ਪਿੰਡ ਲੁਹਾਰੇ ਤੇ ਬਾਈਪਾਸ ’ਤੇ ਪੈਂਦੇ ਖਸਤਾ ਹਾਲਤ ਪੁਲਾਂ ਦੀ ਨਹੀਂ ਲੈ ਰਿਹਾ ਕੋਈ ਸਾਰ
ਲੁਧਿਆਣਾ (ਵਨਰਿੰਦਰ ਸਿੰਘ ਮਣਕੂ)। ਲੁਧਿਆਣਾ ਦੱਖਣੀ ਬਾਈਪਾਸ ਦੇ ਰਸਤੇ ’ਚ ਪੈਂਦੇ ਪਿੰਡ ਲੁਹਾਰੇ ਦੇ ਪੁਲ ਦਾ ਹਾਲ ਦਿਨੋ-ਦਿਨ ਬਹੁਤ ਮਾੜਾ ਹੁੰਦਾ ਜਾ ਰਿਹਾ ਹੈ। ਜੇਕਰ ਵਾਹਨਾਂ ਦੀ ਗੱਲ ਕਰੀਏ ਤਾਂ ਦਿਨ ’ਚ ਘੱਟੋ-ਘੱਟ ਹਜ਼ਾਰਾਂ ਦੀ ਗਿਣਤੀ ’ਚ ਵਾਹਨ ਇਸ ਰਸਤਿਓਂ ਇੱਧਰ-ਉਧਰ ਜਾਂਦੇ ਹਨ ਪਰ ਇਸ ਦੇ ਬਾਵਜ਼ੂਦ ਪ੍ਰਸ਼ਾਸਨ ਕਿਸੇ ਵੱਡੀ ਘਟਨਾ ਦੀ ਉਡੀਕ ਕਰਦਾ ਨਜ਼ਰ ਆ ਰਿਹਾ ਹੈ।ਇਸ ਪੁਲ ਨੂੰ ਕਈ ਵਾਰ ਰਾਹਗੀਰਾਂ ਵੱਲੋਂ ਆਪਣੇ ਪੱਧਰ ’ਤੇ ਕੱਚਾ ਰਿਪੇਅਰ ਵੀ ਕੀਤਾ ਗਿਆ ਪਰ ਜਿਆਦਾ ਟ੍ਰੈਫਿਕ ਹੋਣ ਕਰਕੇ ਉਹ ਦੁਬਾਰਾ ਆਪਣੀ ਖਸਤਾ ਹਾਲਤ ’ਚ ਆ ਗਿਆ। (Ludhiana Administration)
ਰਾਹਗੀਰਾਂ ਨਾਲ ਗੱਲਬਾਤ | Ludhiana Administration
ਇਸੇ ਤਰ੍ਹਾਂ ਬਾਈਪਾਸ ’ਤੇ ਸਥਿਤ ਇੱਕ ਪੁਲ ਜਿਹੜਾ ਇਸ਼ਰ ਨਗਰ ਤੇ ਸ਼ਿਮਲਾਪੁਰੀ ਨੂੰ ਆਪਸ ’ਚ ਮਿਲਾਉਂਦਾ ਹੈ, ਉਸ ਵੱਲ ਵੀ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਹੈ। ਦਰਅਸਲ ਇਸ਼ਰ ਨਗਰ ਵਾਲੇ ਪੁਲ ਦਾ ਇੱਕ ਪੀਅਰ ਹੇਠਾਂ ਤੋਂ ਭੁਰਣਾ ਸ਼ੁਰੂ ਹੋ ਗਿਆ ਹੈ, ਜਿਸ ਦੀ ਪ੍ਰਸ਼ਾਸਨ ਨੂੰ ਕੋਈ ਖਬਰ ਨਹੀਂ ਹੈ। ਇਸ ਸਬੰਧੀ ਲੁਹਾਰੇ ਵਾਲੇ ਪੁਲ ਤੋਂ ਰੋਜ਼ਾਨਾ ਇੱਧਰ-ਉਧਰ ਜਾਣ ਵਾਲੇ ਰਾਹਗੀਰਾਂ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਪਹਿਲਾਂ ਤਾਂ ਇਹ ਪੁਲ ਬਹੁਤ ਤੰਗ ਹੈ, ਜਿਸ ਕਰਕੇ ਇੱਥੇ ਕਾਫੀ ਟ੍ਰੈਫਿਕ ਜਾਮ ਰਹਿੰਦਾ ਹੈ, ਦੂਜਾ ਇਹ ਪੁਲ ਕਾਫੀ ਜਗ੍ਹਾ ਤੋਂ ਟੁੱਟਿਆ ਹੋਇਆ ਹੈ, ਜਿਸ ਕਰਕੇ ਇਸ ਤੋਂ ਇੱਕ ਕਾਰ ਤੇ ਦੂਜੇ ਪਾਸਿਓਂ ਮੋਟਰਸਾਈਕਲ ਵੀ ਬਹੁਤ ਮੁਸ਼ਕਿਲ ਨਾਲ ਪਾਸ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਹ ਪੁਲ ਕਿਸੇ ਵੇਲੇ ਵੀ ਜਾਮ ਲੱਗਣ ਕਾਰਨ ਹੇਠਾਂ ਨਹਿਰ ’ਚ ਡਿੱਗ ਸਕਦਾ ਹੈ। (Ludhiana Administration)
ਦੂਜੇ ਪਾਸੇ ਇਸ਼ਰ ਨਗਰ ਵਾਲੇ ਪੁਲ ’ਤੇ ਰਾਹਗੀਰਾਂ ਨੇ ਕਿਹਾ ਕਿ ਇੱਥੇ ਤਾਂ ਸਿਰਫ ਟ੍ਰੈਫਿਕ ਮੁਲਾਜ਼ਮਾਂ ਦਾ ਧਿਆਨ ਸਰਕਾਰ ਦਾ ਖਜ਼ਾਨਾ ਭਰਨ ’ਚ ਹੀ ਹੈ। ਉਹਨਾਂ ਕਿਹਾ ਕਿ ਇੱਥੇ ਹਰ ਸਮੇਂ ਟ੍ਰੈਫਿਕ ਮੁਲਾਜ਼ਮ ਵਾਹਨਾਂ ਦੇ ਚਲਾਨ ਕੱਟਣ ਹੀ ਮਗਨ ਰਹਿੰਦੇ ਹਨ। ਇਹਨਾਂ ਨੇ ਡੈਮੇਜ ਹੋਏ ਪੁਲਾਂ ਦੀ ਜਾਣਕਾਰੀ ਪ੍ਰਸ਼ਾਸਨ ਨੂੰ ਕਿੱਥੋਂ ਦੇਣੀ ਹੈ।
Also Read : ਫਾਸਟਰ ਕੰਪੇਨ ਮੁਹਿੰਮ ਨੇ ਬਚਾਈ ਜ਼ਖ਼ਮੀ ਵਿਅਕਤੀ ਦੀ ਜਾਨ
ਇਸ ਸਬੰਧੀ ਜਦੋਂ ਪੱਖ ਜਾਨਣ ਲਈ ਹਲਕਾ ਦੱਖਣੀ ਦੇ ਵਿਧਾਇਕ ਮੈਡਮ ਰਜਿੰਦਰਪਾਲ ਕੌਰ ਛੀਨਾ ਨੂੰ ਫੋਨ ਕੀਤਾ ਗਿਆ ਤਾਂ ਪਹਿਲਾਂ ਉਹਨਾਂ ਦੇ ਪੀਏ ਨੇ ਫੋਨ ਚੁੱਕ ਕੇ ਕਿਹਾ ਕਿ ਮੈਡਮ ਮੀਟਿੰਗ ’ਚ ਹਨ ਤੇ 15-20 ਮਿੰਟ ਬਾਅਦ ਗੱਲ ਕਰ ਲੈਣਾ ਪਰ ਜਦੋਂ ਦੁਬਾਰਾ ਫੋਨ ਲਗਾਇਆ ਤਾਂ ਵਾਰ-ਵਾਰ ਫੋਨ ਕਰਨ ’ਤੇ ਕਿਸੇ ਨੇ ਵੀ ਫੋਨ ਨਹੀਂ ਚੁੱਕਿਆ।