ਸੰਗਰੂਰ, (ਗੁਰਪ੍ਰੀਤ ਸਿੰਘ)। ਸੁਨਾਮ ਦੇ ਨੀਲੋਵਾਲ ਰੋਡ ‘ਤੇ ਬੀਤੇ ਦਿਨੀਂ ਇੱਕ ਪਟਾਕਾ ਗੁਦਾਮ ਵਿੱਚ ਹੋਏ ਧਮਾਕੇ ਤੋਂ ਬਾਅਦ ਅੱਜ ਦੂਸਰੇ ਦਿਨ ਵੀ ਪੁਲਿਸ ਨੇ ਇੱਕ ਸਪੈਸ਼ਲ ਟੀਮ ਨਾਲ ਧਮਾਕੇ ਨਾਲ ਡਿੱਗੇ ਗੁਦਾਮ ਦੇ ਮਲਬੇ ਦੀ ਜਾਂਚ ਕੀਤੀ ਇਸ ਜਾਂਚ ਦੌਰਾਨ ਭਾਵੇਂ ਪੁਲਿਸ ਦੇ ਹੱਥ ਕੋਈ ਵੀ ਪੁਖ਼ਤਾ ਸਬੂਤ ਨਹੀਂ ਲੱਗਿਆ ਪ੍ਰੰਤੂ ਪੁਲਿਸ ਨੂੰ ਇਸ ਮੌਕੇ ‘ਤੇ ਮਲਬੇ ਵਿਚੋਂ ਅਤੇ ਹੋਰ ਆਲੇ-ਦੁਆਲੇ ਦੀਆਂ ਥਾਵਾਂ ਤੋਂ ਪਸ਼ੂਆਂ ਦੇ ਅੰਗ ਮਿਲੇ ਜਿਨ੍ਹਾਂ ਨੂੰ ਪੁਲਿਸ ਨੇ ਜਾਂਚ ਲਈ ਇਕੱਠਾ ਕਰ ਲਿਆ।
ਇਸ ਮੌਕੇ ‘ਤੇ ਪਹੁੰਚੇ ਡੀ.ਐਸ.ਪੀ. ਸੁਨਾਮ ਵਿਲੀਅਮ ਜੇਜੀ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਪੁਲਿਸ ਨੇ ਇਸ ਘਟਨਾ ਦੇ ਸਬੰਧ ਵਿੱਚ ਗੁਦਾਮ ਦੇ ਮਾਲਕ ਰਾਜ ਕੁਮਾਰ ਨਾਗਪਾਲ ‘ਤੇ ਬਣਦੀਆਂ ਧਰਾਵਾਂ ਦੇ ਤਹਿਤ ਕੇਸ ਦਰਜ ਕਰਕੇ ਉਸ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਜਾਂਚ ਦੌਰਾਨ ਪੁਲਿਸ ਨੂੰ ਮਲਬੇ ਅਤੇ ਆਲੇ-ਦੁਆਲੇ ਦੀਆ ਥਾਵਾਂ ਤੋਂ ਪਸ਼ੂਆਂ ਦੇ ਅੰਗ ਜ਼ਰੂਰ ਮਿਲੇ ਹਨ, ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਇਸ ਜਾਂਚ ਦੌਰਾਨ ਉਨ੍ਹਾਂ ਨੂੰ ਕਿਸੇ ਵੀ ਵਿਅਕਤੀ ਦੇ ਕੋਈ ਅੰਗ ਜਾ ਹੋਰ ਕੋਈ ਵੀ ਸਬੂਤ ਵਗੈਰਾ ਨਹੀਂ ਮਿਲੇ। ਜੇਜੀ ਨੇ ਇਸ ਮੌਕੇ ਇਹ ਵੀ ਕਿਹਾ ਕਿ ਪੁਲਿਸ ਇਸ ਕੇਸ ਨੂੰ ਬਹੁਤ ਹੀ ਗੰਭੀਰਤਾ ਨਾਲ ਲੈ ਰਹੀ ਹੈ ਅਤੇ ਜਲਦੀ ਹੀ ਇਸ ਸਾਰੀ ਵਾਪਰੀ ਘਟਨਾ ਦੀ ਤਹਿ ਤੱਕ ਪਹੁੰਚ ਜਾਵੇਗੀ।
ਇੱਥੇ ਜ਼ਿਕਰਯੋਗ ਹੈ ਕਿ ਧਮਾਕੇ ਤੋਂ ਬਾਅਦ ਕੱਲ੍ਹ ਤੋਂ ਦੋ ਵਿਅਕਤੀਆਂ ਦੇ ਲਾਪਤਾ ਹੋਣ ਦੀਆਂ ਅਫ਼ਵਾਹਾਂ ਦਾ ਬਜ਼ਾਰ ਗਰਮ ਹੈ। ਬੀਤੇ ਦਿਨੀਂ ਗੁਦਾਮ ਵਿੱਚ ਹੋਏ ਧਮਾਕੇ ਕਾਰਨ ਜਿੱਥੇ ਪੂਰਾ ਗੁਦਾਮ ਖਤਮ ਹੋ ਗਿਆ ਸੀ ਉੱਥੇ ਆਲੇ ਦੁਆਲੇ ਦਰਜਨਾਂ ਦੇ ਕਰੀਬ ਮਕਾਨ ਵੀ ਢਹਿ ਢੇਰੀ ਹੋ ਗਏ ਸਨ ਅਤੇ ਇਸ ਧਮਾਕਾ ਦੀ ਗੂੰਜ ਲੋਕਾਂ ਨੇ ਦੂਰ ਤੱਕ ਵੀ ਜਿੱਥੇ ਸੁਣਾਈ ਦਿੱਤੀ ਉੱਥੇ ਲੋਕਾਂ ਦੇ ਘਰਾਂ ਦੇ ਦਰਵਾਜੇ ਵੀ ਹਿੱਲ ਗਏ ਸਨ। ਇਸ ਮੌਕੇ ਅੱਜ ਦੂਸਰੇ ਦਿਨ ਬਜ਼ੁਰਗ ਔਰਤ ਬੇਬੇ ਪ੍ਰੀਤੋ ਕੌਰ ਜਿਸ ਦੀ ਬਾਂਹ ਉੱਡ ਗਈ ਸੀ ਅਤੇ ਇੱਕ ਵਿਅਕਤੀ ਜਿਸ ਦਾ ਜਬਾੜਾ ਹੀ ਉੱਡ ਗਿਆ ਸੀ ਦੀ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਹੈ।
ਇਸ ਤੋਂ ਇਲਾਵਾ ਧਮਾਕੇ ਵਾਲੇ ਗੁਦਾਮ ਦੇ ਆਲੇ-ਦੁਆਲੇ ਘਰਾਂ ਵਿੱਚ ਲੱਖਾਂ ਰੁਪਏ ਦਾ ਨੁਕਸਾਨ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਅਤੇ ਇਨ੍ਹਾਂ ਘਰਾਂ ਵਾਲਿਆਂ ਲੋਕਾਂ ਦੇ ਵਿੱਚ ਅਜੇ ਵੀ ਸਹਿਮ ਪਾਇਆ ਜਾ ਰਿਹਾ ਹੈ। ਇਸ ਤਂੋ ਇਲਾਵਾ ਘਟਨਾ ਵਾਲੇ ਇੱਕ ਕਿਲੋਮੀਟਰ ਦੇ ਏਰੀਏ ਵਿੱਚ ਬਿਜਲੀ ਖੰਬੇ ਆਦਿ ਵੀ ਟੁੱਟ ਕੇ ਸੜਕਾਂ ‘ਤੇ ਡਿੱਗਣ ਕਾਰਨ ਇਸ ਏਰੀਏ ਦੀ ਬਿਜਲੀ ਅਜੇ ਤੱਕ ਗੁੱਲ ਪਾਈ ਜਾ ਰਹੀ ਹੈ।