ਭਾਜਪਾ ਉਮੀਦਵਾਰ ਨੇ ਕਿਹਾ, ਨਹੀਂ ਦਿੱਤੀ ਹੈਲੀਕਾਪਟਰ ਲੈਂਡ ਕਰਨ ਦੀ ਇਜਾਜ਼ਤ
(ਸੁਖਜੀਤ ਮਾਨ) ਮਾਨਸਾ। ਲੋਕ ਸਭਾ ਚੋਣਾਂ ਸਬੰਧੀ ਅੱਜ ਮਾਨਸਾ ਵਿਖੇ ਕੇਂਦਰੀ ਮੰਤਰੀ ਸਿਮਰਤੀ ਇਰਾਨੀ (Smriti Irani) ਨੇ ਬਠਿੰਡਾ ਲੋਕ ਸਭਾ ਤੋਂ ਭਾਜਪਾ ਦੀ ਉਮੀਦਵਾਰ ਪਰਮਪਾਲ ਕੌਰ ਦੇ ਹੱਕ ਵਿੱਚ ਰੈਲੀ ਨੂੰ ਸੰਬੋਧਨ ਕਰਨਾ ਸੀ। ਇਸ ਰੈਲੀ ਵਿੱਚ ਪਹੁੰਚਣ ਪਹਿਲਾਂ ਹੀ ਸਿਮਰਤੀ ਇਰਾਨੀ ਦੇ ਹੈਲੀਕਾਪਟਰ ਨੂੰ ਉਤਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ, ਜਿਸ ਕਾਰਨ ਕੇਂਦਰੀ ਮੰਤਰੀ ਨੂੰ ਵਾਪਸ ਪਰਤਣਾ ਪਿਆ । ਭਾਜਪਾ ਉਮੀਦਵਾਰ ਸਾਬਕਾ ਆਈਏਐਸ ਅਧਿਕਾਰੀ ਪਰਮਪਾਲ ਕੌਰ ਨੇ ਇਸ ਨੂੰ ਪੰਜਾਬ ਸਰਕਾਰ ਦੀ ਸਾਜਿਸ਼ ਕਰਾਰ ਦਿੱਤਾ ਹੈ।
ਇਹ ਵੀ ਪੜ੍ਹੋ: ਪੰਜਾਬੀਆਂ ਨੂੰ ਰਾਜਨਾਥ ਸਿੰਘ ਨੇ ਮੋਦੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਵਾਈਆਂ
ਵੇਰਵਿਆਂ ਮੁਤਾਬਿਕ ਭਾਜਪਾ ਉਮੀਦਵਾਰ ਵੱਲੋਂ ਅੱਜ ਮਾਨਸਾ ਵਿਖੇ ਰੈਲੀ ਰੱਖੀ ਗਈ ਸੀ। ਇਸ ਰੈਲੀ ਨੂੰ ਸੰਬੋਧਨ ਕਰਨ ਲਈ ਵਿਸ਼ੇਸ਼ ਤੌਰ ’ਤੇ ਦਿੱਲੀ ਤੋਂ ਕੇਂਦਰੀ ਮੰਤਰੀ ਸਿਮਰਤੀ ਇਰਾਨੀ ਵੱਲੋਂ ਸ਼ਿਰਕਤ ਕਰਨੀ ਸੀ। ਸਮੇਂ ਸਿਰ ਪਹੁੰਚੇ ਸਿਮਰਤੀ ਇਰਾਨੀ ਦੇ ਹੈਲੀਕਾਪਟਰ ਨੂੰ ਉਤਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਜਿਸ ਤੋਂ ਬਾਅਦ ਭਾਜਪਾ ਉਮੀਦਵਾਰ ਨੇ ਜ਼ਿਲ੍ਹਾ ਪ੍ਰਸ਼ਾਸਨ ’ਤੇ ਖਫਾ ਹੁੰਦੇ ਹੋਏ ਗੰਭੀਰ ਦੋਸ਼ ਲਾਏ।
ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਜਾਣ ਬੁੱਝ ਕੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ । ਕਦੇ ਧੱਕੇ ਨਾਲ ਕਿਸਾਨ ਉਹਨਾਂ ਦੇ ਘਰ ਅੱਗੇ ਬਿਠਾ ਦਿੱਤੇ ਜਾਂਦੇ ਹਨ ਅਤੇ ਕਦੇ ਉਹਨਾਂ ਦੇ ਸਮਾਗਮਾਂ ਦਾ ਵਿਰੋਧ ਕਰਵਾਇਆ ਜਾਂਦਾ ਹੈ ਪਰ ਅੱਜ ਤਾਂ ਹੱਦ ਹੀ ਹੋ ਗਈ ਜਦੋਂ ਰੈਲੀ ਨੂੰ ਸੰਬੋਧਨ ਕਰਨ ਆ ਰਹੀ ਕੇਂਦਰੀ ਮੰਤਰੀ ਸਿਮਰਤੀ ਇਰਾਨੀ ਦੇ ਹੈਲੀਕਾਪਟਰ ਨੂੰ ਲੈਂਡ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ।
ਉਹਨਾਂ ਕਿਹਾ ਕਿ ਅਜਿਹਾ ਕਰਕੇ ਪੰਜਾਬ ਸਰਕਾਰ ਲੋਕਤੰਤਰ ਦਾ ਘਾਣ ਕਰ ਰਹੀ ਹੈ, ਇੱਥੇ ਸਭ ਨੂੰ ਚੋਣਾਂ ਲੜਨ ਦਾ ਅਧਿਕਾਰ ਹੈ । ਪਰਮਪਾਲ ਕੌਰ ਨੇ ਕਿਹਾ ਪੰਜਾਬ ਸਰਕਾਰ ਅਜਿਹੀਆਂ ਹਰਕਤਾਂ ਨਾ ਕਰੇ ਜਿਸ ਨਾਲ ਲੱਖਾਂ ਲੋਕਾਂ ਦੇ ਮਨਾਂ ਨੂੰ ਠੇਸ ਪਹੁੰਚੇ ਜੋ ਉਨ੍ਹਾਂ ਨੂੰ ਪਿਆਰ ਕਰਦੇ ਹਨ ਅਤੇ ਅੱਜ ਰੈਲੀ ਵਿੱਚ ਸ਼ਾਮਿਲ ਹੋਣ ਲਈ ਪਹੁੰਚੇ ਸਨ। Smriti Irani
ਲੈਂਡਿੰਗ ਦੀ ਸੀ ਇਜਾਜਤ, ਫੋਰਸ ਵੀ ਸੀ ਤਾਇਨਾਤ : ਐੱਸਐੱਸਪੀ
ਐੱਸਐੱਸਪੀ ਮਾਨਸਾ ਡਾ. ਨਾਨਕ ਸਿੰਘ ਨੇ ਦੱਸਿਆ ਕਿ ਕੇਂਦਰੀ ਮੰਤਰੀ ਦੇ ਹੈਲੀਕਾਪਟਰ ਨੂੰ ਲੈਂਡ ਕਰਨ ਦੀ ਇਜਾਜਤ ਦਿੱਤੀ ਹੋਈ ਸੀ ਤੇ ਬਕਾਇਦਾ ਤੌਰ ’ਤੇ ਹੈਲੀਪੈਡ ’ਤੇ ਪੁਲਿਸ ਫੋਰਸ ਵੀ ਤਾਇਨਾਤ ਕੀਤੀ ਹੋਈ ਸੀ। ਉਹਨਾਂ ਕਿਹਾ ਕਿ ਪਾਇਲਟ ਨੇ ਕਿਸੇ ਤਕਨੀਕੀ ਕਾਰਨ ਕਰਕੇ ਹੈਲੀਕਾਪਟਰ ਨਹੀਂ ਉਤਾਰਿਆ।