ਬਿਸਨੋਈ ਗੈਂਗ ਮੁਖੀ ਨੂੰ ਪੁਲਿਸ ਕਸਟਡੀ ’ਚੋਂ ਭੱਜਣ ’ਚ ਮੱਦਦ ਕਰਨ ਵਾਲੇ ਸਣੇ ਦੋ ਹੈਰੋਇਨ ਸਮੇਤ ਕਾਬੂ

Bisnoi Gang

ਦੋਵੇਂ ਵੱਖ-ਵੱਖ ਮਾਮਲਿਆਂ ’ਚ ਜਮਾਨਤ ’ਤੇ ਜੇਲ੍ਹ ਤੋਂ ਬਾਹਰ ਆ ਕੇ ਲੰਮੇ ਸਮੇਂ ਤੋਂ ਹੈਰੋਇਨ ਦੀ ਤਸਕਰੀ ਕਰ ਰਹੇ ਹਨ : ਐੱਸਟੀਐੱਫ਼

ਲੁਧਿਆਣਾ (ਜਸਵੀਰ ਸਿੰਘ ਗਹਿਲ)।  ਸਪੈਸ਼ਲ ਟਾਸਕ ਫੋਰਸ ਰੇਂਜ ਲੁਧਿਆਣਾ ਦੀ ਟੀਮ ਨੇ ਬਿਸਨੋਈ ਗੈਂਗ ਦੇ ਮੁਖੀ ਨੂੰ ਪੁਲਿਸ ਕਸਟਡੀ ’ਚੋਂ ਭੱਜਣ ’ਚ ਮੱਦਦ ਕਰਨ ਵਾਲੇ ਸਣੇ ਦੋ ਜਣਿਆਂ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਹੈ। ਪੁਲਿਸ ਮੁਤਾਬਕ ਦੋਵੇਂ ਵੱਖ-ਵੱਖ ਅਪਰਾਧਿਕ ਮਾਮਲਿਆਂ ਵਿੱਚ ਜੇਲ੍ਹ ’ਚੋਂ ਜਮਾਨਤ ’ਤੇ ਬਾਹਰ ਆਏ ਹਨ। ਜਿੰਨਾਂ ਨੂੰ ਸਾਢੇ 7 ਸੌ ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। (Bisnoi Gang)

ਇੰਸਪੈਕਰ ਹਰਬੰਸ ਸਿੰਘ ਇੰਚਾਰਜ ਐੱਸਟੀਐੱਫ਼ ਰੇਂਜ ਲੁਧਿਆਣਾ ਨੇ ਦੱਸਿਆ ਕਿ ਪੁਲਿਸ ਪਾਰਟੀ ਨੂੰ ਇਤਲਾਹ ਮਿਲੀ ਕਿ ਨੀਰਜ ਕੁਮਾਰ (26) ਵਾਸੀ ਨਿਊ ਸ਼ਿਮਲਾਪੁਰੀ, ਜਿਸ ਦੇ ਖਿਲਾਫ਼ ਪਹਿਲਾਂ ਵੀ ਨਸ਼ਾ ਤਸਕਰੀ ਦੇ ਮੁਕੱਦਮੇ ਦਰਜ਼ ਹਨ ਕਾਫ਼ੀ ਸਮੇਂ ਤੋਂ ਹੈਰੋਇਨ ਵੇਚਣ ਦਾ ਗੈਰ ਕਾਨੂੰਨੀ ਧੰਦਾ ਕਰਦਾ ਆ ਰਿਹਾ ਹੈ ਜੋ ਅੱਜ ਵੀ ਆਪਣੇ ਗਾਹਕਾਂ ਨੂੰ ਹੈਰੋਇਨ ਦੀ ਸਪਲਾਈ ਦੇਣ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਤਲਾਹ ਪੱਕੀ ਹੋਣ ’ਤੇ ਨੀਰਜ਼ ਕੁਮਾਰ ਖਿਲਾਫ਼ ਐਸਟੀਐੱਫ ਥਾਣਾ ਸੋਹਾਣਾ (ਮੋਹਾਲੀ) ਵਿਖੇ ਮਾਮਲਾ ਦਰਜ਼ ਕਰਕੇ ਉਸਦੇ ਘਰ ਲਾਗਿਓਂ ਡੈਸਟਨੀ ਸਕੂਟਰੀ ਸਮੇਤ ਕਾਬੂ ਕੀਤਾ ਗਿਆ। ਜਿਉਂ ਹੀ ਪੁਲਿਸ ਪਾਰਟੀ ਨੇ ਉਪ ਕਪਤਾਨ ਐਸਟੀਐੱਫ਼ ਅਜੇ ਕੁਮਾਰ ਦੀ ਮੌਜਦੂਗੀ ’ਚ ਤਲਾਸ਼ੀ ਲਈ ਤਾਂ ਸਕੂਟਰੀ ਦੀ ਡਿੱਗੀ ’ਚੋਂ 760 ਗ੍ਰਾਮ ਹੈਰੋਇਨ ਬਰਾਮਦ ਹੋਈ। (Bisnoi Gang)

ਨਸ਼ਾ ਤਸਕਰੀ ਦੇ ਦੋ ਮਾਮਲੇ

ਜਿਸ ਤੋਂ ਬਾਅਦ ਦੌਰਾਨ-ਏ-ਪੁੱਛਗਿੱਛ ਰਜਿੰਦਰ ਸਿੰਘ ਉਰਫ਼ ਗੋਰਾ ਵਾਸੀ ਪਿੰਡ ਮਹਿਮੂਦਪੁਰ (ਲੁਧਿਆਣਾ) ਨੂੰ ਵੀ ਮਾਮਲੇ ’ਚ ਨਾਮਜਦ ਕਰਕੇ ਗ੍ਰਿਫ਼ਤਾਰ ਕੀਤਾ ਗਿਆ। ਇੰ. ਹਰਬੰਸ ਸਿੰਘ ਨੇ ਦੱਸਿਆ ਕਿ ਨੀਰਜ ਕੁਮਾਰ ਖਿਲਾਫ਼ ਨਸ਼ਾ ਤਸਕਰੀ ਦੇ ਦੋ ਮਾਮਲੇ ਤੇ ਇੱਕ 109,151 ਸੀ.ਆਰ.ਪੀ.ਸੀ. ਦਾ ਕਲੰਧਰਾ ਹੈ। ਜਿਸ ’ਚ ਟੈਕਸੀ ਚਲਾਉਣ ਦਾ ਕੰਮ ਕਰਨ ਵਾਲਾ ਨੀਰਜ ਕੇਂਦਰੀ ਜੇਲ੍ਹ ਲੁਧਿਆਣਾ ਤੋਂ ਕਰੀਬ 3 ਮਹੀਨੇ ਪਹਿਲਾਂ ਜਮਾਨਤ ’ਤੇ ਬਾਹਰ ਆਇਆ ਹੋਇਆ ਹੈ। ਜਦਕਿ ਬਿਜਲੀ ਫਿਟਿੰਗ ਦਾ ਕੰਮ ਕਰਨ ਵਾਲਾ ਰਜਿੰਦਰ ਸਿੰਘ ਉਰਫ਼ ਗੋਰਾ ਦੇ ਖਿਲਾਫ਼ ਵੀ ਇੱਕ ਮਾਮਲਾ ਨਸ਼ਾ ਤਸਕਰੀ ਦਾ ਦਰਜ਼ ਹੈ।

Also Read : DC Vs GT: ਗੁਜਰਾਤ ਤੇ ਦਿੱਲੀ ਦੀ ਹੋਵੇਗੀ ਭਿੜਤ, ਰਿਸ਼ਭ ਪੰਤ ’ਤੇ ਰਹਿਣਗੀਆਂ ਨਜ਼ਰਾਂ

ਇਸ ਤੋਂ ਬਿਨਾ ਰਜਿੰਦਰ ਸਿੰਘ ਲਾਰੇਂਸ ਬਿਸਨੋਈ ਗੈਂਗ ਦੇ ਮੁੱਖ ਸਰਗਨੇ ਟੀਨੂੰ ਵਾਸੀ ਜੈਨ ਚੌਂਕ ਭਵਾਨੀ (ਹਰਿਆਣਾ) ਨੂੰ ਪੁਲਿਸ ਕਸਟਡੀ ਵਿੱਚੋਂ ਭਜਾਉਣ ਵਿੱਚ ਮੱਦਦ ਕਰਨ ਦੇ ਜ਼ਿਲ੍ਹਾ ਮਾਨਸਾ ’ਚ ਦਰਜ਼ ਮਾਮਲੇ ਵਿੱਚ ਸੈਂਟਰਲ ਜੇਲ੍ਹ ਲੁਧਿਆਣਾਂ ’ਚੋਂ 4 ਕੁ ਮਹੀਨੇ ਪਹਿਲਾਂ ਜਮਾਨਤ ’ਤੇ ਬਾਹਰ ਆਇਆ ਹੈ। ਇੰ. ਹਰਬੰਸ ਸਿੰਘ ਨੇ ਦੱਸਿਆ ਕਿ ਮੁਢਲੀ ਤਫ਼ਤੀਸ ਦੌਰਾਨ ਪਤਾ ਲੱਗਿਆ ਹੈ ਕਿ ਉਕਤਾਨ ਦੋਵੇਂ ਮੁਲਜਮ ਕਰੀਬ 4 ਸਾਲਾਂ ਤੋਂ ਨਸ਼ੇ ਦੀ ਤਸਕਰੀ ਕਰਦੇ ਆ ਰਹੇ ਹਨ। ਜਿੰਨਾਂ ਨੂੰ ਅਦਾਲਤ ’ਚ ਪੇਸ਼ ਕਰਕੇ ਉਨ੍ਹਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਹੋਰ ਡੂੰਘਾਈ ਨਾਲ ਪੁੱਛਗਿੱਛ ਕਰਕੇ ਇਨ੍ਹਾਂ ਦੇ ਸਾਥੀਆਂ ਅਤੇ ਹੋਰ ਟਿਕਾਣਿਆਂ ਬਾਰੇ ਪਤਾ ਲਗਾਇਆ ਜਾਵੇਗਾ।