ਲੁਧਿਆਣਾ (ਸੱਚ ਕਹੂੰ ਨਿਊਜ਼)। ਜ਼ਿਲ੍ਹਾ ਲੁਧਿਆਣਾ ਦੇ ਥਾਣਾ ਸਲੇਮ ਟਾਬਰੀ ਇਲਾਕੇ ’ਚ ਆਪਣੇ ਦੋਸਤ ਨੂੰ ਹਮਲਾਵਰਾਂ ਤੋਂ ਬਚਾਉਣ ਲਈ ਇੱਕ ਨੌਜਵਾਨ ਨੂੰ ਆਪਣੀ ਜਾਨ ਗਵਾਉਣੀ ਪੈ ਗਈ। ਜਦਕਿ ਝਗੜੇ ’ਚ ਮ੍ਰਿਤਕ ਦਾ ਭਰਾ ਵੀ ਜਖ਼ਮੀ ਹੋ ਗਿਆ ਪਰ ਮੌਕਾ ਦੇਖਦਿਆਂ ਹੀ ਮ੍ਰਿਤਕ ਘਰ ਸ਼ਰਣ ਲੈਣ ਆਇਆ ਦੋਸਤ ਪੱਤਰੇ ਵਾਚ ਗਿਆ।
Ludhiana Crime News
ਥਾਣਾ ਸਲੇਮ ਟਾਬਰੀ ਦੇ ਪੁਲਿਸ ਅਧਿਕਾਰੀ ਜੇ.ਐੱਸ.ਸੰਧੂ ਨੇ ਦੱਸਿਆ ਕਿ ਪੀਰੂ ਬੰਦਾ ਵਿਖੇ ਬੀਤੀ ਰਾਤ ਦੋ ਧਿਰਾਂ ’ਚ ਹੋਏ ਝਗੜੇ ਦੌਰਾਨ ਸਨਮ ਉੁਰਫ਼ ਸੰਮੀ (27) ਨਾਂਅ ਦਾ ਨੌਜਵਾਨ ਜੋ ਜਖ਼ਮੀ ਹੋਇਆ ਸੀ, ਦੀ ਮੌਤ ਹੋ ਗਈ। ਜਦਕਿ ਉਸਦਾ ਭਰਾ ਸ਼ਾਜਨ ਜੋ ਜ਼ੇਰੇ ਇਲਾਜ਼ ਹੈ, ਡਾਕਟਰਾਂ ਮੁਤਾਬਕ ਖ਼ਤਰੇ ਤੋਂ ਬਾਹਰ ਹੈ। ਉਨ੍ਹਾਂ ਦੱਸਿਆ ਕਿ ਇਲਾਕੇ ਦੇ ਲੋਕਾਂ ਨੂੰ ਮਿਲੀ ਜਾਣਕਾਰੀ ਮੁਤਾਬਕ ਅਜੇ ਨਾਂਅ ਦੇ ਵਿਅਕਤੀ ਦਾ ਕੁੱਝ ਹੋਰ ਨੌਵਜਾਨਾਂ ਨਾਲਾ ਝਗੜਾ ਹੋਇਆ ਸੀ ਜੋ ਆਪਣੇ ਬਚਾਅ ਲਈ ਸਨਮ ਉਰਫ਼ ਸੰਮੀ ਦੇ ਘਰ ਦਾਖਲ ਹੋ ਗਿਆ। ਜਿਸ ਦੇ ਪਿੱਛੇ ਆਏ ਭੜਕੇ ਨੌਜਵਾਨਾਂ ਨੇ ਤੈਸ਼ ਵਿੱਚ ਆ ਕੇ ਸੰਮੀ ਨੂੰ ਅਜੇ ਨੂੰ ਆਪਣੇ ਘਰ ਤੋਂ ਬਾਹਰ ਕੱਢਣ ਲਈ ਕਿਹਾ ਪਰ ਸੰਮੀ ਉਨ੍ਹਾਂ ਨੂੰ ਸਮਝਾਉਂਦਾ ਰਿਹਾ। (Ludhiana Crime News)
ਇਸ ਦੌਰਾਨ ਹਮਲਾਵਰਾਂ ਨੇ ਕਿਸੇ ਨੁਕੀਲੀ ਚੀਜ ਨਾਲ ਸੰਮੀ ਤੇ ਉਸਦੇ ਭਰਾ ’ਤੇ ਹਮਲਾ ਕਰ ਦਿੱਤਾ। ਜਿਸ ਕਾਰਨ ਜਖ਼ਮੀ ਹੋਏ ਸੰਮੀ ਦੀ ਮੌਕੇ ’ਤੇ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਹਮਲਾਵਰਾਂ ਦਾ ਸੰਮੀ ਤੇ ਉਸਦੇ ਭਰਾ ਨਾਲ ਕੋਈ ਝਗੜਾ ਨਹੀ ਸੀ, ਉਨ੍ਹਾਂ ਦਾ ਝਗੜਾ ਅਜੇ ਨਾਂਅ ਦੇ ਨੌਜਵਾਨ ਨਾਲ ਸੀ ਜੋ ਸੰਮੀ ਦੇ ਘਰ ਆਪਣੇ ਬਚਾਅ ਲਈ ਦਾਖਲ ਹੋਇਆ ਸੀ ਅਤੇ ਸੰਮੀ ਦੀ ਮੌਤ ਤੋਂ ਬਾਅਦ ਮੌਕੇ ਤੋਂ ਪੱਤਰੇ ਵਾਚ ਗਿਆ।
Ludhiana Crime News
ਐਸਐਚਓ ਜੈਦੀਪ ਜਾਖੜ ਨੇ ਦੱਸਿਆ ਕਿ ਮ੍ਰਿਤਕ ਸੰਮੀ ਦੀ ਲਾਸ਼ ਨੂੰ ਕਬਜ਼ੇ ’ਚ ਲੈਣ ਦੇ ਨਾਲ ਹੀ ਮ੍ਰਿਤਕ ਦੇ ਪਰਿਵਾਰਕ ਮੈਂਬਰ ਮਦਨ ਲਾਲ ਪਾਸਟਰ ਪੁੱਤਰ ਸੂਫ਼ੀ ਰਾਮ ਵਾਸੀ ਪੀਰੂ ਬੰਦੇ ਦੇ ਬਿਆਨਾਂ ’ਤੇ ਜਸਕਰਨ ਉਰਫ਼ ਜਸਨ ਤੇ ਹਰਦੀਪ ਸਿੰਘ ਵਾਸੀ ਪੀਰੂ ਬੰਦੀ ਦੇ ਖਿਲਾਫ਼ ਮਾਮਲਾ ਦਰਜ਼ ਕਰ ਲਿਆ ਗਿਆ ਹੈ ਅਤੇ ਦੋਵਾਂ ਦੀ ਭਾਲ ਆਰੰਭ ਦਿੱਤੀ ਗਈ ਹੈ। ਮ੍ਰਿਤਕ ਦੇ ਨਜ਼ਦੀਕੀ ਰਾਜ ਕੁਮਾਰ ਨੇ ਦੱਸਿਆ ਕਿ ਸਨਮ ਉਰਫ਼ ਸੰਮੀ ਨੇ ਹਮਲਾਵਰਾਂ ਨੂੰ ਸਮਝਾਉਣਾ ਚਾਹਿਆ ਪਰ ਉਨ੍ਹਾਂ ਬੇ- ਰਹਿਮੀ ਨਾਲ ਸੰਮੀ ਤੇ ਉਸਦੇ ਭਰਾ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜਿਸ ਵਿੱਚ ਸੰਮੀ (27) ਦੀ ਮੌਤ ਹੋ ਗਈ। ਜਦਕਿ ਉਸਦਾ ਭਰਾ ਗੰਭੀਰ ਹਾਲਤ ’ਚ ਜ਼ੇਰੇ ਇਲਾਜ਼ ਹੈ। ਉਨ੍ਹਾਂ ਮੰਗ ਕੀਤੀ ਕਿ ਹਮਲਾਵਰਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।
Also Read : Dengue: ਡੇਂਗੂ ਪ੍ਰਤੀ ਜਾਗਰੂਕਤਾ ਜ਼ਰੂਰੀ