ਇੱਕ ਉਮੀਦਵਾਰ ਸੱਥਾਂ ’ਚ ਕਰ ਰਿਹੈ ਵੋਟਰਾਂ ਨੂੰ ਅਪੀਲ | Mansa News
ਮਾਨਸਾ (ਸੁਖਜੀਤ ਮਾਨ)। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜਿੱਥੇ ਕੁਝ ਧਨਾਢ ਉਮੀਦਵਾਰਾਂ ਵੱਲੋਂ ਵੋਟਰਾਂ ਨੂੰ ਕਈ ਤਰ੍ਹਾਂ ਦੇ ਲਾਲਚ ਦੇ ਕੇ ਭਰਮਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉੱਥੇ ਹੀ ਇੱਕ ਅਜਿਹਾ ਉਮੀਦਵਾਰ ਵੀ ਹੈ ਜੋ ਲੋਕ ਸਭਾ ਹਲਕਾ ਬਠਿੰਡਾ ਦੇ ਪਿੰਡਾਂ ਦੀਆਂ ਸੱਥਾਂ ’ਚ ਜਾ ਕੇ ਇਕੱਲੀ ਵੋਟ ਤੇ ਸਪੋਰਟ ਨਹੀਂ, ਨੋਟ ਵੀ ਮੰਗ ਰਿਹਾ ਹੈ। ਉਮੀਦਵਾਰ ਇਹ ਵੀ ਕਹਿ ਰਿਹਾ ਹੈ ਕਿ ਉਹ ਲੋਕਾਂ ਦੀ ਲੜਾਈ ਲੜਦਾ ਹੈ ਤੇ ਲੋਕਾਂ ਦੇ ਸਹਿਯੋਗ ਬਿਨਾਂ ਇਸ ਚੋਣ ਮੈਦਾਨ ’ਚ ਵੀ ਨਹੀਂ ਲੜ ਸਕਦਾ ਇਸ ਲਈ ਸਹਾਇਤਾ ਮੰਗਦਾ ਹਾਂ। (Mansa News)
ਵੇਰਵਿਆਂ ਮੁਤਾਬਿਕ ਲੋਕ ਸਭਾ ਹਲਕਾ ਬਠਿੰਡਾ ਤੋਂ ਆਜ਼ਾਦ ਉਮੀਦਵਾਰ ਭਗਵੰਤ ਸਿੰਘ ਸਮਾਓਂ ਆਪਣੇ ਚੋਣ ਪ੍ਰਚਾਰ ਦੌਰਾਨ ਲੋਕਾਂ ਨੂੰ ਆਪਣੇ ਚੋਣ ਲੜਨ ਦੇ ਮੰਤਵ ਤੋਂ ਜਾਣੂੰ ਕਰਵਾਉਂਦਿਆਂ ਹਰ ਤਰ੍ਹਾਂ ਦੇ ਸਹਿਯੋਗ ਦੀ ਮੰਗ ਕਰ ਰਿਹਾ ਹੈ। ਇਸ ਸਹਿਯੋਗ ’ਚ ਸਮਾਓਂ ਵੋਟ ਤੇ ਸਪੋਰਟ ਦੇ ਨਾਲ ਨੋਟ ਵੀ ਮੰਗ ਰਿਹਾ ਹੈ। ਇਸ ਉਮੀਦਵਾਰ ਵੱਲੋਂ ਤਰਕ ਦਿੱਤਾ ਜਾ ਰਿਹਾ ਹੈ ਕਿ ਇਹ ਕੋਈ ਧਰਨਾ ਮੁਜ਼ਾਹਰਾ ਤਾਂ ਹੈ ਨਹੀਂ ਕਿ ਇਕੱਲੀਆਂ ਦਰੀਆਂ ਤੇ ਸਪੀਕਰ ਹੀ ਲਿਆਉਣਾ, ਇਸ ਵਾਸਤੇ ਤਾਂ ਗੱਡੀ ਵੀ ਚਾਹੀਦੀ ਹੈ। ‘ਸੱਚ ਕਹੂੰ’ ਨਾਲ ਗੱਲਬਾਤ ਕਰਦਿਆਂ ਭਗਵੰਤ ਸਿੰਘ ਸਮਾਓਂ ਨੇ ਕਿਹਾ ਕਿ ਉਹ ਸਕੂਟੀ ’ਤੇ ਦੋ ਜਣੇ ਪ੍ਰਚਾਰ ਕਰਨ ਜਾਂਦੇ ਹਨ। (Mansa News)
ਲੋਕਾਂ ਦੀ ਲੜਾਈ
ਪ੍ਰਚਾਰ ਤੋਂ ਪਹਿਲਾਂ ਜਿਸ ਪਿੰਡ ਜਾਣਾ ਹੁੰਦਾ ਹੈ ਉੱਥੇ ਉਸ ਦੇ ਸਮੱਰਥਕ ਪਹਿਲਾਂ ਹੀ ਲੋਕਾਂ ਨੂੰ ਇਕੱਠੇ ਕਰ ਲੈਂਦੇ ਹਨ। ਉਹਨਾਂ ਦੱਸਿਆਂ ਕਿ ਉਂਜ ਉਸ ਦੇ ਸਮੱਰਥਨ ’ਚ ਇੱਕ ਗੱਡੀ ਰਾਹੀਂ ਵੀ ਪ੍ਰਚਾਰ ਕੀਤਾ ਜਾ ਰਿਹਾ ਹੈ ਪਰ ਉਹ ਖੁਦ ਆਪਣੀ ਸਕੂਟਰੀ ’ਤੇ ਹੀ ਹਲਕੇ ’ਚ ਜਾਂਦੇ ਹਨ। ਉਹਨਾਂ ਕਿਹਾ ਕਿ ਐਕਟਿਵਾ ’ਤੇ ਪ੍ਰਚਾਰ ਕਰਨ ਦਾ ਕਾਰਨ ਇਹ ਹੈ ਕਿ ਉਸ ਨੇ ਤਾਂ ਲੋਕਾਂ ਦੀ ਲੜਾਈ ਪਹਿਲਾਂ ਵੀ ਲੜੀ ਹੈ ਤੇ ਹੁਣ ਵੀ ਲੜਨੀ ਹੈ, ਜਦੋਂ ਕਿ ਦੂਸਰੇ ਸਿਆਸਤਦਾਨਾਂ ਨੇ ਸਿਆਸਤ ਨੂੰ ਵਪਾਰ ਬਣਾਇਆ ਹੋਇਆ ਹੈ। ਅਜਿਹੇ ਸਿਆਸਤਦਾਨ ਚੋਣਾਂ ’ਚ ਕਰੋੜਾਂ ਖਰਚ ਕੇ ਮਗਰੋਂ ਅਰਬਾਂ ਰੁਪਏ ਬਣਾਉਂਦੇ ਹਨ। ਲੋਕਾਂ ਵੱਲੋਂ ਨੋਟਾਂ ਦੇ ਸਹਿਯੋਗ ਬਾਰੇ ਪੁੱਛੇ ਸਵਾਲ ਦੇ ਜਵਾਬ ’ਚ ਸਮਾਂਓ ਨੇ ਕਿਹਾ ਕਿ ਜਦੋਂ ਉਸ ਨੇ ਜੋਗਾ ਪਿੰਡ ਵਿਖੇ ਵੋਟ, ਸਪੋਰਟ ਦੇ ਨਾਲ 100 ਦੇ ਨੋਟ ਦੀ ਵੀ ਮੰਗ ਕੀਤੀ ਸੀ ਤਾਂ ਉੱਥੇ ਮੌਜੂਦ ਕਿਰਤੀ ਵੀਰਾਂ ਨੇ ਤੁਰੰਤ ਸਹਾਇਤਾ ਵੀ ਕੀਤੀ।
Also Read : ਵਧ ਰਿਹਾ ਤਾਪਮਾਨ ਤੇ ਨਵੇਂ ਪ੍ਰਬੰਧ ਦੀ ਜ਼ਰੂਰਤ
ਉਹਨਾਂ ਕਿਹਾ ਕਿ ਜਦੋਂ ਉਸ ਦੀ ਲੜਾਈ ਹੀ ਕਿਰਤੀ ਵਰਗਾਂ ਲਈ ਹੈ ਤਾਂ ਉਸ ਦੀ ਮਦਦ ਵੀ ਕਿਰਤੀ ਹੀ ਕਰ ਰਹੇ ਹਨ। ਚੋਣ ਪ੍ਰਚਾਰ ਦੌਰਾਨ ਸਮਾਂਓ ਲੋਕਾਂ ਨੂੰ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਦੀ ਜਾਇਦਾਦ ਦੇ ਵੇਰਵੇ ਵੀ ਨਸ਼ਰ ਕਰ ਰਿਹਾ ਹੈ। ਹਰਸਿਮਰਤ ਕੌਰ ਬਾਦਲ ਕੋਲ ਮੌਜੂਦ ਗਹਿਣਿਆਂ ਦਾ ਜ਼ਿਕਰ ਕਰਦਿਆਂ ਉਹਨਾਂ ਕਿਹਾ ਕਿ ‘ਓਨਾਂ ਤਾਂ ਆਪਣੇ ਗਰੀਬਾਂ ਦੇ ਪੀਪਿਆਂ ’ਚ ਘਰੇ ਆਟਾ ਨਹੀਂ ਜਿੰਨੇ ਹਰਸਿਮਰਤ ਕੋਲ ਗਹਿਣੇ ਹਨ’।
ਚੌਥੀ ਵਾਰ ਲੋਕ ਸਭਾ ਚੋਣ ਲੜ ਰਿਹੈ ਭਗਵੰਤ ਸਮਾਓਂ
ਆਜ਼ਾਦ ਉਮੀਦਵਾਰ ਭਗਵੰਤ ਸਮਾਂਓ ਨੇ ਦੱਸਿਆ ਕਿ ਉਹ ਲੋਕ ਸਭਾ ਚੋਣ ਚੌਥੀ ਵਾਰ ਲੜ ਰਿਹਾ ਹੈ ਜਦੋਂ ਕਿ ਵਿਧਾਨ ਸਭਾ ਚੋਣਾਂ ’ਚ ਵੀ ਤਿੰਨ ਵਾਰ ਮੈਦਾਨ ’ਚ ਨਿੱਤਰਿਆ। ਇਸ ਤੋਂ ਪਹਿਲਾਂ ਉਹ ਸੀਪੀਆਈਐੱਮਐੱਲ (ਐੱਲ) ਵੱਲੋਂ ਚੋਣਾਂ ਲੜਦੇ ਸੀ। 2009 ਦੀਆਂ ਲੋਕ ਸਭਾ ਚੋਣਾਂ ’ਚ ਉਹਨਾਂ ਨੂੰ 8135 ਵੋਟਾਂ, 2014 ’ਚ 5984, 2019 ’ਚ 5381 ਵੋਟਾਂ ਹਾਸਿਲ ਹੋਈਆਂ ਸਨ।