‘ਆਪ’ ’ਚ ਸ਼ਾਮਲ ਹੋਏ ਕਾਂਗਰਸੀ ਕੌਂਸਲਰ ਚੌਵ੍ਹੀ ਘੰਟਿਆਂ ਮਗਰੋਂ ਕਾਂਗਰਸ ’ਚ ਪਰਤੇ

Congress Party
ਭਦੌੜ : ਕਾਂਗਰਸ ‘ਚ ਘਰ ਵਾਪਸੀ ਕਰਨ ਮੌਕੇ ਮੌਜੂਦਾ ਤੇ ਸਾਬਕਾ ਕੌਂਸਲਰ ਸਮੇਤ ਸਮੂਹ ਲੀਡਰਸ਼ਿਪ।

ਕਾਂਗਰਸੀ ਕੌਂਸਲਰਾਂ ਦਾ ‘ਯੂ ਟਰਨ’ (Congress Party)

(ਰਮਨੀਕ ਬੱਤਾ) ਭਦੌੜ। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਦਲ ਬਦਲੀਆਂ ਦਾ ਦੌਰ ਸਿਖਰਾਂ ’ਤੇ ਹੈ ਤੇ ਸਿਆਸਤ ਦੇ ਰੰਗ ਅਵੱਲੇ ਹੀ ਨਜ਼ਰ ਆ ਰਹੇ ਹਨ। ਇਸੇ ਲੜੀ ਤਹਿਤ ਲੰਘੇ ਮੰਗਲਵਾਰ ਨੂੰ ਨਗਰ ਕੌਂਸਲ ਭਦੌੜ ਦੇ ਕਾਂਗਰਸੀ ਤਿੰਨ ਮੌਜ਼ੂਦਾ ਅਤੇ ਇੱਕ ਸਾਬਕਾ ਕੌਂਸਲਰ ਚੰਡੀਗੜ੍ਹ ਵਿਖੇ ਸੀਐਮ ਹਾਊਸ ’ਚ ਜਾ ਕੇ ਕਾਗਰਸ ਪਾਰਟੀ ਨੂੰ ਅਲਵਿਦਾ ਕਹਿੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ’ਚ ਸ਼ਾਮਿਲ ਹੋ ਗਏ ਸਨ। Congress Party

ਇਹ ਵੀ ਪੜ੍ਹੋ: ਈਡੀ ਨੇ ‘ਆਮ ਆਦਮੀ ਪਾਰਟੀ ਨੂੰ ਵੀ ਬਣਾਇਆ ਮੁਲਜ਼ਮ’ : ਕੇਜਰੀਵਾਲ

ਸੂਤਰਾਂ ਦੀ ਮੰਨੀਏ ਤਾਂ ਉਸ ਦਿਨ ਇਨ੍ਹਾਂ ਕੌਂਸਲਰਾਂ ਦੇ ਨਾਲ ਗਏ ਇੱਕ ਅਕਾਲੀ ਆਗੂ ਤੇ ਇੱਕ ਅਕਾਲੀ ਕੌਂਸਲਰ ਕੁਝ ਕਾਰਨਾਂ ਕਰਕੇ ਆਮ ਆਦਮੀ ਪਾਰਟੀ ’ਚ ਸ਼ਾਮਲ ਹੁੰਦੇ ਹੁੰਦੇ ਰਹਿ ਗਏ। ਵੀਰਵਾਰ ਨੂੰ ਭਦੌੜ ਵਿਖੇ ਕਾਂਗਰਸ ਪਾਰਟੀ ਦੇ ਦਫ਼ਤਰ ਦਾ ਉਦਘਾਟਨ ਹੋਣਾ ਸੀ ਤੇ ਇਸ ਮੌਕੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋਂ, ਸਾਬਕਾ ਵਿਧਾਇਕ ਪਿਰਮਲ ਸਿੰਘ ਧੌਲਾ, ਬੀਬੀ ਸੁਰਿੰਦਰ ਕੌਰ ਬਾਲੀਆ, ਡਾ. ਰਾਜਵਿੰਦਰ ਸਿੰਘ, ਮਲਕੀਤ ਕੌਰ ਸਹੋਤਾ ਵਿਸ਼ੇਸ਼ ਤੌਰ ’ਤੇ ਪੁੱਜੇ ਹੋਏ ਸਨ।

ਇਸ ਸਮੇਂ ਆਮ ਆਦਮੀ ਪਾਰਟੀ ’ਚ ਗਏ ਮੌਜ਼ੂਦਾ ਕੌਂਸਲਰ ਨਾਹਰ ਸਿੰਘ ਐਲਪ, ਕੌਂਸਲਰ ਵਕੀਲ ਸਿੰਘ, ਕੌਂਸਲਰ ਸੁਪਚਰਨ ਸਿੰਘ ਪੰਮਾ ਤੇ ਸਾਬਕਾ ਕੌਂਸਲਰ ਗੁਰਜੰਟ ਸਿੰਘ ਜੰਟਾ ਘਰ ਵਾਪਸੀ ਕਰਦਿਆਂ ਕਾਂਗਰਸ ਪਾਰਟੀ ’ਚ ਸ਼ਾਮਲ ਹੋ ਗਏ। ਉਨ੍ਹਾਂ ਨੂੰ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਸਵਾਗਤ ਕੀਤਾ। ਸੀਐਮ ਹਾਊਸ ’ਚ ਜਾ ਕੇ ਕਾਂਗਰਸ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਏ ਕੌਂਸਲਰਾਂ ਦੇ ਅੱਜ ਕਾਂਗਰਸ ਪਾਰਟੀ ’ਚ ਮੁੜ ਸ਼ਾਮਲ ਹੋਣ ਨਾਲ ਲੋਕ ਪੂਰੇ ਚਟਕਾਰੇ ਲੈ ਰਹੇ ਹਨ।

ਇਹ ਵੀ ਪੜ੍ਹੋ: ਸੀਨੀਅਰ ਕਾਂਗਰਸੀ ਆਗੂ ਭਾਜਪਾ ’ਚ ਸ਼ਾਮਲ

ਘਰ ਵਾਪਸੀ ਕਰਨ ਵਾਲੇ ਕੌਂਸਲਰਾਂ ਦਾ ਕਹਿਣਾ ਹੈ ਕਿ ਉਸ ਦਿਨ ਸਾਨੂੰ ਚੰਡੀਗੜ੍ਹ ਵਿਖੇ ਇਹ ਦੱਸ ਕੇ ਨਹੀਂ ਲਿਜਾਇਆ ਗਿਆ ਕਿ ਸਾਨੂੰ ਆਮ ਆਦਮੀ ਪਾਰਟੀ ’ਚ ਸ਼ਾਮਲ ਕਰਨਾ ਹੈ ਪਰ ਅੱਜ ਸਾਨੂੰ ਜਨਤਾ ਦੇ ਦਬਾਅ ਕਾਰਨ ਮੁੜ ਘਰ ਵਾਪਸੀ ਕਰਨੀ ਪਈ ਹੈ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਰਾਜਵਿੰਦਰ ਸਿੰਘ ਸੀਤਲ, ਸੁਖਵਿੰਦਰ ਸਿੰਘ ਧਾਲੀਵਾਲ, ਇੰਦਰ ਸਿੰਘ ਤਿੰਦਾ, ਤੇਲਾ ਸਿੰਘ ਸੰਘੇੜਾ, ਤੋਤਾ ਸਿੰਘ ਮਾਨ, ਗੁਰਦੀਪ ਸਿੰਘ ਦੀਪਾ, ਰਛਪਿੰਦਰ ਸ਼ਰਮਾ, ਸਰਪੰਚ ਕਰਮਜੀਤ ਸਿੰਘ, ਬੀਬੀ ਮਲਕੀਤ ਕੌਰ ਸਹੋਤਾ, ਸਾਧੂ ਰਾਮ ਜਰਗਰ ਤੇ ਇਲਾਵਾ ਵੱਡੀ ਗਿਣਤੀ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ। Congress Party