ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਵੱਲੋਂ ਚੋਣ ਪ੍ਰਚਾਰ ਜਾਰੀ
ਸ੍ਰੀ ਅਨੰਦਪੁਰ ਸਾਹਿਬ (ਸੱਚ ਕਹੂੰ ਨਿਊਜ਼)। ਲੋਕ ਸਭਾ ਚੋਣਾਂ 2024 ਦੌਰਾਨ ਸ੍ਰੀ ਅਨੰਦਪੁਰ ਸਾਹਿਬ ਹਲਕਾ ’ਚ ਕਾਂਗਰਸ ਅਤੇ ਭਾਜਪਾ ਆਪਣੇ ਉਮੀਦਵਾਰਾਂ ਦਾ ਐਲਾਨ ਕਰਨ ਵਿੱਚ ਪੱਛੜ ਗਏ ਹਨ, ਜਿਸ ਕਾਰਨ ਇਨ੍ਹਾਂ ਦੋਵਾਂ ਪਾਰਟੀਆਂ ਦੇ ਪਹਿਲੀ ਕਤਾਰ ਦੇ ਆਗੂਆਂ ਤੇ ਸੀਨੀਅਰ ਵਰਕਰਾਂ ਵਿੱਚ ਮਾਯੂਸੀ ਪਾਈ ਜਾ ਰਹੀ ਹੈ, ਜਦੋਂ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੇ ਚੋਣ ਅਖਾੜਾ ਮਘਾ ਦਿੱਤਾ ਹੈ। (Election Campaigning)
ਕਾਂਗਰਸ ਤੇ ਭਾਜਪਾ ਨਾ ਐਲਾਨ ਸਕੀਆਂ ਆਪਣੇ ਉਮੀਦਵਾਰ | Election Campaigning
ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ’ਚ ਰੂਪਨਗਰ, ਸਹਿਬਜ਼ਾਦਾ ਅਜੀਤ ਸਿੰਘ ਨਗਰ ਮੁਹਾਲੀ,ਖਰੜ, ਸ੍ਰੀ ਚਮਕੌਰ ਸਾਹਿਬ, ਸ਼ਹੀਦ ਭਗਤ ਸਿੰਘ ਨਗਰ, ਬਲਾਚੌਰ, ਬੰਗਾ, ਗੜ੍ਹਸ਼ੰਕਰ ਦੇ ਵਿਧਾਨ ਸਭਾ ਹਲਕਿਆਂ ਦੀ ਬੈਲਟ ਹੈ, ਜਿਸ ਵਿੱਚ ਹਰ ਤਰ੍ਹਾਂ ਦੇ ਵੋਟਰ ਮੌਜ਼ੂਦ ਹਨ। ਨੀਮ ਪਹਾੜੀ ਇਲਾਕੇ (ਚੰਗਰ) ਦੇ ਨਾਲ ਨਾਲ ਕੰਢੀ ਖੇਤਰ ਦੇ ਵੋਟਰਾਂ ਦੀ ਬਹੁਗਿਣਤੀ ਹੈ।
ਕੁਦਰਤੀ ਨਜ਼ਾਰਿਆਂ ਨਾਲ ਘਿਰੇ ਇਸ ਸਮੁੱਚੇ ਇਲਾਕੇ ਵਿੱਚ ਰਾਜਨੀਤੀ ਹਰ ਦਿਨ ਨਵੀਆਂ ਕਰਵਟਾਂ ਬਦਲਦੀ ਹੈ, ਜਿਸ ਕਾਰਨ ਇਸ ਇਲਾਕੇ ਵਿੱਚ ਪਛੜੇ ਉਮੀਦਵਾਰਾਂ ਦੇ ਪੈਰ ਟਿਕਣ ਦੀਆਂ ਸੰਭਾਵਨਾਵਾਂ ਹਰ ਦਿਨ ਪੱਛੜ ਰਹੀਆਂ ਹਨ ਤੇ ਉਨ੍ਹਾਂ ਰਵਾਇਤੀ ਪਾਰਟੀਆਂ ਦੇ ਸਹਿਯੋਗੀ ਵਰਕਰਾਂ ਨੂੰ ਹਤਾਸ਼ਾ ਹੱਥ ਲੱਗ ਰਹੀ ਹੈ, ਜਿਨ੍ਹਾਂ ਦੇ ਉਮੀਦਵਾਰ ਇਸ ਘੁੰਮਣ ਘੇਰੀ ਵਿਚ ਚੋਣਾਂ ਦੌਰਾਨ ਗੋਤਾ ਖਾ ਸਕਦੇ ਹਨ, ਕਿਉਕਿ ਐਲਾਨੇ ਗਏ ਉਮੀਦਵਾਰਾਂ ਨੇ ਆਪਣੇ ਸਾਰੇ 9 ਵਿਧਾਨ ਸਭਾ ਹਲਕਿਆਂ ਵਿਚ ਲਗਾਤਾਰ ਦੌਰੇ ਕਰਕੇ ਕਈ ਕਈ ਬੈਠਕਾਂ ਕਰ ਲਈਆਂ ਹਨ।
ਉਨ੍ਹਾਂ ਵੱਲੋਂ ਹਰ ਛੋਟੇ ਵੱਡੇ ਧਾਰਮਿਕ ਸਮਾਜਿਕ, ਰਾਜਨੀਤਿਕ ਸਮਾਗਮਾਂ ਵਿਚ ਸ਼ਿਰਕਤ ਕਰਨ ਦੇ ਨਾਲ ਨਾਲ ਖੁਸ਼ੀਆਂ ਤੇ ਗਮੀਆਂ ਦੇ ਸਮਾਗਮਾਂ ਵਿੱਚ ਵੀ ਸ਼ਮੂਲੀਅਤ ਕੀਤੀ ਜਾ ਰਹੀ ਹੈ। ਇਨ੍ਹਾਂ ਸਾਰੇ 9 ਵਿਧਾਨ ਸਭਾ ਹਲਕਿਆਂ ਵਿੱਚ ਮੌਜ਼ੂਦ ਹੁਕਮਰਾਨ ਸਰਕਾਰ ਦੇ ਮੰਤਰੀ, ਵਿਧਾਇਕ ਤੇ ਹਲਕਾ ਇੰਚਾਰਜ ਪੂਰੀ ਸਿੱਦਤ ਨਾਲ ਲੱਗੇ ਹੋਏ ਹਨ, ਜਦੋ ਕਿ ਭਾਜਪਾ ਦਾ ਸਾਥ ਟੁੱਟਣ ਕਾਰਨ ਨਾਮੋਸ਼ੀ ਵਿਚ ਆਇਆ ਸ਼੍ਰੋਮਣੀ ਅਕਾਲੀ ਦਲ ਹੁਣ ਇਨ੍ਹਾਂ ਲੋਕ ਸਭਾ ਚੋਣਾ ਦੌਰਾਨ ਆਪਣੀ ਸ਼ਾਖ ਬਚਾਉਣ ਵਿਚ ਲੱਗ ਗਿਆ ਹੈ।
ਸੰਤਾਪ ਹੰਢਾਅ ਰਹੇ ਨੇ ਲੋਕ | Election Campaigning
ਇਹ ਸਮੁੱਚਾ ਇਲਾਕਾ ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਬਰਸਾਤ ਹੋਣ ਕਾਰਨ ਹਰ ਸਾਲ ਬਰਸਾਤਾ ਦੇ ਦਿਨਾਂ ਵਿੱਚ ਆਏ ਪਹਾੜਾਂ ਦੇ ਭਾਰੀ ਮੀਂਹ ਦੇ ਪਾਣੀ ਅਤੇ ਭਾਖੜਾ ਡੈਮ ਤੋਂ ਵੱਧ ਪਾਣੀ ਛੱਡਣ ਕਾਰਨ ਸਤਲੁਜ ਦਰਿਆਂ ਅਤੇ ਸਵਾਂ ਨਦੀ ਦੇ ਚੈਨਲਾਈਜ਼ ਨਾ ਹੋਣ ਦਾ ਸੰਤਾਪ ਹੰਢਾਉਦਾ ਹੈ, ਜਦੋਂ ਕਿ ਉੱਤਰੀ ਭਾਰਤ ਦੇ ਪ੍ਰਸਿੱਧ ਸ਼ਕਤੀ ਪੀਠ ਮਾਤਾ ਸ੍ਰੀ ਨੈਣਾ ਦੇਵੀ ਨੂੰ (ਹਿਮਾਚਲ ਪ੍ਰਦੇਸ਼) ਪੰਜਾਬ ਨਾਲ ਗੜ੍ਹਸ਼ੰਕਰ ਤੱਕ ਜੋੜਨ ਵਾਲੀ ਦੁਆਬੇ ਦੀ ਮੁੱਖ ਸੜਕ ਨੂੰ ਕੇਂਦਰ ਵੱਲੋਂ ਨਾ ਬਣਾਉਣ ਦਾ ਰੋਸਾ ਵੀ ਇਸ ਇਲਾਕੇ ਵਿੱਚ ਸਾਫ ਝਲਕ ਰਿਹਾ ਹੈ। ਬੇਸਹਾਰਾ ਪਸ਼ੂਆਂ ਵੱਲੋਂ ਇਸ ਇਲਾਕੇ ਵਿਚ ਛੋਟੇ ਕਿਸਾਨਾਂ ਦੀਆਂ ਜ਼ਮੀਨਾ ਨੂੰ ਉਜਾੜਨ ਤੋ ਬਚਾਉਣ ਦੇ ਢੁਕਵੇਂ ਪ੍ਰਬੰਧ ਕਰਨ ਦੇ ਸਰਕਾਰ ਦੇ ਲਾਰੇ ਵੀ ਹੁਣ ਬੇਅਸਰ ਹੋ ਚੁੱਕੇ ਹਨ। ਬਲਾਚੌਰ ਵਿੱਚ ਲੱਕੜ ਮੰਡੀ ਦੀ ਮੰਗ ਵੀ ਦਹਾਕਿਆਂ ਤੋਂ ਲੋਕਾਂ ਨੂੰ ਤਰਸਾ ਰਹੀ ਹੈ।
ਹਲਕੇ ’ਚ ਕੁਝ ਸੁਧਾਰ ਦੀਆਂ ਝਲਕਾਂ
ਧਾਰਮਿਕ ਤੇ ਸੈਰ ਸਪਾਟਾ ਸੰਨਤ ਨੂੰ ਪ੍ਰਫੁੱਲਿਤ ਕਰਨ ਲਈ ਇਸ ਇਲਾਕੇ ਵਿੱਚ ਭਾਵੇ ਦੋ ਸਾਲਾਂ ਤੋਂ ਮੌਜ਼ੂਦਾ ਸਰਕਾਰ ਨੇ ਸੰਭਾਵਨਾਵਾਂ ਤਲਾਸ਼ ਕਰਕੇ ਉਨ੍ਹਾਂ ਉਤੇ ਬਹੁਤ ਕੰਮ ਕੀਤਾ ਹੈ। ਸਰਕਾਰ ਦੇ ਬਿਜਲੀ ਮਾਫੀ ਦੇ ਕੇ ਘਰਾਂ ਨੂੰ ਮੁਫਤ ਬਿਜਲੀ ਦੀ ਸਹੂਲਤ, ਇਸਤਰੀਆਂ ਮੁਫਤ ਬੱਸ ਸਫਰ, ਸਿਹਤ ਅਤੇ ਸਿੱਖਿਆ ਵਿਚ ਚੋਖੇ ਸੁਧਾਰ ਦਾ ਅਸਰ ਇਸ ਇਲਾਕੇ ਵਿਚ ਹਰ ਘਰ ਵਿਚ ਦੇਖਿਆ ਜਾ ਰਿਹਾ ਹੈ ਅਤੇ ਸ੍ਰੋਮਣੀ ਅਕਾਲੀ ਦਲ ਆਪਣੇ ਦਹਾਕਿਆਂ ਪਹਿਲਾਂ ਕਰਵਾਏ ਵਿਕਾਸ ਦਾ ਗੁਣਗਾਨ ਕਰਕੇ ਸਿਆਸੀ ਲਾਹਾ ਲੈਣ ਲਈ ਚਾਰਾਜੋਈ ਕਰ ਰਿਹਾ ਹੈ। ਭਾਜਪਾ ਦਿੱਗਜ਼ ਆਗੂ ਦੀ ਤਲਾਸ਼ ਵਿੱਚ ਹੈ, ਜਦੋਂ ਕਿ ਕਾਂਗਰਸ ਦੇ ਮੌਜ਼ੂਦਾ ਐੱਮਪੀ ਚੰਡੀਗੜ੍ਹ ਤੋ ਲੋਕ ਸਭਾ ਵਿਚ ਕੁੱਦ ਗਏ ਹਨ। ਇਨ੍ਹਾਂ ਲੋਕ ਸਭਾ ਚੋਣਾਂ ਦੌਰਾਨ ਉਮੀਦਵਾਰ ਐਲਾਨਣ ਤੋ ਪੱਛੜ ਕੇ ਚੱਲ ਰਹੀਆਂ ਪਾਰਟੀਆਂ ਨੂੰ ਆਪਣੀ ਬੇਲੋੜੀ ਦੇਰੀ ਦਾ ਮਖਿਆਜਾ ਭੁਗਤਣਾ ਪੈ ਸਕਦਾ ਹੈ।
Also Read : Lok Sabha Election 2024: 13 ਸੂਬਿਆਂ ਦੀਆਂ 88 ਸੀਟਾਂ ’ਤੇ ਵੋਟਿੰਗ ਜਾਰੀ, ਵੇਖੋ VIDEO