ਨਵੀਂ ਦਿੱਲੀ। ਯੋਗ ਦਿਵਸ ਮੌਕੇ ਅੱਤਵਾਦੀ ਹਮਲੇ ਦੇ ਮੱਦੇਨਜ਼ਰ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਦਿੱਲੀ, ਯੂਪੀ, ਬਿਹਾਰ, ਹਰਿਆਣਾ ਅਤੇ ਗੁਜਰਾਤ ਦੇ ਕਈ ਮੁੱਖ ਸ਼ਹਿਰ ਅੱਤਵਾਦੀਆਂ ਦੇ ਨਿਸ਼ਾਨੇ ‘ਤੇ ਹਨ। ਲਖਨਊ ਵਿੱਚ ਯੋਗ ਦਿਵਸ ‘ਤੇ ਹੋ ਰਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪ੍ਰੋਗਰਾਮ ਵੀ ਖ਼ਤਰੇ ਵਿੱਚ ਹੈ। ਇਸ ਦੇ ਮੱਦੇਨਜ਼ਰ ਯੂਪੀ ਪੁਲਿਸ ਨੇ ਕਈ ਥਾਈਂ ਛਾਪੇਮਾਰੀ ਕੀਤੀ ਹੈ। ਸ਼ੱਕੀ ਵਿਅਕਤੀਆਂ ਨੂੰ ਕਾਬੂ ਕਰਨ ਲਈ ਮੁਹਿੰਮ ਜਾਰੀ ਹੈ।
ਯੋਗ ਪ੍ਰੋਗਰਾਮ ਨੂੰ ਲੈ ਕੇ ਸੁਰੱਖਿਆ ਪ੍ਰਬੰਧ ਹੋਰ ਸਖ਼ਤ
ਖੁਫ਼ੀਆ ਏਜੰਸੀ ਨੇ ਯੋਗ ਦਿਵਸ ਮੌਕੇ ਲਖਨਊ ਵਿੱਚ ਪ੍ਰਧਾਨ ਮੰਤਰੀ ਮੋਦੀ ਦੇ ਪ੍ਰੋਗਰਾਮ ਨੂੰ ਅੱਤਾਵਦੀਆਂ ਦੇ ਨਿਸ਼ਾਨਾ ਬਣਾਏ ਜਾਣ ਦਾ ਸ਼ੱਕ ਪ੍ਰਗਟਾਇਆ ਹੈ। ਇਸ ਅਲਰਟ ਤੋਂ ਬਾਅਦ ਪ੍ਰਧਾਨ ਮੰਤਰੀ ਦੇ ਯੋਗ ਪ੍ਰੋਗਰਾਮ ਨੂੰ ਲੈ ਕੇ ਸੁਰੱਖਿਆ ਪ੍ਰਬੰਧ ਹੋਰ ਸਖ਼ਤ ਕੀਤੇ ਗਏ ਹਨ। ਸੂਤਰਾਂ ਦੀ ਮੰਨੀਏ ਤਾਂ ਅੱਤਵਾਦੀਆਂ ਦਾ ਇੱਕ ਦਸਤਾ ਉੱਤਰ ਪ੍ਰਦੇਸ਼ ਵਿੱਚ ਆਪਣੇ ਸਥਾਨਕ ਕੁਨੈਕਸ਼ਨ ਦੇ ਨਾਲ ਮਿਲ ਕੇ ਹਮਲੇ ਦੀ ਤਿਆਰੀ ਕਰ ਰਿਹਾ ਹੈ। ਉੱਥੇ, ਇਹ ਲੋਕ ਸਲਿਪਰ ਸੈੱਲ ਨੂੰ ਵੀ ਸਰਗਰਮ ਕਰਨ ਵਿੱਚ ਲੱਗੇ ਹਨ। ਅਲਰਟ ਵਿੱਚ ਕਿਹਾ ਗਿਆ ਹੈ ਕਿ ਅੱਤਵਾਦੀਆਂ ਦੇ ਇਸ ਦਸਤ ਵਿੱਚ ਆਤਮਘਾਤੀ ਔਰਤਾਂ ਤੇ ਪੁਰਸ਼ ਦੋਵੇਂ ਸ਼ਾਮਲ ਹੋ ਸਕਦੇ ਹਨ।