇ ਤੋਂ 11.30 ਵਜੇ ਤੱਕ ਅਤੇ ਫਿਰ ਦੂਜੀ ਪ੍ਰੀਖਿਆ ਦੁਪਹਿਰ 2.30 ਵਜੇ ਤੋਂ 4.30 ਵਜੇ ਤੱਕ ਹੋਇਆ। ਭਾਗ-1 ਵਿੱਚ 1521 ਪੁਰਸ਼, 1601 ਔਰਤਾਂ ਨੇ ਭਾਗ ਲਿਆ ਅਤੇ 2448 ਉਮੀਦਵਾਰ ਗੈਰ-ਹਾਜ਼ਰ ਰਹੇ। ਭਾਗ-2 ਦੌਰਾਨ 1502 ਪੁਰਸ਼ ਅਤੇ 1592 ਔਰਤਾਂ ਨੇ ਪ੍ਰੀਖਿਆ ਵਿੱਚ ਭਾਗ ਲਿਆ। ਇਸ ਦੌਰਾਨ 2476 ਉਮੀਦਵਾਰ ਗੈਰ-ਹਾਜ਼ਰ ਰਹੇ।

ਪ੍ਰੀਖਿਆ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਪ੍ਰੀਖਿਆ ਕੇਂਦਰਾਂ ਦੇ ਬਾਹਰ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ। ਲੁਧਿਆਣਾ ਦੇ ਵੱਖ- ਵੱਖ ਕਾਲਜਾਂ ਅਤੇ ਸਕੂਲਾਂ ਵਿੱਚ ਬਣਾਏ ਗਏ 17 ਕੇਂਦਰਾਂ ਵਿੱਚ ਕੁੱਲ 5570 ਉਮੀਦਵਾਰਾਂ ਵਿੱਚੋਂ ਭਾਗ-1 ਵਿੱਚ 3122 ਅਤੇ ਭਾਗ-2 ਵਿੱਚ 3094 ਪ੍ਰੀਖਿਆਰਥੀਆਂ ਨੇ ਪ੍ਰੀਖਿਆ ਦਿੱਤੀ। ਪ੍ਰੀਖਿਆ ਦੇ ਮੱਦੇਨਜ਼ਰ ਹਰ ਪ੍ਰੀਖਿਆ ਕੇਂਦਰ ਦੇ ਬਾਹਰ ਧਾਰਾ 144 ਲਗਾ ਰੱਖੀ ਸੀ।

UPSC Exam
ਲੁਧਿਆਣਾ ਵਿਖੇ ਯੂ. ਪੀ. ਐੱਸ. ਸੀ. ਦੀ ਪ੍ਰੀਖਿਆ ਦੇਣ ਲਈ ਇੱਕ ਕੇਂਦਰ ’ਚ ਦਾਖਲ ਹੁੰਦੇ ਪ੍ਰੀਖਿਆਰਥੀ।

ਪ੍ਰੀਖਿਆਰਥੀਆਂ ਨੂੰ ਪੇਪਰ ਸ਼ੁਰੂ ਹੋਣ ਤੋਂ ਇੱਕ ਘੰਟਾ ਪਹਿਲਾਂ ਪ੍ਰੀਖਿਆ ਕੇਂਦਰ ਦੇ ਅੰਦਰ ਦਾਖਲ ਕੀਤਾ ਗਿਆ ਅਤੇ ਪੇਪਰ ਪੂਰਾ ਹੋਣ ਤੋਂ ਬਾਹਰ ਹੀ ਪ੍ਰੀਖਿਆ ਕੇਂਦਰਾਂ ਦੇ ਗੇਟ ਖੋਲ੍ਹੇ ਗਏ। ਇਸ ਦੌਰਾਨ ਪ੍ਰੀਖਿਆਰਥੀਆਂ ਨੂੰ ਆਪਣੇ ਨਾਲ ਮੋਬਾਈਲ, ਸਮਾਰਟ ਘੜੀ, ਹੈੱਡ ਫੋਨ ਆਦਿ ਲਿਜਾਣ ਦੀ ਇਜਾਜਤ ਨਹੀਂ ਦਿੱਤੀ ਗਈ। ਇੱਥੋਂ ਤੱਕ ਕਿ ਪੇਪਰ ਦੇਣ ਪਹੁੰਚੇ ਪ੍ਰੀਖਿਆਰਥੀਆਂ ਦੇ ਬੈਗ ਅਤੇ ਹੋਰ ਸਾਮਾਨ ਵੀ ਕੇਂਦਰ ਦੇ ਬਾਹਰ ਗੇਟ ’ਤੇ ਹੀ ਰਖਵਾ ਲਏ ਗਏ ਸਨ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਯੂ.ਪੀ.ਐੱਸ.ਸੀ. ਦੀ ਪ੍ਰੀਖਿਆਰ ਬਿਨ੍ਹਾਂ ਕਿਸੇ ਅੜਚਨ ਦੇ ਸਿਰੇ ਚੜ੍ਹ ਗਈ ਹੈ। ਉਨ੍ਹਾਂ ਦੱਸਿਆ ਕਿ ਦੋ ਸੈਸ਼ਨਾਂ ’ਚ ਹੋਈ ਇਸ ਪ੍ਰੀਖਿਆਰ ਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਦੀ ਤਰਫ਼ੋਂ ਉੱਚੇਚੇ ਪ੍ਰਬੰਧ ਕੀਤੇ ਗਏ ਸਨ। ਉਨ੍ਹਾਂ ਪ੍ਰੀਖਿਆ ਦੌਰਾਨ ਡਿਊਟੀ ਨਿਭਾਉਣ ਵਾਲੇ ਸਮੂਹ ਅਧਿਕਾਰੀਆਂ ਤੇ ਅਧਿਆਪਕਾਂ ਦਾ ਧੰਨਵਾਦ ਵੀ ਕੀਤਾ।