ਆਖਿਰ ਮੋਹਿੰਦਰ ਸਿੰਘ ਕੇਪੀ ਨੇ ਕਿਉਂ ਛੱਡੀ ਕਾਂਗਰਸ? ਪੜ੍ਹੋ ਕੀ ਕਿਹਾ…

Mohinder Singh KP

ਕਾਂਗਰਸ ਦੀ ਟਿਕਟ ਨਾ ਮਿਲਣ ਤੋਂ ਖਫਾ ਸਨ ਮੋਹਿੰਦਰ ਸਿੰਘ ਕੇਪੀ, ਚੰਨੀ ਦੀ ਵੀ ਨਾ ਮੰਨੀ

  • ਕਾਂਗਰਸ ਪਾਰਟੀ ’ਚ ਨਹੀਂ ਐ ਚੰਗੇ ਲੀਡਰਾਂ ਦੀ ਕਦਰ, ਪਾਰਟੀ ਨੂੰ ਛੱਡਿਆ ਨਹੀਂ ਕੱਢਿਆ ਗਿਐ : ਕੇਪੀ
  • ਆਖਿਆ, ਕਾਂਗਰਸ ਵੱਲੋਂ ਕੀਤੀ ਗਈ 2022 ਦੀ ਬਦਸਲੂਕੀ ਨਹੀਂ ਭੁੱਲਿਆ ਤੇ ਹੁਣ ਵੀ ਨਹੀਂ ਦਿੱਤੀ ਟਿਕਟ

ਚੰਡੀਗੜ੍ਹ (ਅਸ਼ਵਨੀ ਚਾਵਲਾ)। ਦੋ ਦਹਾਕਿਆਂ ਤੋਂ ਕਾਂਗਰਸ ਪਾਰਟੀ ਨਾਲ ਜੁੜ ਕੇ ਪੰਜਾਬ ਦੀ ਸਿਆਸਤ ਵਿੱਚ ਚੰਗਾ ਰੁਤਬਾ ਰੱਖਣ ਵਾਲੇ ਮੋਹਿੰਦਰ ਸਿੰਘ ਕੇਪੀ ਨੇ ਆਖ਼ਰਕਾਰ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਹੀ ਦਿੱਤਾ ਹੈ। ਮੋਹਿੰਦਰ ਸਿੰਘ ਕੇਪੀ ਵੱਲੋਂ ਲੋਕ ਸਭਾ ਸੀਟ ਲਈ ਟਿਕਟ ਦੀ ਮੰਗ ਕੀਤੀ ਜਾ ਰਹੀ ਸੀ, ਉਹ ਜਲੰਧਰ ਤੋਂ ਟਿਕਟ ਨਾ ਮਿਲਣ ਕਰਕੇ ਪਾਰਟੀ ਤੋਂ ਨਾਰਾਜ਼ ਚੱਲ ਰਹੇ ਸਨ ਕੇਪੀ ਨੇ ਕਿਹਾ ਕਿ ਉਹ ਅਜੇ 2022 ’ਚ ਕਾਂਗਰਸ ਵੱਲੋਂ ਕੀਤੀ ਗਈ ਬਦਸਲੂਕੀ ਨਹੀਂ ਭੁੱਲੇ ਸਨ ਕਿ ਹੁਣ ਫਿਰ ਉਨ੍ਹਾਂ ਨੂੰ ਟਿਕਟ ਨਹੀਂ ਦਿੱਤੀ ਮੋਹਿੰਦਰ ਸਿੰਘ ਕੇਪੀ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਕਰਦੇ ਹੋਏ ਸੁਖਬੀਰ ਬਾਦਲ ਨੇ ਤੁਰੰਤ ਜਲੰਧਰ ਲੋਕ ਸਭਾ ਸੀਟ ਤੋਂ ਆਪਣਾ ਉਮੀਦਵਾਰ ਵੀ ਬਣਾ ਦਿੱਤਾ ਹੈ। ਜਿਸ ਕਾਰਨ ਜਲੰਧਰ ਵਿਖੇ ਕਾਫ਼ੀ ਜ਼ਿਆਦਾ ਫਸਵੀਂ ਟੱਕਰ ਹੋਣ ਦੇ ਆਸਾਰ ਵੀ ਬਣ ਗਏ ਹਨ। (Mohinder Singh KP)

Dream-11: ਡ੍ਰੀਮ-11 ਦੇ ਜਾਲ ’ਚ ਫਸ ਕੇ ਵਿੱਤੀ ਨੁਕਸਾਨ ਝੱਲਦੇ ਲੋਕ

ਮੋਹਿੰਦਰ ਸਿੰਘ ਕੇਪੀ ਦਾ ਕਾਂਗਰਸ ਪਾਰਟੀ ਨੂੰ ਛੱਡਣਾ ਕੁਝ ਦਿਨ ਪਹਿਲਾਂ ਹੀ ਤੈਅ ਹੋ ਗਿਆ ਸੀ ਫਿਰ ਵੀ ਜਲੰਧਰ ਤੋਂ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੇ ਆਪਣੀ ਆਖਰੀ ਕੋਸ਼ਿਸ਼ ਕਰਦੇ ਹੋਏ ਬੀਤੀ ਰਾਤ ਹੀ ਮੋਹਿੰਦਰ ਸਿੰਘ ਕੇਪੀ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਮੋਹਿੰਦਰ ਸਿੰਘ ਕੇਪੀ ਵੱਲੋਂ ਸਾਫ਼ ਸਬਦਾਂ ਵਿੱਚ ਹੀ ਇਨਕਾਰ ਕਰ ਦਿੱਤਾ ਗਿਆ ਸੀ। ਜਿਸ ਤੋਂ ਸਾਫ਼ ਸੀ ਕਿ ਕੇਪੀ ਹੁਣ ਅਕਾਲੀ ਦਲ ਵਿੱਚ ਸ਼ਾਮਲ ਹੁੰਦੇ ਹੋਏ ਚਰਨਜੀਤ ਸਿੰਘ ਚੰਨੀ ਨੂੰ ਹੀ ਜਲੰਧਰ ਸੀਟ ਤੋਂ ਟੱਕਰ ਦੇਣਗੇ। ਮੋਹਿੰਦਰ ਸਿੰਘ ਕੇਪੀ 2009 ਵਿੱਚ ਜਲੰਧਰ ਲੋਕ ਸਭਾ ਸੀਟ ਤੋਂ ਕਾਂਗਰਸੀ ਉਮੀਦਵਾਰ ਰਹਿੰਦੇ ਹੋਏ ਜਿੱਤ ਹਾਸਲ ਕਰ ਗਏ ਸਨ। (Mohinder Singh KP)

ਪਰ ਉਨ੍ਹਾਂ ਨੂੰ 2014 ਵਿੱਚ ਵਿਜੈ ਸਾਂਪਲਾ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। 2019 ਵਿੱਚ ਮੋਹਿੰਦਰ ਸਿੰਘ ਕੇਪੀ ਨੂੰ ਟਿਕਟ ਨਹੀਂ ਦਿੱਤੀ ਗਈ ਸੀ ਅਤੇ ਉਨ੍ਹਾਂ ਨੂੰ 2022 ਵਿੱਚ ਵਿਧਾਨ ਸਭਾ ਚੋਣਾਂ ਲਈ ਉਮੀਦਵਾਰ ਬਣਾਉਣ ਦਾ ਵਾਅਦਾ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਟਿਕਟ ਤਾਂ ਦਿੱਤੀ ਗਈ ਪਰ ਨਾਮਜ਼ਦਗੀ ਕਾਗਜ਼ ਭਰਨ ਦੇ ਆਖਰੀ ਦਿਨ ਉਨ੍ਹਾਂ ਦੀ ਥਾਂ ’ਤੇ ਟਿਕਟ ਕਿਸੇ ਹੋਰ ਨੂੰ ਦੇ ਦਿੱਤੀ ਗਈ। ਜਿਸ ਕਾਰਨ ਉਨ੍ਹਾਂ ਨੂੰ ਰਿਟਰਨਿੰਗ ਅਧਿਕਾਰੀ ਦੇ ਦਫ਼ਤਰ ਵਿੱਚ ਨਿਰਾਸ਼ ਹੋ ਕੇ ਵਾਪਸ ਮੁੜਨਾ ਪਿਆ ਸੀ। ਜਿਸ ਤੋਂ ਬਾਅਦ ਉਹ ਲਗਾਤਾਰ ਕਾਂਗਰਸ ਪਾਰਟੀ ਤੋਂ ਨਰਾਜ਼ ਚਲਦੇ ਆ ਰਹੇ ਸਨ ਪਰ ਉਮੀਦ ਸੀ ਕਿ 2024 ਦੀ ਚੋਣ ਵਿੱਚ ਟਿਕਟ ਜ਼ਰੂਰ ਮਿਲੇਗੀ ਪਰ ਇਸ ਵਾਰ ਵੀ ਉਹ ਖ਼ਾਲੀ ਹੱਥ ਹੀ ਰਹਿ ਗਏ ਸਨ। (Mohinder Singh KP)