ਅਕਾਲੀ ਦਲ ਨੇ ਮੈਂਬਰਸ਼ਿਪ ਰੱਦ ਕਰਨ ਲਈ ਸਪੀਕਰ ਨੂੰ ਘੱਲੀ ਚਿੱਠੀ | Aman Arora
- ਛੇਤੀ ਉੱਚ ਅਦਾਲਤ ਵਿੱਚੋਂ ਨਾ ਮਿਲੀ ਰਾਹਤ ਤਾਂ ਜਾ ਸਕਦੀ ਐ ਕੁਰਸੀ
- ਕੈਬਨਿਟ ਮੰਤਰੀ ਨੂੰ ਬੀਤੇ ਹਫ਼ਤੇ ਹੀ ਹੋਈ ਐ 2 ਸਾਲਾਂ ਦੀ ਸਜ਼ਾ, ਸੁਪਰੀਮ ਕੋਰਟ ਦੇ ਆਦੇਸ਼ਾਂ ਦਾ ਦਿੱਤਾ ਹਵਾਲਾ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਕੈਬਨਿਟ ਮੰਤਰੀ ਅਮਨ ਅਰੋੜਾ ਦੀਆਂ ਮੁਸ਼ਕਲਾਂ ਵਿੱਚ ਵਾਧਾ ਹੋ ਸਕਦਾ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਨ੍ਹਾਂ ਦੀ ਵਿਧਾਨ ਸਭਾ ਮੈਂਬਰਸ਼ਿਪ ਰੱਦ ਕਰਨ ਲਈ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾਂ ਨੂੰ ਚਿੱਠੀ ਘੱਲ ਦਿੱਤੀ ਹੈ। ਇਸ ਚਿੱਠੀ ਰਾਹੀਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੰਗ ਕੀਤੀ ਗਈ ਹੈ ਕਿ ਸੁਪਰੀਮ ਕੋਰਟ ਦੇ ਤਾਜ਼ਾ ਆਦੇਸ਼ਾਂ ਅਨੁਸਾਰ 2 ਸਾਲ ਜਾਂ ਫਿਰ ਇਸ ਤੋਂ ਜ਼ਿਆਦਾ ਸਜ਼ਾ ਹੋਣ ਵਾਲੇ ਸੰਸਦ ਮੈਂਬਰ ਜਾਂ ਫਿਰ ਵਿਧਾਨ ਸਭਾ ਮੈਂਬਰ ਦੀ ਮੈਂਬਰਸ਼ਿਪ ਤੁਰੰਤ ਰੱਦ ਕੀਤੀ ਜਾਣੀ ਬਣਦੀ ਹੈ। ਸ਼੍ਰੋਮਣੀ ਅਕਾਲੀ ਦਲ ਦੀ ਇਹ ਚਿੱਠੀ ਪੰਜਾਬ ਵਿਧਾਨ ਸਭਾ ਕੋਲ ਪੁੱਜ ਗਈ ਹੈ ਪਰ ਇਸ ਮਾਮਲੇ ਵਿੱਚ ਕੋਈ ਵੀ ਫੈਸਲਾ ਨਹੀਂ ਲਿਆ ਗਿਆ। (Aman Arora)
ਪੰਜਾਬ ਵਿਧਾਨ ਸਭਾ ਦੇ ਸਪੀਕਰ ਇਸ ਮਾਮਲੇ ਵਿੱਚ ਅਗਲੇ ਹਫ਼ਤੇ ਮਗਰੋਂ ਹੀ ਇਸ ਬਾਰੇ ਕੋਈ ਅਹਿਮ ਫੈਸਲਾ ਕਰ ਸਕਦੇ ਹਨ। ਹਾਲਾਂਕਿ ਅਮਨ ਅਰੋੜਾ ਕੋਲ ਉੱਚ ਅਦਾਲਤ ਵਿੱਚ ਜਾ ਕੇ ਸਜ਼ਾ ’ਤੇ ਰੋਕ ਲਾਉਣ ਦਾ ਮੌਕਾ ਪਿਆ ਹੈ। ਇਸ ਲਈ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਝ ਦਿਨਾਂ ਤੱਕ ਇਸ ਸਬੰਧੀ ਇੰਤਜ਼ਾਰ ਵੀ ਕਰ ਸਕਦੇ ਹਨ। ਜੇਕਰ ਉੱਚ ਅਦਾਲਤ ਵਿੱਚੋਂ ਛੇਤੀ ਹੀ ਅਮਨ ਅਰੋੜਾ ਨੂੰ ਰਾਹਤ ਨਹੀਂ ਮਿਲੀ ਤਾਂ ਉਨ੍ਹਾਂ ਦੀ ਕੁਰਸੀ ਵੀ ਜਾ ਸਕਦੀ ਹੈ। ਜਾਣਕਾਰੀ ਅਨੁਸਾਰ ਪੰਜਾਬ ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਉਨ੍ਹਾਂ ਨਾਲ ਕੁਝ ਹੋਰ ਸਾਥੀਆਂ ਨੂੰ ਸੁਨਾਮ ਦੀ ਅਦਾਲਤ ਵੱਲੋਂ 21 ਦਸੰਬਰ ਨੂੰ ਕੁੱਟਮਾਰ ਕਰਨ ਦੇ 15 ਸਾਲ ਪੁਰਾਣੇ ਇੱਕ ਮਾਮਲੇ ’ਚ ਦੋ ਸਾਲਾਂ ਦੀ ਸਜ਼ਾ ਸੁਣਾਈ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਮੌਕੇ ’ਤੇ ਹੀ ਅਦਾਲਤ ਨੇ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ ਸੀ। (Aman Arora)
ਇਹ ਵੀ ਪੜ੍ਹੋ : ਹੁਣ ਵੈੱਬਸਾਈਟ ਰਾਹੀਂ ਹੱਲ ਹੋਣਗੇ ਪਰਵਾਸੀ ਪੰਜਾਬੀਆਂ ਦੇ ਮਾਮਲੇ
ਪਰ ਹੁਣ ਉਨ੍ਹਾਂ ਦੀ ਵਿਧਾਨ ਸਭਾ ਮੈਂਬਰਸ਼ਿਪ ’ਤੇ ਖਤਰਾ ਮੰਡਰਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਸੁਖਵਿੰਦਰ ਸਿੰਘ ਨੇ ਸਪੀਕਰ ਕੁਲਤਾਰ ਸੰਧਵਾਂ ਨੂੰ ਚਿੱਠੀ ਲਿਖ ਕੇ ਦੱਸਿਆ ਕਿ ਸੁਪਰੀਮ ਕੋਰਟ ਵੱਲੋਂ ਸਾਲ 2013 ਵਿੱਚ ਲਿੱਲੀ ਥਾਮਸ ਬਨਾਮ ਯੂਨੀਅਨ ਆਫ਼ ਇੰਡੀਆ ਕੇਸ ਵਿੱਚ ਆਦੇਸ਼ ਦਿੱਤੇ ਗਏ ਹਨ ਕਿ ਜੇਕਰ ਕੋਈ ਵਿਧਾਇਕ ਜਾਂ ਫਿਰ ਸੰਸਦ ਮੈਂਬਰ ਨੂੰ ਅਦਾਲਤ ਵੱਲੋਂ ਕਿਸੇ ਵੀ ਮਾਮਲੇ ਵਿੱਚ 2 ਜਾਂ ਫਿਰ ਇਸ ਤੋਂ ਜ਼ਿਆਦਾ ਦੀ ਸਜ਼ਾ ਹੋ ਜਾਂਦੀ ਹੈ ਤਾਂ ਉਸ ਦੀ ਵਿਧਾਨ ਸਭਾ ਜਾਂ ਫਿਰ ਸੰਸਦ ਮੈਂਬਰਸ਼ਿਪ ਰੱਦ ਕਰ ਦਿੱਤੀ ਜਾਣੀ ਚਾਹੀਦੀ ਹੈ। ਅਕਾਲੀ ਦਲ ਦੇ ਵਿਧਾਇਕ ਸੁਖਵਿੰਦਰ ਸਿੰਘ ਵੱਲੋਂ ਆਪਣੀ ਚਿੱਠੀ ਵਿੱਚ ਮੰਗ ਕੀਤੀ ਗਈ ਹੈ ਕਿ ਸੁਪਰੀਮ ਕੋਰਟ ਦੇ ਇਨ੍ਹਾਂ ਆਦੇਸ਼ਾਂ ਦੀ ਰੌਸ਼ਨੀ ਵਿੱਚ ਅਮਨ ਅਰੋੜਾ ਦੀ ਮੈਂਬਰਸ਼ਿਪ ਤੁਰੰਤ ਰੱਦ ਹੋਣੀ ਬਣਦੀ ਹੈ। (Aman Arora)