‘ਚਿੱਟੇ ਸੋਨੇ’ ਨੂੰ ‘ਗੁਲਾਬੀ ਸੁੰਡੀ’ ਤੋਂ ਬਚਾਉਣਾ ਕਿਸਾਨਾਂ ਲਈ ਪ੍ਰੀਖਿਆ

Cotton Crop

Bathinda (ਸੁਖਜੀਤ ਮਾਨ)। ਪੰਜਾਬ-ਹਰਿਆਣਾ ਦੇ ਖੇਤਾਂ ’ਚ ਹੁਣ ਨਰਮੇ ਦੀ ਖੇਤੀ ਘਟ ਗਈ ਹੈ। ਨਰਮੇ ’ਤੇ ਹੁੰਦਾ ਸੁੰਡੀ ਦਾ ਹਮਲਾ ਖੇਤੀ ਮਾਹਿਰਾਂ ਤੋਂ ਨਹੀਂ ਰੁਕ ਰਿਹਾ। ਮਾਹਿਰ ਕਿਸਾਨਾਂ ਨੂੰ ਭਾਂਤ-ਭਾਂਤ ਦੀਆਂ ਸਲਾਹਾਂ ਦਿੰਦੇ ਨੇ ਪਰ ਸਭ ਯਤਨਾਂ ਦੇ ਬਾਵਜੂਦ ਸੁੰਡੀ ‘ਚਿੱਟੇ ਸੋਨੇ’ ਨੂੰ ਚੱਟ ਜਾਂਦੀ ਹੈ। ਨਰਮੇ ਹੇਠ ਰਕਬਾ ਵਧਾਉਣਾ ਸਰਕਾਰਾਂ ਲਈ ਵੀ ਚੁਣੌਤੀ ਬਣ ਗਿਆ ਹੈ। ਪੰਜਾਬ-ਹਰਿਆਣਾ ਤੇ ਰਾਜਸਥਾਨ ਤਿੰਨ ਸੂਬਿਆਂ ਦੇ ਖੇਤੀ ਮਾਹਿਰ ਇਸ ਮਸਲੇ ਨਾਲ ਨਜਿੱਠਣ ਲਈ ਸਿਰ ਜੋੜ ਕੇ ਬੈਠਦੇ ਹਨ ਤਾਂ ਜੋ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਨਰਮੇ ਹੇਠ ਰਕਬਾ ਵਧਾਇਆ ਜਾ ਸਕੇ। (Cotton Crop)

ਖੇਤੀ ਮਾਹਿਰਾਂ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਨਰਮੇ ਦੀ ਬਿਜਾਈ 15 ਮਈ ਤੱਕ ਕਰ ਲਈ ਜਾਵੇ ਕਿਉਂਕਿ ਇਸ ਤੋਂ ਜ਼ਿਆਦਾ ਲੇਟ ਹੋਣ ’ਤੇ ਫਸਲਾਂ ਦਾ ਵਾਧਾ ਘੱਟ ਹੁੰਦਾ ਹੈ ਤੇ ਬਿਮਾਰੀਆਂ ਦਾ ਵਾਧਾ ਜ਼ਿਆਦਾ ਹੁੰਦਾ ਹੈ। ਨਰਮੇ ਦੀ ਬਿਜਾਈ ਸ਼ਾਮ ਵੇਲੇ ਠੀਕ ਰਹਿੰਦੀ ਹੈ ਕਿਉਂਕਿ ਸਵੇਰੇ ਜਾਂ ਦੁਪਹਿਰੇ ਬਿਜਾਈ ਕਰਨ ’ਤੇ ਜ਼ਮੀਨ ਦਾ ਵੱਤਰ ਸੁੱਕ ਜਾਂਦਾ ਹੈ, ਜੋ ਬੀਜ ਦੇ ਜਲਦੀ ਨਿੱਕਲਣ ’ਚ ਸਹਾਈ ਨਹੀਂ ਹੁੰਦਾ। ਫਸਲ ਬਚਾਉਣ ਲਈ ਇਕੱਲੇ ਦੁਕਾਨਦਾਰਾਂ ਨਹੀਂ ਸਗੋਂ ਖੇਤੀਬਾੜੀ ਮਾਹਿਰਾਂ ਦੀ ਸਲਾਹ ਮੁਤਾਬਿਕ ਰੇਹਾਂ-ਸਪਰੇਆਂ ਵਰਤੀਆਂ ਜਾਣ। ਨਰਮੇ ਦੀ ਬਿਜਾਈ ਲਈ ਭਰਵੀਂ ਰੌਣੀ ਨਹਿਰੀ ਪਾਣੀ ਨਾਲ ਹੀ ਕੀਤੀ ਜਾਵੇ। (Cotton Crop)

ਚਿੱਟੀ ਮੱਖੀ ਦੇ ਫੈਲਾਅ ਨੂੰ ਰੋਕਣ ਲਈ… | Cotton Crop

ਨਰਮੇ ਦੀ ਫਸਲ ਨੂੰ ਝੋਨੇ ਦੀ ਫਸਲ ਨਾਲੋਂ 75 ਫ਼ੀਸਦੀ ਪਾਣੀ ਦੀ ਘੱਟ ਜ਼ਰੂਰਤ ਹੁੰਦੀ ਹੈ ਇਸ ਲਈ ਮਾਹਿਰ ਕਿਸਾਨਾਂ ਨੂੰ ਨਰਮੇ ਦੀ ਫਸਲ ਲਈ ਜ਼ਿਆਦਾ ਉਤਸ਼ਾਹਿਤ ਕਰਦੇ ਹਨ। ਮਾਹਿਰਾਂ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਚਿੱਟੀ ਮੱਖੀ ਦੇ ਫੈਲਾਅ ਨੂੰ ਰੋਕਣ ਲਈ ਬਿਜਾਈ ਤੋਂ ਪਹਿਲਾਂ ਖਾਲੀ ਥਾਵਾਂ, ਸੜਕਾਂ ਦੇ ਕਿਨਾਰਿਆਂ ਅਤੇ ਖਾਲਾਂ ਦੀਆਂ ਵੱਟਾਂ ਆਦਿ ਤੋਂ ਚਿੱਟੀ ਮੱਖੀ ਤੇ ਪੱਤਾ ਮਰੋੜ ਬਿਮਾਰੀ ਦਾ ਫੈਲਾਅ ਕਰਨ ਵਾਲੇ ਨਦੀਨ ਕੰਘੀ ਬੂਟੀ, ਪੀਲੀ ਬੂਟੀ, ਪੁੱਠਕੰਡਾ ਆਦਿ ਨੂੰ ਨਸ਼ਟ ਕਰ ਦਿਓ।

Also Read : ਕਿਸਾਨਾਂ ਲਈ ਲਾਹੇਵੰਦ ਸਿੱਧ ਹੋਵੇਗੀ ਇਹ ਇੰਟਰਵਿਊ, ਦੇਖੋ ਪੂਰੀ Video…

ਕਿਸਾਨ ਕਦੇ ਵੀ ਸਿਫਾਰਸ਼ ਕੀਤੀਆਂ ਗਈਆਂ ਕੀਟਨਾਸ਼ਕਾਂ ਤੋਂ ਬਿਨਾਂ ਹੋਰ ਚੀਜ ਦੀ ਵਰਤੋਂ ਨਾ ਕਰਨ। ਕਿਸਾਨ ਇਸ ਗੱਲ ਦਾ ਵੀ ਧਿਆਨ ਰੱਖਣ ਕਿ ਗੈਰ-ਪ੍ਰਮਾਣਿਤ ਕਿਸਮਾਂ ਦੀ ਬਿਜਾਈ ਨਾ ਕੀਤੀ ਜਾਵੇ। ਬੈਂਗਣ ਦੀ ਫਸਲ ਪੱਕਣ ਤੋਂ ਬਾਅਦ ਖੇਤ ’ਚੋਂ ਪੁੱਟ ਕੇ ਨਸ਼ਟ ਕਰ ਦਿੱਤੀ ਜਾਵੇ ਅਤੇ ਨਰਮੇ ’ਚ ਖੀਰਾ, ਚੱਪਣ ਕੱਦੂ ਤੇ ਤਰਾਂ ਆਦਿ ਦੀ ਬਿਜਾਈ ਨਾ ਕੀਤੀ ਜਾਵੇ ਕਿਉਂਕਿ ਇਨ੍ਹਾਂ ’ਤੇ ਪੈਦਾ ਹੋਈ ਮੱਖੀ ਨਰਮੇ ’ਚ ਵੀ ਫੈਲ ਜਾਵੇਗੀ।

ਨਰਮੇ ਦੀਆਂ ਛਟੀਆਂ ਹੀ ਹਨ ਨਰਮੇ ਦੀਆਂ ਵੈਰੀ | Cotton Crop

ਨਰਮੇ ਦੀ ਖੇਤੀ ਕਰਨ ਵਾਲੇ ਕਿਸਾਨ ਇਸ ਗੱਲ ਤੋਂ ਭਲੀਭਾਂਤ ਜਾਣੂੰ ਹਨ ਕਿ ਪਿਛਲੇ ਦੋ-ਤਿੰਨ ਸਾਲਾਂ ’ਚ ਕਿਸ ਤਰ੍ਹਾਂ ਗੁਲਾਬੀ ਸੁੰਡੀ ਨੇ ਖੇਤਾਂ ਦੇ ਖੇਤ ਖਾਲੀ ਕਰ ਦਿੱਤੇ। ਅੱਕੇ ਹੋਏ ਕਿਸਾਨਾਂ ਨੂੰ ਨਰਮੇ ਦੀ ਫਸਲ ਵਾਹੁਣੀ ਪਈ ਸੀ। ਗੁਲਾਬੀ ਸੁੰਡੀ ਜ਼ਿਆਦਾਤਰ ਵੜੇਵਿਆਂ ਵਾਲੀਆਂ ਫੈਕਟਰੀਆਂ ’ਚ ਪਏ ਵੜੇਵਿਆਂ ਅਤੇ ਨਰਮੇ ਦੀਆਂ ਛਟੀਆਂ ’ਚ ਹੀ ਪੈਦਾ ਹੁੰਦੀ ਹੈ। ਖੇਤੀਬਾੜੀ ਵਿਭਾਗ ਦੀਆਂ ਟੀਮਾਂ ਨੇ ਹੁਣ ਇਨ੍ਹਾਂ ਦੋਵਾਂ ਚੀਜ਼ਾਂ ’ਤੇ ਹੀ ਬਾਜ਼ ਅੱਖ ਰੱਖੀ ਹੋਈ ਹੈ ਕਿ ਉਹ ਖੇਤੀ ਖੇਤਰ ’ਚੋਂ ਛਟੀਆਂ ਦਾ ਨਿਪਟਾਰਾ ਕਰਵਾ ਰਹੀਆਂ ਹਨ ਅਤੇ ਫੈਕਟਰੀਆਂ ’ਚ ਪਏ ਫੋਕਟ ਸਾਮਾਨ ਨੂੰ ਵੀ ਸਾਂਭਿਆ ਜਾ ਰਿਹਾ ਹੈ ਤਾਂ ਕਿ ਉੱਥੋਂ ਪੈਦਾ ਹੋਈ ਗੁਲਾਬੀ ਸੁੰਡੀ ਖੇਤਾਂ ’ਚ ਨਾ ਜਾਵੇ।