ਫ਼ਤਹਿਗੜ੍ਹ ਸਾਹਿਬ (ਅਮਿਤ ਸ਼ਰਮਾ)। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਸ਼ਹੀਦੀ ਜੋੜ ਮੇਲ ਮੌਕੇ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ (Sri Fatehgarh Sahib) ਵਿਖੇ ਨਤਮਸਤਕ ਹੋਏ। ਉਹਨਾਂ ਜਿੱਥੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਸ਼ਰਧਾਂਜਲੀ ਭੇਂਟ ਕੀਤੀ ਉੱਥੇ ਹੀ ਪੰਜਾਬ ਦੀ ਚੜ੍ਹਦੀ ਕਲਾ ਤੇ ਸਰਬੱਤ ਦੇ ਭਲੇ ਲਈ ਵੀ ਅਰਦਾਸ ਕਰਵਾਈ।
ਇਸ ਮੌਕੇ ਮੀਡੀਆ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅਸੀਂ ਤਾਂ ਸ਼ਹੀਦਾਂ ਦੇ ਚਰਨਾਂ ਦੀ ਧੂੜ ਦਾ ਇੱਕ ਤਿਣਕਾ ਵੀ ਨਹੀਂ ਹਾਂ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਸਾਨੂੰ ਮਿਲਿਆ ਹੈ, ਜੇ ਇਸ ਨੂੰ ਨਿਭਾ ਸਕੀਏ ਤਾਂ ਇਸ ਤੋਂ ਵੰਡਾ ਪੁੰਨ ਦਾ ਕੋਈ ਕੰਮ ਨਹੀਂ ਹੋਵੇਗਾ।
ਉਨ੍ਹਾਂ ਕਿਹਾ ਕਿ ਤਿੰਨ ਦਿਨ ਸ਼ਹੀਦੀ ਸਭਾ ਦੌਰਾਨ ਲੋਕ ਦੇਸ਼ਾਂ-ਵਿਦੇਸ਼ਾਂ ਤੋਂ ਇਸ ਧਰਤੀ ‘ਤੇ ਸੱਜਦਾ ਕਰਨ ਆਉਂਦੇ ਹਨ ਅਤੇ ਇਤਿਹਾਸ ‘ਚ ਇਹ ਬਹੁਤ ਵੱਡੀ ਕੁਰਬਾਨੀ ਹੈ। ਇਸ ਅਦੁੱਤੀ ਸ਼ਹਾਦਤ ਦੀ ਮਿਸਾਲ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਨਹੀਂ ਮਿਲਦੀ, ਜਿਸ ਕਾਰਨ ਇੱਥੇ ਲੱਖਾਂ ਦੀ ਗਿਣਤੀ ‘ਚ ਸੰਗਤਾਂ ਨਤਮਸਤਕ ਹੁੰਦੀਆਂ ਹਨ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਬਤੌਰ ਸੰਸਦ ਮੈਂਬਰ ਸੰਸਦ ਵਿੱਚ ਪਹਿਲੀ ਵਾਰ ਛੋਟੇ ਸਾਹਿਬਜਾਦਿਆਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਸੀ।