ਕੇਰਾਂ ਜਿੱਤ ਕੇ ਲਗਾਤਾਰ ਦੋ ਵਾਰ ਵਿਧਾਨ ਸਭਾ ਚੋਣ ਹਾਰੇ ਰਣਜੀਤ ਸਿੰਘ ਢਿੱਲੋਂ

Ranjit Singh Dhillon

ਸੂਬੇ ਦੀਆਂ ਮੁੱਖ ਸਿਆਸੀ ਪਾਰਟੀਆਂ ’ਚੋਂ ਆਪਣਾ ਉਮੀਦਵਾਰ ਐਲਾਨਣ ’ਚ ਫ਼ਾਡੀ ਕਾਂਗਰਸ ਨੂੰ ਅਜੇ ਨਹੀਂ ਮਿਲਿਆ ਉਮੀਦਵਾਰ

ਲੁਧਿਆਣਾ (ਜਸਵੀਰ ਸਿੰਘ ਗਹਿਲ)। ਇੱਕ ਜੂਨ ਨੂੰ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਲੋਕ ਸਭਾ ਹਲਕਾ ਲੁਧਿਆਣਾ ਸਣੇ ਸੂਬੇ ਦੀਆਂ ਕੁੱਲ 13 ਸੀਟਾਂ ’ਤੇ ਮੁੱਖ ਚਾਰ ਸਿਆਸੀ ਧਿਰਾਂ ਚੋਣ ਮੈਦਾਨ ’ਚ ਹੋਣਗੀਆਂ, ਜਿਨ੍ਹਾਂ ਤੋਂ ਬਿਨਾਂ ਖੇਤਰੀ ਪਾਰਟੀਆਂ ਤੇ ਅਜ਼ਾਦ ਉਮੀਦਵਾਰ ਵੀ ਆਪਣੀ ਕਿਸਮਤ ਅਜ਼ਮਾਉਣ ਲਈ ਉਤਰਨਗੇ। ਮੁੱਖ ਤੌਰ ’ਤੇ ਚਾਰ ਸਿਆਸੀ ਧਿਰਾਂ ਵਿੱਚੋਂ ਕਾਂਗਰਸ ਪਾਰਟੀ ਆਪਣਾ ਉਮੀਦਵਾਰ ਐਲਾਨਣ ’ਚ ਪੱਛੜ ਚੁੱਕੀ ਹੈ। ਜਦੋਂਕਿ ਅੱਜ ਸ਼੍ਰੋਮਣੀ ਅਕਾਲੀ ਦਲ (ਬ) ਨੇ ਵੀ ਆਪਣਾ ਉਮੀਦਵਾਰ ਚੋਣ ਮੈਦਾਨ ’ਚ ਉਤਾਰ ਦਿੱਤਾ ਹੈ।

Ranjit Singh Dhillon

ਸ਼੍ਰੋਮਣੀ ਅਕਾਲੀ ਦਲ (ਬ) ਵੱਲੋਂ ਗ੍ਰੇਜੂਏਟ ਰਣਜੀਤ ਸਿੰਘ ਢਿੱਲੋਂ ਨੂੰ ਆਪਣਾ ਉਮੀਦਵਾਰ ਬਣਾਇਆ ਗਿਆ ਹੈ, ਜਿਨ੍ਹਾਂ ਨੇ ਕੌਂਸਲਰ ਦੀ ਚੋਣ ਲੜ ਕੇ ਆਪਣੇ ਸਿਆਸੀ ਸਫ਼ਰ ਦੀ ਸ਼ੁਰੂਆਤ ਕੀਤੀ ਅਤੇ ਕੌਂਸਲਰ ਦੀ ਚੋਣ ਜਿੱਤ ਕੇ ਸ਼੍ਰੋਮਣੀ ਅਕਾਲੀ ਦਲ (ਬ) ’ਚ ਆਪਣਾ ਸਥਾਨ ਬਣਾਇਆ। ਇਸ ਤੋਂ ਬਾਅਦ ਢਿੱਲੋਂ ਨੇ ਸ਼੍ਰੋਮਣੀ ਅਕਾਲੀ ਦਲ (ਬ) ’ਚ ਸਰਗਰਮ ਆਗੂ ਵਜੋਂ ਵਿਚਰਨਾ ਸ਼ੁਰੂ ਕਰ ਦਿੱਤਾ। ਜਿਸ ਤੋਂ ਬਾਅਦ ਰਣਜੀਤ ਸਿੰਘ ਢਿੱਲੋਂ ਨੂੰ ਅਕਾਲੀ ਦਲ (ਬ) ਨੇ 2012 ਵਿੱਚ ਲੁਧਿਆਣਾ ਪੂਰਬੀ ਤੋਂ ਆਪਣਾ ਉਮੀਦਵਾਰ ਬਣਾਇਆ, ਜਿਸ ’ਚ ਉਨ੍ਹਾਂ ਆਪਣੇ ਵਿਰੋਧੀ ਨੂੰ ਹਰਾਉਂਦਿਆਂ ਜਿੱਤ ਪ੍ਰਾਪਤ ਕੀਤੀ। ਜਿਸ ਕਰਕੇ ਅਕਾਲੀ ਦਲ (ਬ) ਨੇ ਮੁੜ 2017 ਵਿੱਚ ਢਿੱਲੋਂ ਨੂੰ ਲੁਧਿਆਣਾ ਪੂਰਬੀ ਤੋਂ ਵਿਧਾਨ ਸਭਾ ਚੋਣਾਂ ’ਚ ਆਪਣੇ ਉਮੀਦਵਾਰ ਵਜੋਂ ਉਤਾਰਿਆ ਪਰ ਇਸ ਵਾਰ ਉਹ ਕਾਂਗਰਸ ਦੇ ਉਮੀਦਵਾਰ ਸੰਜੇ ਤਲਵਾੜ ਅੱਗੇ ਟਿਕ ਨਾ ਸਕੇ ਅਤੇ ਹਾਰ ਗਏ।

ਲੰਘੀਆਂ ਵਿਧਾਨ ਸਭਾ 2022 ਦੀਆਂ ਚੋਣਾਂ ’ਚ ਫ਼ਿਰ ਸ਼੍ਰੋਮਣੀ ਅਕਾਲੀ ਦਲ (ਬ) ਨੇ ਰਣਜੀਤ ਸਿੰਘ ਢਿੱਲੋਂ ਨੂੰ ਟਿਕਟ ਦੇ ਚੋਣ ਅਖਾੜੇ ’ਚ ਭੇਜਿਆ ਪਰ ਇਸ ਵਾਰ ਉਹ ‘ਆਪ’ ਦੇ ਹੱਕ ’ਚ ਚੱਲ ਰਹੀ ਹਨ੍ਹੇਰੀ ਵਿੱਚ ਚੋਣ ਹਾਰ ਗਏ। ਭਾਰਤੀ ਚੋਣ ਕਮਿਸ਼ਨ ਵੱਲੋਂ ਦਰਜ਼ ਵੇਰਵਿਆਂ ਮੁਤਾਬਕ 56 ਵਰਿ੍ਹਆਂ ਦੇ ਰਣਜੀਤ ਸਿੰਘ ਢਿੱਲੋਂ ’ਤੇ 2012 ਵਿੱਚ 1 ਅਪਰਾਧਿਕ ਮਾਮਲਾ ਦਰਜ ਦਿਖਾਇਆ ਗਿਆ ਹੈ। ਜਦਕਿ 2022 ਦੀਆਂ ਚੋਣਾਂ ’ਚ ਉਨ੍ਹਾਂ ’ਤੇ ਕੁੱਲ 3 ਅਪਰਾਧਿਕ ਮੁਕੱਦਮੇ ਦਰਜ ਹੋਣ ਦੀ ਜਾਣਕਾਰੀ ਦਰਜ਼ ਕੀਤੀ ਗਈ।

Also Read : ਆਖਿਰ ਮੋਹਿੰਦਰ ਸਿੰਘ ਕੇਪੀ ਨੇ ਕਿਉਂ ਛੱਡੀ ਕਾਂਗਰਸ? ਪੜ੍ਹੋ ਕੀ ਕਿਹਾ…

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਵਿਧਾਇਕ ਅਸ਼ੋਕ ਪਰਾਸਰ ਪੱਪੀ ਤੋਂ ਇਲਾਵਾ ਭਾਰਤੀ ਜਨਤਾ ਪਾਰਟੀ ਵੱਲੋਂ ਕਾਂਗਰਸ ’ਚੋਂ ਦਲ ਬਦਲ ਕੇ ਪਾਰਟੀ ’ਚ ਸ਼ਾਮਲ ਹੋਣ ਵਾਲੇ ਸਾਂਸਦ ਰਵਨੀਤ ਸਿੰਘ ਬਿੱਟੂ ਨੂੰ ਆਪਣਾ ਉਮੀਦਵਾਰ ਐਲਾਨਿਆ ਜਾ ਚੁੱਕਾ ਹੈ। ਇਸ ਮਾਮਲੇ ਵਿੱਚ ਕਾਂਗਰਸ ਪੱਛੜ ਚੁੱਕੀ ਹੈ, ਜਿਸ ਵੱਲੋਂ ਆਪਣੀ ਪਾਰਟੀ ਲਈ ਦਮਦਾਰ ਉਮੀਦਵਾਰ ਦੀ ਭਾਲ ਵਾਸਤੇ ਪੂਰਾ ਤਾਣ ਲਗਾਇਆ ਜਾ ਰਿਹਾ ਹੈ।