30 ਮਈ ਸ਼ਾਮ 6 ਵਜੇ ਤੋਂ ਇਲੈਕਟ੍ਰਾਨਿਕ ਤੇ ਸੋਸ਼ਲ ਮੀਡੀਆ ਮਾਧਿਅਮ ਰਾਹੀਂ ਚੋਣ ਪ੍ਰਚਾਰ ’ਤੇ ਲਾਗੂ ਹੋ ਜਾਵੇਗੀ ਪਾਬੰਦੀ | Lok Sabha Election 2024
- ਐਗਜ਼ਿਟ ਪੋਲ ਤੇ ਓਪੀਨੀਅਨ ਪੋਲ ’ਤੇ ਵੀ ਰਹੇਗੀ ਪਾਬੰਦੀ
- 31 ਮਈ ਤੇ 1 ਜੂਨ ਦੇ ਅਖ਼ਬਾਰਾਂ ’ਚ ਛਪਣ ਵਾਲੇ ਸਿਆਸੀ ਇਸ਼ਤਿਹਾਰਾਂ ਲਈ ਵੀ ਪ੍ਰਵਾਨਗੀ ਲਾਜ਼ਮੀ
ਫਾਜ਼ਿਲਕਾ (ਰਜਨੀਸ਼ ਰਵੀ)। ਡਿਪਟੀ ਕਮਿਸ਼ਨਰ ਜ਼ਿਲ੍ਹਾ ਚੋਣ ਅਫ਼ਸਰ ਡਾ. ਸੇਨੂੰ ਦੁੱਗਲ ਆਈਏਐਸ ਨੇ ਅੱਜ ਇੱਥੇ ਸਪੱਸ਼ਟ ਕੀਤਾ ਕਿ ਮਤਦਾਨ ਮੁਕੰਮਲ ਹੋਣ ਤੋਂ 48 ਘੰਟੇ ਪਹਿਲਾਂ, ਭਾਵ ਚੋਣ ਪ੍ਰਚਾਰ ਖਤਮ ਹੁੰਦੇ ਸਾਰ ਹੀ ਇਲੈਕਟ੍ਰਾਨਿਕ ਮੀਡੀਆ ਸਮੇਤ ਰੇਡੀਓ-ਟੈਲੀਵੀਜ਼ਨ, ਸੋਸ਼ਲ ਮੀਡੀਆ ’ਤੇ ਹੋਣ ਵਾਲੇ ਸਿਆਸੀ ਪ੍ਰਚਾਰ/ਇਸ਼ਤਿਹਾਰ ’ਤੇ ਵੀ ਰੋਕ ਲਾ ਦਿੱਤੀ ਜਾਵੇਗੀ। ਇਹ ਰੋਕ ਐਗਜ਼ਿਟ ਪੋਲ ਅਤੇ ਓਪੀਨੀਅਨ ਪੋਲ ’ਤੇ ਵੀ ਲਾਗੂ ਹੋਵੇਗੀ। ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ 30 ਮਈ ਸ਼ਾਮ 6 ਵਜੇ ਤੋਂ ਬਾਅਦ ਰੇਡੀਓ।
ਟੈਲੀਵੀਜ਼ਨ, ਸਿਨੇਮਾ, ਸੋਸ਼ਲ ਮੀਡੀਆ, ਬਲਕ ਐਸ ਐਮ ਐਸ ਜਾਂ ਪ੍ਰੀ-ਰਿਕਾਰਡਡ ਐਸ ਐਮ ਐਸ ਸੁਨੇਹਿਆਂ ਸਮੇਤ ਅਜਿਹੇ ਹੋਰ ਕਿਸੇ ਵੀ ਸਾਧਨ ’ਤੇ ਚੋਣ ਪ੍ਰਚਾਰ ਨਹੀਂ ਕੀਤਾ ਜਾ ਸਕੇਗਾ ਤੇ ਨਾ ਹੀ ਸਿਆਸੀ ਇਸ਼ਤਿਹਾਰ ਦਿੱਤਾ ਜਾ ਸਕੇਗਾ, ਜੋ ਕਿ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਇਲੈਕਟ੍ਰਾਨਿਕ ਮੀਡੀਆ ਦੇ ਘੇਰੇ ’ਚ ਆਉਂਦਾ ਹੈ। ਉਨ੍ਹਾਂ ਦੱਸਿਆ ਕਿ ਮੁੱਖ ਚੋਣ ਅਫ਼ਸਰ, ਪੰਜਾਬ ਦੇ ਮਿਤੀ 23 ਮਈ, 2024 ਨੂੰ ਜਾਰੀ ਚੋਣ ਅਮਲ ਦੇ ਅਖੀਰਲੇ 48 ਘੰਟਿਆਂ ਦੇ ‘ਸਟੈਂਡਰਡ ਅਪਰੇਟਿੰਗ ਪ੍ਰੋਸੀਜਰ’ ਮੁਤਾਬਕ ਚੋਣ ਪ੍ਰਚਾਰ ਲਈ ਤੈਅ ਸਮਾਂ-ਸੀਮਾਂ ਸਮਾਪਤ ਹੁੰਦੇ ਸਾਰ ਹੀ ਕੋਈ ਵੀ ਟੀਵੀ, ਰੇਡੀਓ, ਸੋਸ਼ਲ ਮੀਡੀਆ ਚੈਨਲ ਕਿਸੇ ਵੀ ਪਾਰਟੀ ਦੇ ਪ੍ਰਚਾਰ ਲਈ ਇਸ਼ਿਤਿਹਾਰ ਜਾਂ ਉਸ ਨਾਲ ਮਿਲਦਾ ਜੁਲਦਾ ਪ੍ਰੋਗਰਾਮ ਨਹੀਂ ਚਲਾ ਸਕਣਗੇ। (Lok Sabha Election 2024)
ਇਹ ਵੀ ਪੜ੍ਹੋ : Ibrahim Raisi: ਮੱਧ ਪੂਰਬ ’ਚ ਦੇਰ ਤੱਕ ਸੁਣਾਈ ਦੇਵੇਗੀ ਹਾਦਸੇ ਦੀ ਗੂੰਜ
ਉਨ੍ਹਾਂ ਕਿਹਾ ਕਿ ਮਿਤੀ 31 ਮਈ, 2024 ਤੇ ਮਿਤੀ 1 ਜੂਨ, 2024 ਨੂੰ ਛਪਣ ਵਾਲੀਆਂ ਅਖਬਾਰਾਂ ’ਚ ਵੀ ਇਸ਼ਤਿਹਾਰ ਦੇਣ ਤੋਂ ਪਹਿਲਾਂ ਚੋਣ ਅਮਲ ਵਿੱਚ ਭਾਗ ਲੈ ਰਹੀਆਂ ਸਿਆਸੀ ਪਾਰਟੀਆਂ ਤੇ ਉਮੀਦਵਾਰ ਆਪਣੇ ਇਸ਼ਤਿਹਾਰ ਮੀਡੀਆ ਸਰਟੀਫ਼ਿਕੇਸ਼ਨ ਅਤੇ ਮੋਨੀਟਰਿੰਗ ਕਮੇਟੀ ਦੀ ਪ੍ਰਵਾਨਗੀ ਉਪਰੰਤ ਹੀ ਛਪਵਾ ਸਕਦੇ ਹਨ। ਜ਼ਿਲ੍ਹਾ ਚੋਣ ਅਫ਼ਸਰ ਨੇ ਜ਼ਿਲ੍ਹੇ ’ਚ ਕਾਰਜਸ਼ੀਲ ਮੀਡੀਆ ਕਰਮੀਆਂ/ਮੀਡੀਆ ਹਾਊਸਜ ਨੂੰ ਚੋਣ ਕਮਿਸ਼ਨ ਦੀਆਂ ਉਕਤ ਹਦਾਇਤਾਂ ਅਤੇ ਜਨ ਪ੍ਰਤੀਨਿਧੀ ਐਕਟ, 1951 ਦੀ ਧਾਰਾ 126 ਅਤੇ 126 ਏ ਤਹਿਤ ਤੈਅ ਕੀਤੀਆਂ ਸੀਮਾਵਾਂ ਦੀ ਪੂਰਣ ਰੂਪ ’ਚ ਪਾਲਣ ਕਰਨ ’ਚ ਸਹਿਯੋਗ ਦੇਣ ਦੇਣ ਦੀ ਅਪੀਲ ਕੀਤੀ ਹੈ। (Lok Sabha Election 2024)
31 ਮਈ ਅਤੇ 1 ਜੂਨ ਨੂੰ ਅਖਬਾਰਾਂ ਵਿੱਚ ਕੋਈ ਵੀ ਸਿਆਸੀ ਇਸਤਿਹਾਰ ਬਿਨ੍ਹਾਂ ਪ੍ਰਵਾਨਗੀ ਦੇ ਨਹੀਂ ਛਪੇਗਾ | Lok Sabha Election 2024
ਲੋਕ ਸਭਾ ਚੋਣਾਂ-2024 ਦੇ ਮੱਦੇਨਜਰ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਮਤਦਾਨ ਖਤਮ ਹੋਣ ਦੇ ਨਿਰਧਾਰਤ ਸਮੇਂ ਤੋਂ 48 ਘੰਟੇ ਪਹਿਲਾਂ ਦੇ ਸਮੇਂ ਦੌਰਾਨ ਸਿਆਸੀ ਪਾਰਟੀਆਂ ਜਾਂ ਉਮੀਦਵਾਰ ਆਪਣੇ ਚੋਣ ਪ੍ਰਚਾਰ ਲਈ ਕੋਈ ਵੀ ਜਨਤਕ ਰੈਲੀ, ਸਭਾ ਨਹੀਂ ਕਰ ਸਕਣਗੇ। ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਦਿੱਤੀ ਹੈ। (Lok Sabha Election 2024)
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਆਖਰੀ 48 ਘੰਟਿਆਂ ਦੌਰਾਨ ਲੋਕ ਪ੍ਰਤਿਨਿਧਤਾ ਕਾਨੂੰਨ 1951 ਦੀ ਧਾਰਾ 126 ਅਨੁਸਾਰ ਸਿਆਸੀ ਲਾਹੇ ਲਈ ਕੋਈ ਵੀ ਜਨਤਕ ਚੋਣ ਸਭਾ ਨਹੀਂ ਕੀਤੀ ਜਾ ਸਕਦੀ ਹੈ। ਉਲੰਘਣਾ ਕਰਨ ਤੇ 2 ਸਾਲ ਤੱਕ ਦੀ ਸਜਾ, ਜੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ। ਇਸੇ ਤਰ੍ਹਾਂ ਆਖਰੀ 48 ਘੰਟਿਆਂ ਦੌਰਾਨ ਸਬੰਧਤ ਹਲਕੇ ਤੋਂ ਬਾਹਰ ਤੋਂ ਚੋਣ ਪ੍ਰਚਾਰ ਲਈ ਆਏ ਸਮਰੱਥਕਾਂ ਨੂੰ ਵੀ ਵਾਪਿਸ ਜਾਣਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਸਾਰੇ ਬਾਹਰੀ ਲੋਕ ਹਲਕੇ ਤੋਂ ਬਾਹਰ ਚਲੇ ਜਾਣ ਇਸ ਲਈ ਪੁਲਿਸ ਵਿਭਾਗ ਨੂੰ ਵੀ ਹਦਾਇਤ ਕੀਤੀ।
ਕਿ ਅਜਿਹੇ ਬਾਹਰੀ ਲੋਕਾਂ ਦੇ ਸੰਭਾਵਿਤ ਠਹਿਰਾਓ ਵਾਲੀ ਥਾਂ ਤੇ ਪੂਰੀ ਚੌਕਸੀ ਰੱਖੀ ਜਾਵੇ। ਡਿਪਟੀ ਕਮਿਸ਼ਨਰ ਨੇ ਹੋਰ ਦੱਸਿਆ ਕਿ 31 ਮਈ ਅਤੇ 1 ਜੂਨ 2024 ਭਾਵ ਚੋਣਾਂ ਵਾਲੇ ਦਿਨ ਅਤੇ ਉਸ ਤੋਂ ਇਕ ਦਿਨ ਪਹਿਲਾਂ ਪਿ੍ਰੰਟ ਮੀਡੀਆ ਵਿੱਚ ਛੱਪਣ ਵਾਲੇ ਹਰੇਕ ਸਿਆਸੀ ਇਸਤਿਹਾਰ ਦੀ ਪ੍ਰੀ ਸਰਟੀਫਿਕੇਸ਼ਨ ਐਮਸੀਐਮਸੀ ਤੋਂ ਕਰਵਾਈ ਜਾਣੀ ਲਾਜਮੀ ਹੈ। ਉਨ੍ਹਾਂ ਨੇ ਮੀਡੀਆ ਅਦਾਰਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਉਕਤ ਦੋ ਦਿਨਾਂ ਨੂੰ ਛਾਪਣ ਲਈ ਉਹੀ ਸਿਆਸੀ ਇਸਤਿਹਾਰ ਸਵਿਕਾਰ ਕਰਨ ਜਿਸ ਦੀ ਪ੍ਰੀ ਸਰਟੀਫਿਕੇਸ਼ਨ ਉਮੀਦਵਾਰ ਨੇ ਕਰਵਾਈ ਹੋਵੇ। (Lok Sabha Election 2024)