ਡਿਪਟੀ ਕਮਿਸ਼ਨਰ ਨੇ ਦਿੱਤੀ ਵਧਾਈ
(ਰਜਨੀਸ਼ ਰਵੀ) ਫਾਜ਼ਿਲਕਾ। ਫਾਜਿ਼ਲਕਾ ਜ਼ਿਲ੍ਹੇ ਦੇ ਨੌਜਵਾਨ ਸੰਜੀਵ ਕੁਮਾਰ ਨੇ ਪਹਿਲੀ ਖੇਲੋ ਇੰਡੀਆ ਪੈਰਾ ਬੈਡਮਿੰਟਨ ਗੇਮਜ਼ ਵਿੱਚ ਗੋਲਡ ਮੈਡਲ ਜਿੱਤ ਕੇ ਪੰਜਾਬ ਅਤੇ ਫਾਜ਼ਿਲਕਾ ਜ਼ਿਲ੍ਹੇ ਦਾ ਨਾਂਅ ਰੌਸ਼ਨ ਕੀਤਾ ਹੈ। ਸੰਜੀਵ ਕੁਮਾਰ ਦਿਵਿਆਂਗ ਹੈ ਅਤੇ ਵ੍ਹੀਲਚੇਅਰ ’ਤੇ ਬੈਠ ਕੇ ਬੈਡਮਿੰਟਨ ਖੇਡਦਾ ਹੈ। ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਸੰਜੀਵ ਕੁਮਾਰ ਨੂੰ ਵਧਾਈ ਦਿੱਤੀ ਅਤੇ ਉਸਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ਹੈ। (Para Badminton)
ਇਹ ਵੀ ਪੜ੍ਹੋ: ਸੰਜੇ ਸਿੰਘ ਬਣੇ ਕੁਸ਼ਤੀ ਫੈਡਰੇਸ਼ਨ ਦੇ ਨਵੇਂ ਪ੍ਰਧਾਨ ਬਣੇ
ਜ਼ਿਕਰਯੋਗ ਹੈ ਕਿ ਇਹ ਪਹਿਲੀ ਖੇਲੋ ਇੰਡੀਆ ਪੈਰਾ ਬੈਡਮਿੰਟਨ ਚੈਂਪੀਅਨਸਿ਼ਪ ਸਪੋਰਟਸ ਅਥਾਰਟੀ ਆਫ਼ ਇੰਡੀਆਂ ਵੱਲੋਂ ਕਰਵਾਈ ਗਈ ਤੇ ਇਹ 10 ਤੋਂ 12 ਦਸੰਬਰ 2023 ਤੱਕ ਨਵੀਂ ਦਿੱਲੀ ਇੰਦਰਾ ਗਾਂਧੀ ਸਟੇਡੀਅਮ ਵਿਖੇ ਹੋਈ। ਇਸ ਬੈਡਮਿੰਟਨ ਚੈਂਪੀਅਨਸਿ਼ਪ ਵਿਚ ਸੰਜੀਵ ਕੁਮਾਰ ਨੇ ਪੁਰਸ਼ਾਂ ਤੇ ਸਿੰਗਲ ਮੁਕਾਬਲੇ ਡਲਬਯੂ ਐਚ 2 ਸ੍ਰੇਣੀ (ਵੀਲ੍ਹਚੇਅਰ ਕੈਟਾਗਿਰੀ) ਵਿਚ ਗੋਲਡ ਮੈਡਲ ਜਿੱਤਿਆ ਹੈ।
ਨੈਸ਼ਨਲ ਪੱਧਰ ਤੇ ਹੁਣ ਤੱਕ 20 ਗੋਲਡ ਜਿੱਤ ਚੁੱਕਿਆ ਹੈ ਸੰਜੀਵ ਕੁਮਾਰ
ਸੰਜੀਵ ਕੁਮਾਰ ਪਿਛਲੇ 11 ਸਾਲਾਂ ਤੋਂ ਨੈਸ਼ਨਲ ਚੈਂਪੀਅਨ ਹਨ। ਇਸ ਖਿਡਾਰੀ ਨੇ ਇੰਟਰਨੈਸ਼ਨਲ ਪੱਧਰ ’ਤੇ ਹੁਣ ਤੱਕ 5 ਗੋਲਡ, 6 ਸਿਲਵਰ ਅਤੇ 11 ਕਾਂਸੀ ਦੇ ਮੈਡਲ ਜਿੱਤੇ ਹਨ। ਨੈਸ਼ਨਲ ਪੱਧਰ ਤੇ ਹੁਣ ਤੱਕ 20 ਗੋਲਡ, 7 ਸਿਲਵਰ ਅਤੇ 5 ਕਾਂਸੀ ਦੇ ਮੈਡਲ ਜਿੱਤੇ ਹਨ।ਇਸ ਖਿਡਾਰੀ ਨੇ 2013 ਵਿੱਚ ਜਰਮਨੀ ਤੋਂ ਕਾਂਸੀ ਦਾ ਤਗਮਾ ਜਿੱਤਿਆ ਜੋ ਕਿ ਭਾਰਤ ਲਈ ਰਿਕਾਰਡ ਹੈ, ਇਸ ਤੋਂ ਇਲਾਵਾ ਸੰਜੀਵ ਕੁਮਾਰ 2009 ਵਿੱਚ ਵਰਲਡ ਗੇਮਜ਼ ਦਾ ਸਿਲਵਰ ਮੈਡਲ ਵਿਜੇਤਾ ਵੀ ਹੈ। ਇਸ ਖਿਡਾਰੀ ਨੂੰ ਪੰਜਾਬ ਸਰਕਾਰ ਵੱਲੋਂ ਮਾਹਾਰਾਜਾ ਰਣਜੀਤ ਸਿੰਘ ਐਵਾਰਡ 2017 ਅਤੇ 2009 ਵਿੱਚ ਪੰਜਾਬ ਸਟੇਟ ਐਵਾਰਡ ਮਿਲ ਚੁੱਕਾ ਹੈ। (Para Badminton)