ਚੰਡੀਗੜ੍ਹ ‘ਚ ‘ਆਪ’ ਲੀਡਰਾਂ ਨਾਲ ਕੀਤੀ ਮੀਟਿੰਗ ਦੌਰਾਨ ਸੁਣਾਇਆ ਫੈਸਲਾ
- ਖੁਦ ਵਿਦੇਸ਼ ਦੌਰੇ ‘ਤੇ ਜਾਣ ਕਾਰਨ ਅਮਨ ਅਰੋੜਾ ਨੂੰ 15-20 ਦਿਨਾਂ ਲਈ ਸੌਂਪੀ ਕਮਾਨ
ਚੰਡੀਗੜ੍ਹ, (ਅਸ਼ਵਨੀ ਚਾਵਲਾ)
ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਭਗਵੰਤ ਮਾਨ ਨੇ ਪੰਜਾਬ ‘ਚ ਪਾਰਟੀ ਦਾ ਜਥੇਬੰਦਕ ਢਾਂਚਾ ਤੇ ਸਮੂਹ ਵਿੰਗਾਂ ਨੂੰ ਭੰਗ ਕਰਦਿਆਂ ਪਹਿਲਾਂ ਤੋਂ ਚੱਲਦੇ ਆ ਰਹੇ ਸਮੂਹ ਅਹੁਦੇਦਾਰਾਂ ਦੀਆਂ ਅਹੁਦੇਦਾਰੀਆਂ ਨੂੰ ਖਤਮ ਕਰ ਦਿੱਤਾ ਹੈ ਇਹ ਫੈਸਲਾ ਭਗਵੰਤ ਮਾਨ ਨੇ ਚੰਡੀਗੜ੍ਹ ਵਿਖੇ ਸਮੂਹ ‘ਆਪ’ ਵਿਧਾਇਕਾਂ, ਉਮੀਦਵਾਰਾਂ ਤੇ ਲੀਡਰਾਂ ਨਾਲ ਕੀਤੀ ਮੀਟਿੰਗ ਦੌਰਾਨ ਸੁਣਾਇਆ ਇਸ ਦੇ ਨਾਲ ਹੀ ਉਨ੍ਹਾਂ ਨੇ ਅਗਲੇ 15 ਤੋਂ 20 ਦਿਨਾਂ ਲਈ ਪੰਜਾਬ ਦੀ ਕਮਾਨ ਉਪ ਕਨਵੀਨਰ ਅਮਨ ਅਰੋੜਾ ਨੂੰ ਸੌਂਪਦਿਆਂ ਪੰਜਾਬ ‘ਚ ਪਾਰਟੀ ਦਾ ਸਾਰਾ ਢਾਂਚਾ ਤਿਆਰ ਕਰਨ ਦੀ ਜਿੰਮੇਵਾਰੀ ਸੌਂਪੀ ਹੈ ਭਗਵੰਤ ਮਾਨ ਆਪਣੇ ਪਰਿਵਾਰਕ ਰੁਝੇਵਿਆਂ ਕਾਰਨ 15 ਤੋਂ 20 ਦਿਨ ਲਈ ਵਿਦੇਸ਼ ਜਾ ਰਹੇ ਹਨ ਆਉਣ ਵਾਲੇ 15-20 ਦਿਨਾਂ ਤੱਕ ਪਾਰਟੀ ਦੇ ਸਾਰੇ ਲੀਡਰ ਅਤੇ ਵਿਧਾਇਕ ਅਮਨ ਅਰੋੜਾ ਨੂੰ ਰਿਪੋਰਟ ਕਰਨਗੇ।
ਭਗਵੰਤ ਮਾਨ ਨੇ ਚੰਡੀਗੜ ਵਿਖੇ ਹਲਕਾ ਅਤੇ ਜ਼ੋਨ ਅਨੁਸਾਰ ਮੀਟਿੰਗ ਕਰਦਿਆਂ ਸਮੂਹ ਵਿਧਾਇਕਾਂ ਤੇ ਉਮੀਦਵਾਰਾਂ ਨੂੰ ਆਪਣੇ-ਆਪਣੇ ਹਲਕੇ ਦੀ ਲਿਸਟ ਤਿਆਰ ਕਰਕੇ ਪਾਰਟੀ ਉਪ ਪ੍ਰਧਾਨ ਅਮਨ ਅਰੋੜਾ ਨੂੰ ਦੇਣ ਲਈ ਕਿਹਾ ਹੈ ਜਿਸ ਤੋਂ ਬਾਅਦ ਹਲਕਾ ਅਤੇ ਬਲਾਕ ਪੱਧਰ ‘ਤੇ ਅਹੁਦੇਦਾਰ ਥਾਪੇ ਜਾਣਗੇ। ਦੱਸਿਆ ਜਾ ਰਿਹਾ ਹੈ ਕਿ ਭਗਵੰਤ ਮਾਨ ਨੇ ਮੀਟਿੰਗ ਵਿੱਚ ਸਾਫ਼ ਕਿਹਾ ਹੈ ਕਿ ਜਿਹੜੇ ‘ਆਪ’ ਦੇ ਮੌਜੂਦਾ ਲੀਡਰਾਂ ਨੇ ਚੋਣਾਂ ‘ਚ ਪਾਰਟੀ ਦੀ ਵਿਰੋਧਤਾ ਕੀਤੀ ਸੀ ਜਾਂ ਪਾਰਟੀ ਦੇ ਫੈਸਲਿਆਂ ‘ਤੇ ਉਂਗਲ ਚੁੱਕੀ ਸੀ ਨੂੰ ਪੂਰੀ ਤਰਾਂ ਖੁੰਝੇ ਲਗਾਇਆ ਜਾਵੇ ਉਨ੍ਹਾਂ ਨਾਲ ਹੀ ਅਜਿਹੇ ਲੀਡਰਾਂ ਦੀ ਵਿਸ਼ੇਸ਼ ਤੌਰ ‘ਤੇ ਸੂਚੀ ਮੰਗਵਾਈ ਹੈ ਤਾਂ ਜੋ ਭਵਿੱਖ ਵਿੱਚ ਇਨਾਂ ਲੀਡਰਾਂ ਨੂੰ ਕਿਸੇ ਵੀ ਤਰਾਂ ਦੀ ਜਿੰਮੇਵਾਰੀ ਨਾ ਦਿੱਤੀ ਜਾਵੇ।
ਮਾਲਵਾ ‘ਚ 2, ਮਾਝਾ ਤੇ ਦੁਆਬਾ ‘ਚ ਲਾਏ ਜਾਣਗੇ 1-1 ਉਪ ਪ੍ਰਧਾਨ
ਆਮ ਆਦਮੀ ਪਾਰਟੀ ਨੇ ਅਕਾਲੀ ਦਲ ਤੇ ਕਾਂਗਰਸ ਦੀ ਰਾਹ ‘ਤੇ ਚੱਲਦਿਆਂ ਮਾਲਵਾ ‘ਚ 2 ਅਤੇ ਮਾਝਾ ਤੇ ਦੋਆਬਾ ‘ਚ 1-1 ਉਪ ਪ੍ਰਧਾਨ ਬਣਾਉਣ ਦਾ ਫੈਸਲਾ ਕੀਤਾ ਹੈ। ਕਿਸੇ ਵੀ ਜ਼ੋਨ ਦਾ ਉਪ ਪ੍ਰਧਾਨ ਆਪਣੇ ਪੱਧਰ ‘ਤੇ ਕੰਮ ਕਰਦਿਆਂ ਪਾਰਟੀ ਨੂੰ ਅੱਗੇ ਲੈ ਕੇ ਜਾਣ ਲਈ ਕੋਸ਼ਸ਼ਾਂ ਵਿੱਚ ਜੁਟੇਗਾ। ਇਸ ਨਾਲ ਹੀ ਜ਼ੋਨ ਦੇ ਉਪ ਪ੍ਰਧਾਨ ਨੂੰ ਆਪਣੇ ਅਧੀਨ ਅਹੁਦੇਦਾਰ ਬਣਾਉਣਾ ਦਾ ਪੂਰਾ ਹੱਕ ਹੋਵੇਗਾ ਪਰ ਇਸ ਸਬੰਧੀ ਪ੍ਰਧਾਨ ਤੋਂ ਸਹਿਮਤੀ ਲੈਣੀ ਜਰੂਰੀ ਹੋਵੇਗੀ। ਇਸ ਤੋਂ ਇਲਾਵਾ ਹਰ ਹਲਕੇ ਵਿੱਚ 3 ਪ੍ਰਧਾਨ ਥਾਪੇ ਜਾਣਗੇ, ਜਦੋਂ ਕਿ ਅਕਾਲੀਆਂ ਤੇ ਕਾਂਗਰਸੀਆਂ ਵੱਲੋਂ ਸ਼ਹਿਰੀ ਅਤੇ ਦਿਹਾਤੀ ਤਹਿਤ ਦੋ ਪ੍ਰਧਾਨ ਹੀ ਥਾਪੇ ਜਾਂਦੇ ਹਨ।