7 ਹਲਕਿਆਂ ’ਚੋਂ ਇੱਕ ਤੋਂ ਵੀ ਵੱਧ ਵਾਰ ਤੇ 6 ਹਲਕੇ ਦੇ ਵੋਟਰਾਂ ਨੇ ਇੱਕ ਵਾਰ ਵੀ ਕਿਸੇ ਮਹਿਲਾ ਨੂੰ ਨਹੀਂ ਚੁਣਿਆ ਆਪਣਾ ਨੁਮਾਇੰਦਾ | Steps of Parliament
ਲੁਧਿਆਣਾ (ਜਸਵੀਰ ਸਿੰਘ ਗਹਿਲ)। ਬੀਤੇ ਤਕਰੀਬਨ ਛੇ ਦਹਾਕਿਆਂ ’ਚ ਪੰਜਾਬ ਦੇ ਸਿਰਫ਼ 7 ਲੋਕ ਸਭਾ ਹਲਕਿਆਂ ਦੇ ਵੋਟਰਾਂ ਵੱਲੋਂ ਹੀ ਮਹਿਲਾ ਉਮੀਦਵਾਰਾਂ ਨੂੰ ਸੰਸਦ ਪਹੁੰਚਣ ’ਚ ਉਨ੍ਹਾਂ ਨੂੰ ਆਪਣੀ ਨੁਮਾਇੰਦਗੀ ਸੌਂਪੀ ਗਈ ਹੈ। ਜਦਕਿ ਰਾਜ ਦੇ ਬਾਕੀ 6 ਹਲਕਿਆਂ ਨੇ ਇੱਕ ਵਾਰ ਵੀ ਮਹਿਲਾ ਉਮੀਦਵਾਰ ਨੂੰ ਜਿੱਤ ਦਾ ਤਾਜ਼ ਨਹੀਂ ਪਹਿਨਾਇਆ। ਭਾਰਤੀ ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਿਕ ਹੁਣ ਤੱਕ ਪੰਜਾਬ ਦੀਆਂ ਸਿਰਫ਼ 9 ਮਹਿਲਾਵਾਂ ਨੂੰ ਸੰਸਦ ਦੀਆਂ ਪੌੜੀਆਂ ਚੜ੍ਹਨ ਦਾ ਮੌਕਾ ਮਿਲਿਆ ਹੈ। (Steps of Parliament)
ਉਂਜ ਤਾਂ ਦੇਸ਼ ਅੰਦਰ ਹਰ ਖੇਤਰ ’ਚ ਔਰਤਾਂ ਨੂੰ ਮਰਦਾਂ ਦੇ ਮੁਕਾਬਲੇ ਅੱਗੇ ਵਧਣ ਦੇ ਮੌਕੇ ਪ੍ਰਦਾਨ ਕਰਨ ਦਾ ਢੌਂਗ ਪਿੱਟਿਆ ਜਾ ਰਿਹਾ ਹੈ ਪਰ ਅੰਕੜਿਆਂ ਅਨੁਸਾਰ ਬਰਾਬਰੀ ਦੇ ਮੌਕੇ ਦੇਣ ਦੇ ਦਾਅਵੇ ਹਕੀਕਤ ’ਤੇ ਭਾਰੀ ਪੈ ਰਹੇ ਹਨ। ਗੱਲ ਕੀਤੀ ਜਾਵੇ ਪੰਜਾਬ ਦੇ ਵੋਟਰਾਂ ਦੀ ਤਾਂ ਇਨ੍ਹਾਂ ’ਚੋਂ ਬਹੁ-ਗਿਣਤੀ ਵੋਟਰ ਬੀਤੇ 50 ਸਾਲਾਂ ਦੇ ਵੱਧ ਦੇ ਵਕਫ਼ੇ ਤੋਂ ਮਹਿਲਾਵਾਂ ਨੂੰ ਆਪਣੀ ਨੁਮਾਇੰਦਗੀ ਸੌਂਪਣ ਤੋਂ ਕੰਨੀ ਕਤਰਾਉਂਦੇ ਆ ਰਹੇ ਹਨ। ਪੰਜਾਬ ਰਾਜ ’ਚ ਚੰਡੀਗੜ੍ਹ ਤੋਂ ਬਿਨਾਂ ਕੁੱਲ 13 ਲੋਕ ਸਭਾ ਹਲਕੇ ਹਨ ਜਿਨ੍ਹਾਂ ’ਚੋਂ ਬੀਤੇ 57 ਸਾਲਾਂ ’ਚ ਸਿਰਫ਼ 7 ਹਲਕਿਆਂ ਦੇ ਵੋਟਰਾਂ ਨੇ ਮਹਿਲਾਵਾਂ ਨੂੰ ਸੰਸਦ ਮੈਂਬਰ ਬਣਨ ਦਾ ਮਾਣ ਬਖਸ਼ਿਆ ਹੈ। ਜਦਕਿ ਬਾਕੀ 6 ਹਲਕਿਆਂ ਦੇ ਵੋਟਰਾਂ ਵੱਲੋਂ ਇੱਕ ਵਾਰ ਵੀ ਕਿਸੇ ਮਹਿਲਾ ਉਮੀਦਵਾਰ ਨੂੰ ਨਹੀਂ ਜਿਤਾਇਆ। (Steps of Parliament)
9 ਮਹਿਲਾਵਾਂ ਨੂੰ ਵੋਟਰਾਂ ਦੀ ਬਦੌਲਤ ਸੰਸਦ ’ਚ ਪਹੁੰਚਣ ਦਾ ਮੌਕਾ ਮਿਲਿਆ | Lok Sabha Elections
ਅੰਕੜਿਆਂ ਮੁਤਾਬਕ 1967 ਤੋਂ ਹੁਣ ਤੱਕ ਸਿਰਫ਼ 9 ਮਹਿਲਾਵਾਂ ਨੂੰ ਵੋਟਰਾਂ ਦੀ ਬਦੌਲਤ ਸੰਸਦ ’ਚ ਪਹੁੰਚਣ ਦਾ ਮੌਕਾ ਮਿਲਿਆ ਹੈ। ਇਨ੍ਹਾਂ ’ਚ ਕਈ ਮਹਿਲਾਵਾਂ ਇੱਕ ਤੋਂ ਵੀ ਵੱਧ ਵਾਰ ਸੰਸਦ ਪਹੁੰਚੀਆਂ ਹਨ। ਰਾਜਨੀਤਿਕ ਪਾਰਟੀਆਂ ਦੇ ਪੱਖ ਤੋਂ ਦੇਖਿਆ ਜਾਵੇ ਤਾਂ ਸਭ ਤੋਂ ਵੱਧ ਵਾਰ ਕਾਂਗਰਸ ਪਾਰਟੀ ਦੀਆਂ ਮਹਿਲਾ ਉਮੀਦਵਾਰ ਸੰਸਦ ਪਹੁੰਚਣ ’ਚ ਕਾਮਯਾਬ ਹੋਈਆਂ ਹਨ। ਜਿਨ੍ਹਾਂ ’ਚ ਪਟਿਆਲਾ ਤੋਂ ਮਹਿੰਦਰ ਕੌਰ ਤੇ ਪਰਨੀਤ ਕੌਰ, ਫਰੀਦਕੋਟ ਸੀਟ ਤੋਂ ਗੁਰਵਿੰਦਰ ਕੌਰ ਬਰਾੜ ਅਤੇ ਹੁਸ਼ਿਆਰਪੁਰ ਸੀਟ ਤੋਂ ਸੰਤੋਸ਼ ਚੌਧਰੀ ਸ਼ਾਮਲ ਹਨ। ਜਦਕਿ ਇਸ ਮਾਮਲੇ ਵਿੱਚ ਸ਼੍ਰੋਮਣੀ ਅਕਾਲੀ ਦਲ (ਬ) ਦੂਜੇ ਨੰਬਰ ’ਤੇ ਹੈ, ਜਿਸਦੀ ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਤੇ ਸੰਗਰੂਰ ਤੋਂ ਨਿਰਲੇਪ ਕੌਰ ਜਿੱਤ ਕੇ ਸੰਸਦ ਪਹੁੰਚੀਆਂ ਸਨ। (Lok Sabha Elections)
Also Read : ਵੱਡੀ ਖ਼ਬਰ, ਪੰਜਾਬ ਦੇ ਸਕੂਲਾਂ ’ਚ ਮਿੱਡ-ਡੇਅ-ਮੀਲ ਦਾ ਨਵਾਂ ਮੈਨਿਊ ਜਾਰੀ
ਸ਼੍ਰੋਮਣੀ ਅਕਾਲੀ ਦਲ (ਮਾਨ) ਦੀ ਸਿਰਫ਼ ਇੱਕ ਮਹਿਲਾ ਉਮੀਦਵਾਰ ਰਜਿੰਦਰ ਕੌਰ ਬੁਲਾਰਾ ਲੁਧਿਆਣਾ ਸੀਟ ਤੋਂ ਜਿੱਤ ਕੇ ਸੰਸਦ ਪਹੁੰਚੇ ਸਨ। ਵੇਰਵਿਆਂ ਮੁਤਾਬਕ 1967 ਵਿੱਚ ਸ਼੍ਰੋਮਣੀ ਅਕਾਲੀ ਦੀ ਨਿਰਲੇਪ ਕੌਰ ਨੂੰ ਸੰਗਰੂਰ ਸੀਟ ਤੋਂ ਅਤੇ ਕਾਂਗਰਸ ਦੀ ਮਹਿੰਦਰ ਕੌਰ ਨੂੰ ਪਟਿਆਲਾ ਤੋਂ ਜਿੱਤ ਨਸੀਬ ਹੋਈ ਸੀ। ਇਸ ਪਿੱਛੋਂ 1999 ਵਿੱਚ ਪਟਿਆਲਾ ਤੋਂ ਕਾਂਗਰਸ ਪਾਰਟੀ ਦੀ ਪਰਨੀਤ ਕੌਰ ਪਹਿਲੀ ਵਾਰ ਸੰਸਦ ਪਹੁੰਚੇ ਸਨ। ਜਿੰਨ੍ਹਾਂ ਨੂੰ ਵੋਟਰਾਂ ਨੇ 2004, 2009 ਅਤੇ 2019 ’ਚ ਵੀ ਸੰਸਦ ਪਹੁੰਚਣ ਦਾ ਮੌਕਾ ਦਿੱਤਾ।
ਸੰਸਦ ਪਹੁੰਚਣ ਲਈ ਤਾਕਤ | Lok Sabha Elections
ਗੁਰਦਾਸਪੁਰ ਦੇ ਵੋਟਰਾਂ ਨੇ 1980, 1984, 1989, 1991 ਅਤੇ 1996 ’ਚ ਕਾਂਗਰਸ ਪਾਰਟੀ ਦੀ ਸੁਖਬੰਸ ਕੌਰ ਭਿੰਡਰ ਨੂੰ ਅਤੇ ਫਰੀਦਕੋਟ ਸੀਟ ਤੋਂ ਕਾਂਗਰਸੀ ਉਮੀਦਵਾਰ ਗੁਰਵਿੰਦਰ ਕੌਰ ਬਰਾੜ ਨੂੰ 1980 ’ਚ ਸੰਸਦ ਪਹੁੰਚਣ ਲਈ ਤਾਕਤ ਬਖ਼ਸੀ ਸੀ। ਇਸੇ ਤਰਾਂ ਬਠਿੰਡਾ ਦੇ ਵੋਟਰਾਂ ਨੇ 2009, 2017 ਅਤੇ 2019 ਵਿੱਚ ਸ਼੍ਰੋਮਣੀ ਅਕਾਲੀ ਦਲ (ਬ) ਦੀ ਮਹਿਲਾ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੂੰ ਆਪਣਾ ਸੰਸਦੀ ਨੁਮਾਇੰਦਾ ਚੁਣਿਆ। ਫਰੀਦਕੋਟ ਤੋਂ ਸ਼੍ਰੋਮਣੀ ਅਕਾਲੀ ਦਲ (ਬ) ਦੀ ਪਰਮਜੀਤ ਕੌਰ ਗੁਲਸ਼ਨ ਨੂੰ 2009 ਵਿੱਚ, ਹੁਸ਼ਿਆਰਪੁਰ ਸੀਟ ਤੋਂ ਸੰਤੋਸ਼ ਚੌਧਰੀ ਨੂੰ ਅਤੇ 1989 ’ਚ ਸ਼੍ਰੋਮਣੀ ਅਕਾਲੀ ਦਲ (ਮਾਨ) ਦੀ ਮਹਿਲਾ ਉਮੀਦਵਾਰ ਰਜਿੰਦਰ ਕੌਰ ਬੁਲਾਰਾ ਨੂੰ ਸੰਸਦ ’ਚ ਪਹੁੰਚਣਾ ਨਸੀਬ ਹੋਇਆ।
ਭਾਰਤੀ ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ ਸੰਗਰੂਰ, ਪਟਿਆਲਾ, ਗੁਰਦਾਸਪੁਰ, ਹੁਸ਼ਿਆਰਪੁਰ, ਬਠਿੰਡਾ ਤੇ ਫਰੀਦਕੋਟ ਨੇ ਇੱਕ ਤੋਂ ਵੀ ਵੱਧ ਵਾਰ ਆਪਣੀ ਨੁਮਾਇੰਦਗੀ ਮਹਿਲਾਵਾਂ ਨੂੰ ਸੌਂਪੀ ਹੈ ਪਰ ਅਨੰਦਪੁਰ ਸਾਹਿਬ, ਅੰਮ੍ਰਿਤਸਰ ਸਾਹਿਬ, ਖਡੂਰ ਸਾਹਿਬ, ਫਤਹਿਗੜ੍ਹ ਸਾਹਿਬ, ਫਿਰੋਜ਼ਪੁਰ ਤੇ ਜਲੰਧਰ ਨੇ ਇੱਕ ਵੀ ਵਾਰੀ ਕਿਸੇ ਮਹਿਲਾ ਉਮੀਦਵਾਰ ਨੂੰ ਸੰਸਦ ਦੀਆਂ ਪੌੜ੍ਹੀਆਂ ਨਹੀਂ ਚੜ੍ਹਾਈਆਂ। ਹਾਂਲਾਕਿ ਇਨ੍ਹਾਂ ਹਲਕਿਆਂ ਤੋਂ ਕਈ ਮਹਿਲਾਵਾਂ ਨੇ ਵੱਖ-ਵੱਖ ਰਾਜਨੀਤਿਕ ਧਿਰਾਂ ਦੀ ਟਿਕਟ ’ਤੇ ਆਪਣੀ ਕਿਸਮਤ ਅਜਮਾਈ।