ਰਾਜਿੰਦਰਾ ਹਸਪਤਾਲ ਦਾ ਦੋਸ਼, ਪਾਵਰਕੌਮ ਸਹੀ ਢੰਗ ਨਾਲ ਨਹੀਂ ਨਿਭਾ ਰਿਹਾ ਆਪਣੀ ਡਿਊਟੀ
ਖੁਸ਼ਵੀਰ ਸਿੰਘ ਤੂਰ,ਪਟਿਆਲਾ:
ਉੱਤਰੀ ਭਾਰਤ ਦੇ ਪ੍ਰਸਿੱਧ ਰਜਿੰਦਰਾ ਹਪਸਪਤਾਲ ਅੰਦਰ ਗੁੱਲ ਹੋ ਰਹੀ ਬਿਜਲੀ ਨੂੰ ਲੈ ਕੇ ਰਜਿੰਦਰਾ ਮੈਨੇਜਮੈਂਟ ਅਤੇ ਪਾਵਰਕੌਮ ਦੇ ਅਧਿਕਾਰੀਆਂ ਵਿੱਚ ਤਣਾਤਣੀ ਹੋ ਗਈ ਹੈ। ਰਜਿੰਦਰਾ ਹਸਪਤਾਲ ਦਾ ਦੋਸ਼ ਹੈ ਕਿ ਪਾਵਰਕੌਮ ਵੱਲੋਂ ਇੱਥੇ ਬਿਜਲੀ ਸਪਲਾਈ ਸਬੰਧੀ ਆਪਣੀ ਡਿਊਟੀ ਠੀਕ ਢੰਗ ਨਾਲ ਨਹੀਂ ਨਿਭਾਈ ਜਾ ਰਹੀ ਜਦਕਿ ਪਾਵਰਕੌਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਰਜਿੰਦਰਾ ਹਸਪਤਾਲ ਆਪਣੇ ਅੰਦਰ ਜਾ ਰਹੇ ਬਿਜਲੀ ਉਪਕਰਨਾਂ ਦੀ ਦੇਖਭਾਲ ਦਾ ਕੰਮ ਉਨ੍ਹਾਂ ਦਾ ਹੈ ਜਦਕਿ ਪਾਵਰਕੌਮ ਵੱਲੋਂ ਆਪਣੀ ਬਿਜਲੀ ਸਪਲਾਈ ਠੀਕ ਢੰਗ ਨਾਲ ਦਿੱਤੀ ਜਾ ਰਹੀ ਹੈ।
ਪਾਵਰਕੌਮ ਮੈਨੇਜਮੈਂਟ ਨੇ ਬਿਜਲੀ ਉਪਕਰਨਾਂ ਦੀ ਦੇਖਭਾਲ ਲਈ ਹਸਪਤਾਲ ਮੈਨੇਜਮੈਂਟ ਨੂੰ ਦੱਸਿਆ ਜਿੰਮੇਵਾਰ
ਜਾਣਕਾਰੀ ਅਨੁਸਾਰ ਬੀਤੇ ਦਿਨੀਂ ਰਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਅਤੇ ਪਾਵਰਕੌਮ ਦੇ ਸਬੰਧਤ ਐਕਸੀਅਨ ਦੀ ਆਪਸੀ ਮੀਟਿੰਗ ਹੋਈ ਜਿਸ ਵਿੱਚ ਪਾਵਰਕੌਮ ਵੱਲੋਂ ਕਿਹਾ ਗਿਆ ਕਿ ਉਨ੍ਹਾਂ ਵੱਲੋਂ ਬਿਜਲੀ ਬਿਨਾ ਕਿਸੇ ਕੱਟ ਤੋਂ ਆ ਰਹੀ ਹੈ ਜਦਕਿ ਹਸਪਤਾਲ ਅੰਦਰ ਦੀਆਂ ਤਾਰਾਂ ਅਤੇ ਹੋਰ ਉਪਰਕਨਾਂ ਦੀ ਖਰਾਬੀ ਨੂੰ ਠੀਕ ਕਰਨ ਦਾ ਕੰਮ ਹਸਪਤਾਲ ਦੇ ਲੋਕ ਨਿਰਮਾਣ ਵਿਭਾਗ ਦਾ ਹੈ।ਇੱਧਰ ਅੱਜ ਮੈਡੀਕਲ ਐਂਡ ਡੈਂਟਲ ਟੀਚਰਜ਼ ਐਸੋਸੀਏਸ਼ਨ ਵੱਲੋਂ ਇਸ ਜਵਾਬ ‘ਤੇ ਇਤਰਾਜ਼ ਪ੍ਰਗਟਾਇਆ ਗਿਆ। ਐਸੋਸੀਏਸ਼ਨ ਦੇ ਰਾਜਸੀ ਸਕੱਤਰ ਡਾ. ਡੀ. ਐਸ. ਭੁੱਲਰ ਦਾ ਕਹਿਣਾ ਹੈ ਕਿ ਐਕਸੀਅਨ ਦੇ ਬਿਆਨ ਅਨੁਸਾਰ ਹਸਪਤਾਲ ਦੇ ਪ੍ਰਬੰਧਕ ਜੋ ਕਿ ਡਾਕਟਰ ਹੀ ਹੁੰਦੇ ਹਨ, ਹੁਣ ਆਪਣੀ ਪ੍ਰਬੰਧਕੀ ਅਤੇ ਡਾਕਟਰੀ ਡਿਊਟੀਆਂ ਦੇ ਨਾਲ ਨਾਲ ਬਿਜਲੀ ਦੀਆਂ ਤਾਰਾਂ ਕਸਣ ਦਾ ਕੰਮ ਵੀ ਕਰਨਗੇ ਜੋ ਕਿ ਇੱਕ ਹਾਸੋਹੀਣਾ ਅਤੇ ਗੈਰ ਜਿੰਮੇਵਾਰਾਨਾ ਬਿਆਨ ਹੈ। ਕਿਉਂਕਿ ਹਸਪਤਾਲ ਵਿੱਚ ਬਿਜਲੀ ਦੇ ਕੰਮਕਾਰ ਨੂੰ ਸਹੀ ਢੰਗ ਨਾਲ ਚਲਾਉਣ ਲਈ ਸਪੈਸ਼ਲ ਬਿਜਲੀ ਵਿੰਗ ਕੰਮ ਕਰ ਰਿਹਾ ਹੈ ਅਤੇ ਬਿਜਲੀ ਸਪਲਾਈ ਅਤੇ
ਇਸ ਦੀ ਦੇਖ ਰੇਖ ਲਈ ਹਰ ਤਰ੍ਹਾਂ ਦੀ ਜਿੰਮੇਵਾਰੀ ਬਿਜਲੀ ਵਿੰਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਹੀ ਬਣਦੀ ਹੈ।
ਜਦਕਿ ਐਕਸੀਅਨ ਅਨੁਸਾਰ ਹਸਪਤਾਲ ਵਿੱਚ ਬਿਜਲੀ ਕੁਨੈਕਸ਼ਨ ਤੋਂ ਬਾਅਦ ਲਾਈਨਾਂ, ਟਰਾਂਸਫਾਰਮਰਾਂ ਅਤੇ ਹੋਰ ਢਾਂਚੇ ਦੀ ਦੇਖਭਾਲ ਦੀ ਜਿੰਮੇਵਾਰੀ ਹਸਪਤਾਲ ਪ੍ਰਬੰਧ ਦੀ ਹੈ। ਇੱਧਰ ਮੈਡੀਕਲ ਐਸੋਸੀਏਸ਼ਨ ਦੇ ਆਗੂਆਂ ਦਾ ਕਹਿਣਾ ਹੈ ਕਿ ਅਜਿਹੀਆਂ ਸਮੱਸਿਆਵਾਂ ਨੂੰ ਹਸਪਤਾਲ ਪ੍ਰਬੰਧਕਾਂ ਦੇ ਨੋਟਿਸ ਵਿੱਚ ਲਿਆਉਣਾ ਇਥੇ ਡਿਊੇਟੀ ‘ਤੇ ਤਾਇਨਤ ਬਿਜਲੀ ਕਰਮਚਾਰੀਆਂ ਅਤੇ ਅਧਿਕਾਰੀਆਂ ਦੀ ਹੀ ਹੁੰਦੀ ਹੈ ਜਿਨ੍ਹਾਂ ਦੀ ਇਸ ਸਬੰਧੀ ਦਿਨ-ਰਾਤ ਡਿਊਟੀ ਲੱਗੀ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਬਿਜਲੀ ਸਬੰਧੀ ਹਸਪਤਾਲ ਵਿੱਚ ਪਿਛਲੇ ਸਮੇਂ ਦੌਰਾਨ ਹੋਈਆਂ ਘਟਨਾਵਾਂ ਅਤੇ ਭਵਿੱਖ ਵਿੱਚ ਹੋਣ ਵਾਲੀਆਂ ਅਜਿਹੀਆਂ ਅਣਸੁਖਾਵੀਆਂ ਘਟਨਾਵਾਂ ਤੋਂ ਬਿਜਲੀ ਵਿਭਾਗ ਆਪਣਾ ਪੱਲਾ ਝਾੜਨਾ ਚਾਹੁੰਦਾ ਹੈ ਪ੍ਰੰਤੂ ਮੈਡੀਕਲ ਐਸੋਸੀਏਸ਼ਨ ਵੱਲੋਂ ਬਿਜਲੀ ਵਿਭਾਗ ਦਾ ਅਜਿਹਾ ਰਵੱਈਆ ਹਜਮ ਨਹੀਂ ਕੀਤਾ ਜਾ ਸਕਦਾ।
ਉਪਕਰਨਾਂ ‘ਚ ਖਰਾਬੀ ਲਈ ਹਸਪਤਾਲ ਪ੍ਰਬੰਧਕ ਜਿੰਮੇਵਾਰ: ਐਕਸੀਅਨ
ਇਸ ਸਬੰਧੀ ਜਦੋਂ ਪਾਵਰਕੌਮ ਦੇ ਐਕਸੀਅਨ ਗੁਰਪੀ੍ਰਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪਾਵਰਕੌਮ ਵੱਲੋਂ 1965 ਤੋਂ ਰਜਿੰਦਰਾ ਹਸਪਤਾਲ ਨੂੰ ਆਪਣੀ ਸਿੰਗਲ ਫੇਸ ਸਪਲਾਈ ਦਿੱਤੀ ਹੋਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਦਿੱਤੀ ਸਪਲਾਈ ਪੂਰੀ ਠੀਕ ਤਰੀਕੇ ਨਾਲ ਜਾ ਰਹੀ ਹੈ ਅਤੇ ਕਦੇ 5 ਮਿੰਟ ਲਈ ਕੋਈ ਕੱਟ ਲੱਗਿਆ ਹੋਵੇਗਾ ਜਦਕਿ ਹਸਪਤਾਲ ਅੰਦਰ ਜੋਂ ਤਾਰਾਂ ਆਦਿ ਦੀ ਸਪਲਾਈ ਜਾਂ ਉਪਰਕਨ ਹਨ, ਉਨ੍ਹਾਂ ਨੂੰ ਸਹੀ ਤਰੀਕੇ ਨਾਲ ਰੱਖਣਾ ਜਾ ਚੈੱਕ ਕਰਨਾ ਹਸਪਤਾਲ ਵਿਭਾਗ ਦੀ ਜਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਹਸਪਤਾਲ ਵੱਲੋਂ ਇਸ ਮਾਮਲੇ ਸਬੰਧੀ ਸਾਰੀ ਜਿੰਮੇਵਾਰੀ ਪਾਵਰਕੌਮ ‘ਤੇ ਸੁੱਟੀ ਜਾ ਰਹੀ ਹੈ।