ਕੇਂਦਰ ਸਰਕਾਰ ਅਤੇ ਕਿਸਾਨਾਂ ਵਿੱਚ ਨਹੀਂ ਬਣੀ ਸਹਿਮਤੀ, ਸਵੇਰੇ ਦਿੱਲੀ ਵੱਲ ਕੂਚ ਕਰਨਗੇ ਕਿਸਾਨ (Farmers Meeting)
- ਹਰਿਆਣਾ ਬਾਰਡਰ ’ਤੇ ਜੇਬੀਸੀ ਮਸ਼ੀਨਾ ਰਾਹੀਂ ਤੋੜੀ ਜਾਣਗੀਆਂ ਖੜੀ ਕੀਤੀ ਦਿਵਾਰਾਂ
- 10 ਮੁੱਦੇ ’ਤੇ ਸਿਰਫ਼ 4 ਮੁੱਦੇ ’ਤੇ ਹੀ ਸਹਿਮਤੀ ਬਣਦੀ ਆਈ ਨਜ਼ਰ
- ਸਾਢੇ 6 ਘੰਟੇ ਚਲੀ ਮੀਟਿੰਗ, ਸ਼ਾਮ 5 ਵਜੇ ਸ਼ੁਰੂ ਹੋਈ ਹੋਈ ਮੀਟਿੰਗ ਰਾਤ 11:30 ਵਜੇ ਹੋਈ ਖ਼ਤਮ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਦਿੱਲੀ ਵਿਖੇ ਕਿਸਾਨਾਂ ਦੇ ਪ੍ਰਦਰਸ਼ਨ ਅਤੇ ਪੱਕੇ ਧਰਨੇ ਨੂੰ ਲੈ ਕੇ ਕੇਂਦਰ ਸਰਕਾਰ ਤੇ ਕਿਸਾਨ ਲੀਡਰਾਂ ਵਿੱਚਕਾਰ ਦੂਜੀ ਮੀਟਿੰਗ ਵੀ ਬੇਸਿੱਟਾ ਨਿਕਲੀ ਹੈ ਅਤੇ ਸਾਢੇ 6 ਘੰਟੇ ਲੰਬੀ ਮੀਟਿੰਗ ਵਿੱਚ ਦੋਹੇ ਧਿਰਾਂ ਸਹਿਮਤ ਹੀ ਨਹੀਂ ਹੋ ਪਾਈਆਂ। ਜਿਸ ਕਾਰਨ ਕਿਸਾਨ ਲੀਡਰਾਂ ਨੇ ਐਲਾਨ ਕਿ ਮੰਗਲਵਾਰ ਸਵੇਰੇ 10 ਵਜੇ ਤੋਂ ਕਿਸਾਨ ਦਿੱਲੀ ਵੱਲ ਨੂੰ ਹਰ ਹਾਲਤ ਵਿੱਚ ਕੂਚ ਕਰਨਗੇ। ਇਸ ਮੀਟਿੰਗ ਵਿੱਚ ਕਿਸਾਨ ਲੀਡਰਾਂ ਨੇ ਕੋਸ਼ਿਸ਼ ਕੀਤੀ ਕਿ ਕਿਸੇ ਵੀ ਹਾਲਤ ਸਹਿਮਤੀ ਬਣ ਜਾਵੇ ਪਰ ਕੇਂਦਰੀ ਮੰਤਰੀਆਂ ਵੱਲੋਂ ਕੋਈ ਜਿਆਦਾ ਰਿਸਪਾਂਸ ਨਾ ਮਿਲਣ ਦੇ ਚੱਲਦੇ ਸ਼ਾਮ 5 ਵਜੇ ਸ਼ੁਰੂ ਹੋਈ ਮੀਟਿੰਗ ਨੂੰ ਰਾਤ 11:30 ’ਤੇ ਖ਼ਤਮ ਕਰ ਦਿੱਤਾ ਗਿਆ। ਇਸ ਨਾਲ ਹੀ ਐਲਾਨ ਕਰ ਦਿੱਤਾ ਗਿਆ ਕਿ ਪਹਿਲਾਂ ਵਾਲੇ ਫੈਸਲੇ ਅਨੁਸਾਰ ਕਿਸਾਨ ਦਿੱਲੀ ਵੱਲ ਨੂੰ ਵਧਣਗੇ ਅਤੇ ਦਿੱਲੀ ਜਾ ਕੇ ਡੇਰਾ ਲਗਾਉਂਦੇ ਹੋਏ ਕੇਂਦਰ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ ਜਾਏਗਾ। (Farmers Meeting Update)
ਹਰਿਆਣਾ ਬਾਰਡਰ ’ਤੇ ਜੇਬੀਸੀ ਮਸ਼ੀਨਾ ਰਾਹੀਂ ਤੋੜੀ ਜਾਣਗੀਆਂ ਖੜੀ ਕੀਤੀ ਦਿਵਾਰਾਂ
ਪੰਜਾਬ ਦੇ ਕਿਸਾਨਾਂ ਨੂੰ ਹਰ ਬਾਰਡਰ ਅਤੇ ਦੀਵਾਰ ਨੂੰ ਤੋੜ ਕੇ ਅੱਗੇ ਵੱਧਣ ਤੱਕ ਦੇ ਸੁਨੇਹਾ ਦੇ ਦਿੱਤਾ ਗਿਆ ਹੈ। ਇਸ ਲਈ ਹਰਿਆਣਾ ਸਰਕਾਰ ਵੱਲੋਂ ਤਿਆਰ ਕੀਤੀ ਗਈ ਕੰਕਰੀਟ ਦੀ ਦਿਵਾਰਾਂ ਤੇ ਪੀਲਰ ਨੂੰ ਤੋੜਨ ਲਈ ਕਿਸਾਨਾਂ ਵਲੋਂ ਜੇਬੀਸੀ ਮਸ਼ੀਨਾ ਤੱਕ ਸੱਦ ਲਈਆ ਹਨ ਤਾਂ ਕਿ ਇਨ੍ਹਾਂ ਨੂੰ ਤੋੜਦੇ ਹੋਏ ਕਿਸਾਨ ਆਪਣੀ ਟਰਾਲੀਆਂ ਰਾਹੀਂ ਦਿੱਲੀ ਬਾਰਡਰ ’ਤੇ ਪੁੱਜ ਸਕਣ। ਫਿਲਹਾਲ ਸਭ ਤੋਂ ਜਿਆਦਾ ਟੈਂਸਨ ਦਾ ਮਾਹੌਲ ਸੰਭੂ ਬਾਰਡਰ ’ਤੇ ਹੀ ਬਣਿਆ ਹੋਇਆ ਹੈ, ਕਿਉਂਕਿ ਜੇਕਰ ਕਿਸਾਨ ਇਥੇ ਹਰਿਆਣਾ ਪੁਲਿਸ ਅਤੇ ਕੇਂਦਰੀ ਫੋਰਸ ਬਲ ਦਾ ਮੁਕਾਬਲਾ ਕਰਦੇ ਹਨ ਤਾਂ ਕਾਫ਼ੀ ਜਿਆਦਾ ਨੁਕਸਾਨ ਹੋਣ ਦੇ ਆਸਾਰ ਹਨ।
ਚੰਡੀਗੜ੍ਹ ਵਿਖੇ ਕੇਂਦਰੀ ਮੰਤਰੀ ਅਰਜੁਨ ਮੁੰਡਾ ਅਤੇ ਪਿਊਸ ਗੋਇਲ ਦੇ ਨਾਲ ਹੀ ਪੰਜਾਬ ਸਰਕਾਰ ਵਲੋਂ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਇਸ ਮੀਟਿੰਗ ਵਿੱਚ ਸ਼ਾਮਲ ਹੋਏ ਸਨ ਤਾਂ ਕਿਸਾਨ ਲੀਡਰਾਂ ਵਲੋਂ ਜਗਜੀਤ ਸਿੰਘ ਡੱਲੇਵਾਲ, ਬਲਦੇਵ ਸਿੰਘ ਸਿਰਸਾ ਅਤੇ ਸਵਰਨ ਸਿੰਘ ਪੰਧੇਰ ਵਲੋਂ ਮੁੱਖ ਤੌਰ ’ਤੇ ਗੱਲਬਾਤ ਕੀਤੀ ਗਈ। ਕਿਸਾਨ ਲੀਡਰਾਂ ਵਲੋਂ ਕੁਲ 10 ਮੰਗਾਂ ਨੂੰ ਚੁੱਕਿਆ ਗਿਆ ਸੀ ਤਾਂ ਇਸ ਵਿੱਚੋਂ 4 ਮੰਗਾਂ ਨੂੰ ਲਗਭਗ ਮੰਨ ਲਿਆ ਗਿਆ ਸੀ ਪਰ 6 ਮੰਗਾਂ ਨੂੰ ਲੈ ਕੇ ਸਹਿਮਤੀ ਨਹੀਂ ਬਣ ਪਾ ਰਹੀ ਸੀ। ਕੇਂਦਰੀ ਮੰਤਰੀ ਅਰਜੁਨ ਮੁੰਡਾ ਅਤੇ ਪਿਊਸ ਗੋਇਲ ਵਲੋਂ ਕੇਂਦਰੀ ਬਿਜਲੀ ਐਕਟ ਵਿੱਚੋਂ ਕਿਸਾਨਾਂ ਨੂੰ ਬਾਹਰ ਕਰਨ ਅਤੇ ਪਿਛਲੇ ਅੰਦੋਲਨ ਦੌਰਾਨ ਦਰਜ਼ ਹੋਏ ਹਰਿਆਣਾ ਦੇ ਦਿੱਲੀ ਵਿੱਚ ਮਾਮਲੇ ਵਾਪਸ ਲੈਣ ਦਾ ਭਰੋਸਾ ਦਿੱਤਾ ਗਿਆ ਤਾਂ ਲਖੀਮਪੁਰ ਖੀਰੀ ਦੇ ਪੀੜਤਾਂ ਨੂੰ ਮੁਆਵਜਾ ਦੇਣ ‘ਤੇ ਵੀ ਸਹਿਮਤੀ ਬਣ ਗਈ ਹੈ। ਕਿਸਾਨ ਲੀਡਰਾਂ ਵਲੋਂ ਕੇਂਦਰੀ ਬਿਜਲੀ ਐਕਟ 2020 ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਤਾਂ ਉਸ ’ਤੇ ਵੀ ਵਿਚਾਰ ਕਰਨ ਦਾ ਭਰੋਸਾ ਦੇ ਦਿੱਤਾ ਗਿਆ ਸੀ।
ਇਸ ਨਾਲ ਹੀ ਐਮ.ਐਸ.ਪੀ. ਐਕਟ ਨੂੰ ਲੈ ਕੇ ਕਮੇਟੀ ਵਿੱਚ ਕਿਸਾਨ ਲੀਡਰਾਂ ਨੂੰ ਸ਼ਾਮਲ ਕਰਨ ਲਈ ਵੀ ਕੇਂਦਰ ਮੰਤਰੀਆਂ ਵਲੋਂ ਨੁਮਾਇੰਦੇ ਦੀ ਲਿਸਟ ਦੇਣ ਲਈ ਕਿਹਾ ਗਿਆ ਤਾਂ ਕਿ ਕਿਸਾਨਾਂ ਨੂੰ ਅਨੁਸਾਰ ਐਮ.ਐਸ.ਪੀ. ਕਾਨੂੰਨ ਬਣਾਇਆ ਜਾ ਸਕੇ। ਕਿਸਾਨ ਲੀਡਰਾਂ ਵਲੋਂ ਦਾਲਾਂ ‘ਤੇ ਵੀ ਐਮ.ਐਸ.ਪੀ. ਦੇਣ ਦੀ ਮੰਗ ਕੀਤੀ ਗਈ ਪਰ ਇਸ ਨੂੰ ਲੈ ਕੇ ਕੋਈ ਜਿਆਦਾ ਸਹਿਮਤੀ ਨਹੀਂ ਬਣ ਪਾਈ ਅਤੇ ਇਸ ਮੰਗ ਨੂੰ ਅੱਧ ਵਿਚਕਾਰ ਹੀ ਛੱਡ ਦਿੱਤਾ ਗਿਆ ਹੈ।
ਅੜੀਅਲ ਰਵਈਏ ’ਤੇ ਬਣੀ ਹੋਈ ਐ ਕੇਂਦਰ ਸਰਕਾਰ, ਦਿਲ ਵਿੱਚ ਐ ਖੋਟ
ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਅਤੇ ਸਵਰਨ ਸਿੰਘ ਪੰਧੇਰ ਨੇ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਹੁਣ ਵੀ ਅੜੀਅਲ ਰਵਈਏ ’ਤੇ ਅੜੀ ਹੋਈ ਹੈ ਅਤੇ ਕਿਸੇ ਵੀ ਤਰੀਕੇ ਨਾਲ ਸਹਿਮਤੀ ਬਣਾਉਣ ਨੂੰ ਤਿਆਰ ਨਹੀਂ ਹੈ। ਕੇਂਦਰ ਸਰਕਾਰ ਦੇ ਮੰਤਰੀਆਂ ਵਲੋਂ ਸਿਰਫ਼ ਟਾਇਮ ਹੀ ਪਾਸ ਕੀਤਾ ਗਿਆ ਹੈ ਅਤੇ ਜਿਹੜੀ ਗੱਲ 8 ਫਰਵਰੀ ਨੂੰ ਟੁੱਟੀ ਸੀ, ਉਥੇ ਹੀ ਗੱਲ ਅੱਜ ਵੀ ਖੜ੍ਹੀ ਹੈ।
ਉਨ੍ਹਾਂ ਕਿਹਾ ਕਿ ਅਸੀਂ ਕੇਂਦਰ ਸਰਕਾਰ ਨਾਲ ਟਕਰਾਵ ਨਹੀਂ ਚਾਹੁੰਦੇ ਸੀ ਪਰ ਸਾਨੂੰ ਹੁਣ ਇਨ੍ਹਾਂ ਨੇ ਮਜ਼ਬੂਰ ਕਰ ਦਿੱਤਾ ਹੈ। ਇਸ ਲਈ ਸਵੇਰੇ 10 ਵਜੇ ਦਿੱਲੀ ਵੱਲ ਨੂੰ ਕੂਚ ਕੀਤਾ ਜਾਏਗਾ। ਉਨ੍ਹਾਂ ਕਿਹਾ ਕਿ ਉਹ ਸਾਡੇ ਤੋਂ ਲਗਾਤਾਰ ਸਮਾਂ ਮੰਗ ਰਹੇ ਸਨ ਤਾਂ ਅਸੀਂ ਕਿਹਾ ਕਿ ਪਿਛਲੇ 2 ਸਾਲ ਪਹਿਲਾਂ ਵੀ ਸਮਾਂ ਹੀ ਮੰਗਿਆ ਸੀ। ਇਸ ਲਈ ਇਸ ਤੋਂ ਜਿਆਦਾ ਸਮਾਂ ਕੀ ਚਾਹੀਦਾ ਹੈ। ਹੁਣ ਹੀ ਤੁਸੀਂ ਫੈਸਲਾ ਕਰਦੇ ਹੋਏ ਐਲਾਨ ਕਰੋ ਪਰ ਉਨ੍ਹਾਂ ਵਲੋਂ ਕੋਈ ਵੀ ਐਲਾਨ ਨਹੀਂ ਕੀਤਾ ਗਿਆ।
ਹਰਿਆਣਾ ਪੁਲਿਸ ਕਾਰਵਾਈ ਤੋਂ ਕਿਸਾਨ ਲੀਡਰਾਂ ਨੇ ਜਤਾਈ ਨਰਾਜ਼ਗੀ
ਕੇਂਦਰੀ ਮੰਤਰੀਆਂ ਨਾਲ ਮੀਟਿੰਗ ਦੌਰਾਨ ਇੱਕ ਵਾਰ ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਅਤੇ ਸਵਰਨ ਸਿੰਘ ਪੰਧੇਰ ਵਲੋਂ ਸ਼ਖਤ ਨਰਾਜ਼ਗੀ ਜਾਹਰ ਕੀਤੀ ਗਈ ਕਿ ਇੱਕ ਪਾਸੇ ਤਾਂ ਕਿਸਾਨ ਲੀਡਰਾਂ ਨਾਲ ਮੀਟਿੰਗ ਕੀਤੀ ਜਾ ਰਹੀ ਹੈ ਤਾਂ ਦੂਜੇ ਪਾਸੇ ਹਰਿਆਣਾ ਵਿੱਚ ਭਾਜਪਾ ਸਰਕਾਰ ਦੇ ਇਸ਼ਾਰੇ ’ਤੇ ਪੁਲਿਸ ਗਲਤ ਕਾਰਵਾਈ ਤੱਕ ਕਰਨ ਵਿੱਚ ਲਗੀ ਹੋਈ ਹੈ। ਹਰਿਆਣਾ ਦੀ ਸਾਰੀ ਸੜਕਾਂ ਨੂੰ ਵੱਡੇ ਪੱਧਰ ’ਤੇ ਸੀਲ ਕਰਦੇ ਹੋਏ ਹੰਝੂ ਗੈਂਸ ਦੇ ਗੋਲੇ ਦਾਗੇ ਜਾ ਰਹੇ ਹਨ ਤਾਂ ਪੁਲਿਸ ਹਥਿਆਰਾਂ ਨਾਲ ਵੀ ਲੈਸ ਹੋ ਕੇ ਖੜੀ ਹੈ। ਇਸ ਕਿਸ ਤਰੀਕੇ ਦਾ ਸੁਨੇਹਾ ਕੇਂਦਰ ਸਰਕਾਰ ਵਲੋਂ ਦਿੱਤਾ ਜਾ ਰਿਹਾ ਹੈ। ਕੀ ਇਸ ਤਰੀਕੇ ਨਾਲ ਗੱਲਾਂ ਹੁੰਦੀਆਂ ਹਨ ? ਇਸ ਨਰਾਜਗੀ ਦੌਰਾਨ ਇੱਕ ਵਾਰ ਮੀਟਿੰਗ ਵਿੱਚ ਕਾਫ਼ੀ ਹੰਗਾਮਾ ਵੀ ਹੋਇਆ ਤਾਂ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਮਾਹੌਲ ਨੂੰ ਸਾਂਤ ਵੀ ਕਰਵਾਇਆ ਗਿਆ।
ਨਰਿੰਦਰ ਮੋਦੀ ਵਲੋਂ ਬਣਾਏ ਗਏ ਡਰਾਫਟ ਨੂੰ ਕੀਤਾ ਜਾਵੇ ਲਾਗੂ
ਕਿਸਾਨ ਲੀਡਰਾਂ ਵਲੋਂ ਮੁੱਦਾ ਚੁੱਕਿਆ ਗਿਆ ਕਿ ਫਸਲ ’ਤੇ ਲਾਗੂ ਹੋਣ ਵਾਲੀ ਐਮ.ਐਸ.ਪੀ. ਨੂੰ ਲੈ ਕੇ ਨਰਿੰਦਰ ਮੋਦੀ ਵਲੋਂ ਗੁਜਰਾਤ ਦੇ ਮੁੱਖ ਮੰਤਰੀ ਰਹਿੰਦੇ ਹੋਏ ਇੱਕ ਡਰਾਫਟ ਤਿਆਰ ਕੀਤਾ ਗਿਆ ਸੀ। ਅੱਜ ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਹਨ ਤਾਂ ਉਨ੍ਹਾਂ ਵਲੋਂ ਤਿਆਰ ਕੀਤੇ ਗਏ ਡਰਾਫਟ ਨੂੰ ਹੀ ਇੰਨ ਬਿਨ ਲਾਗੂ ਕਰ ਦਿੱਤਾ ਜਾਵੇ ਤਾਂ ਕਿਸਾਨ ਜੱਥੇਬੰਦੀਆਂ ਉਸ ਲਈ ਵੀ ਰਾਜੀ ਹਨ। ਮੀਟਿੰਗ ਵਿੱਚ ਇਸ ਮੁੱਦੇ ਨੂੰ ਵਾਰ ਵਾਰ ਚੁੱਕਿਆ ਗਿਆ ਪਰ ਕੇਂਦਰੀ ਮੰਤਰੀ ਅਰਜੁਨ ਮੁੰਡਾ ਅਤੇ ਪਿਊਸ ਗੋਇਲ ਵਲੋਂ ਕੋਈ ਜਿਆਦਾ ਪ੍ਰਤੀਕ੍ਰਿਆ ਨਹੀਂ ਦਿੱਤੀ ਗਈ। ਜਿਸ ਨੂੰ ਲੈ ਕੇ ਵੀ ਮੀਟਿੰਗ ਵਿੱਚ ਕੁਝ ਦੇਰ ਸ਼ੋਰ ਸਰਾਬਾ ਵੀ ਹੋਇਆ। Farmers Meeting Update