ਸੜਕ ਜਾਮ ਕਰਕੇ ਕਿਸਾਨਾਂ ਨੇ ਕੀਤੀ ਮੁਆਵਜ਼ੇ ਦੀ ਮੰਗ
(ਸੁਖਜੀਤ ਮਾਨ) ਮਾਨਸਾ। ਮਾਨਸਾ ਦੇ ਨੇੜਲੇ ਪਿੰਡ ਤਾਮਕੋਟ ਤੇ ਰੱਲਾ ਦੇ ਵਿਚਕਾਰ ਨਹਿਰ ਟੁੱਟਣ ਕਾਰਨ ਕਿਸਾਨਾਂ ਦੀ ਸੈਂਕੜੇ ਏਕੜ ਕਣਕ ਦੀ ਫਸਲ ਵਿੱਚ ਪਾਣੀ ਭਰ ਗਿਆ। ਰੋਹ ’ਚ ਆਏ ਕਿਸਾਨਾਂ ਵੱਲੋਂ ਬਰਨਾਲਾ- ਸਰਸਾ ਰੋਡ ਜਾਮ ਕਰਕੇ ਰੋਸ ਪ੍ਰਦਰਸਨ ਕੀਤਾ ਗਿਆ ਅਤੇ ਅਣਗਹਿਲੀ ਕਰਨ ਵਾਲੇ ਅਧਿਕਾਰੀਆਂ ਕਰਮਚਾਰੀਆਂ ਖਿਲਾਫ ਕਾਰਵਾਈ ਅਤੇ ਫਸਲਾਂ ਦੇ ਮੁਆਵਜੇ ਦੀ ਵੀ ਮੰਗ ਕੀਤੀ ਗਈ। ਮੌਕੇ ’ਤੇ ਪੁੱਜੇ ਮਾਨਸਾ ਦੇ ਵਿਧਾਇਕ ਵਿਜੈ ਸਿੰਗਲਾ ਨੇ ਕਿਸਾਨਾਂ ਦੀ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨਾਲ ਗੱਲ ਕਰਵਾ ਕੇ ਕਾਰਵਾਈ ਦਾ ਭਰੋਸਾ ਦਿੱਤਾ । Farmers Protest
ਜਾਣਕਾਰੀ ਮੁਤਾਬਿਕ ਦੇਰ ਰਾਤ ਪਿੰਡ ਤਾਮਕੋਟ ਅਤੇ ਰੱਲਾ ਦੇ ਵਿਚਕਾਰ ਸੂਏ ਵਿੱਚ ਪਾਣੀ ਛੱਡੇ ਜਾਣ ਦੇ ਕਾਰਨ ਸੂਆ ਟੁੱਟ ਗਿਆ ਜਿਸ ਕਾਰਨ ਕਿਸਾਨਾਂ ਦੀ ਸੈਂਕੜੇ ਏਕੜ ਕਣਕ, ਆਲੂ, ਮਿਰਚ ਅਤੇ ਸਰ੍ਹੋਂ ਦੀ ਫਸਲ ਪਾਣੀ ਵਿੱਚ ਡੁੱਬ ਗਈ। ਕਿਸਾਨ ਬਲਦੇਵ ਸਿੰਘ, ਗੁਰਮੀਤ ਸਿੰਘ ਅਤੇ ਜਗਸੀਰ ਸਿੰਘ ਨੇ ਕਿਹਾ ਕਿ ਸੂਆ ਟੁੱਟਣ ਦਾ ਕਾਰਨ ਵਿਭਾਗ ਦੀ ਅਣਗਹਿਲੀ ਹੈ ਕਿਉਂਕਿ ਕਰਮਚਾਰੀਆਂ ਵੱਲੋਂ ਅੱਗੇ ਤੋਂ ਫੱਟੇ ਨਾ ਚੁੱਕੇ ਜਾਣ ਕਾਰਨ ਸੂਏ ਵਿੱਚ ਪਾਣੀ ਦਾ ਦਬਾਅ ਵਧ ਕੇ ਸੂਆ ਟੁੱਟ ਗਿਆ, ਜਿਸ ਕਾਰਨ ਉਨ੍ਹਾਂ ਦੀ 400 ਤੋਂ 500 ਏਕੜ ਦੇ ਕਰੀਬ ਫਸਲ ਵਿੱਚ ਪਾਣੀ ਭਰ ਜਾਣ ਕਾਰਨ ਫਸਲਾਂ ਤਬਾਹ ਹੋ ਗਈਆਂ ਹਨ। ਇਸ ਨੁਕਸਾਨ ਦੇ ਚਲਦਿਆਂ ਹੀ ਉਹਨਾਂ ਵੱਲੋਂ ਮਜਬੂਰੀ ਬੱਸ ਬਰਨਾਲਾ-ਸਰਸਾ ਰੋਡ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। Farmers Protest
ਇਹ ਵੀ ਪੜ੍ਹੋ: ਮਹਾਰਾਜਾ ਹੀਰਾ ਸਿੰਘ ਜੀ ਦੇ ਜਨਮ ਦਿਹਾੜੇ ’ਤੇ ਵਿਧਾਇਕ ਦੇਵਮਾਨ ਦੀ ਅਗਵਾਈ ’ਚ ਕਰਵਾਇਆ ਧਾਰਮਿਕ ਸਮਾਗਮ
ਉਹਨਾਂ ਕਿਹਾ ਕਿ ਸਰਕਾਰ ਤੁਰੰਤ ਉਹਨਾਂ ਦੀਆਂ ਖਰਾਬ ਹੋਈਆਂ ਫਸਲਾਂ ਦੀ ਗਿਰਦਾਵਰੀ ਕਰਕੇ ਮੁਆਵਜਾ ਦੇਵੇ ਅਤੇ ਅਣਗਹਿਲੀ ਕਰਨ ਵਾਲੇ ਅਧਿਕਾਰੀਆਂ ’ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਕਿਸਾਨਾਂ ਨਾਲ ਗੱਲਬਾਤ ਕਰਨ ਲਈ ਪਹੁੰਚੇ ਮਾਨਸਾ ਤੋਂ ਵਿਧਾਇਕ ਡਾ. ਵਿਜੇ ਸਿੰਗਲਾ ਅਤੇ ਐਸਡੀਐਮ ਮਨਜੀਤ ਸਿੰਘ ਨੇ ਉਹਨਾਂ ਨੂੰ ਭਰੋਸਾ ਦਿੱਤਾ ਕਿ ਅਣਗਹਿਲੀ ਕਰਨ ਵਾਲੇ ਅਧਿਕਾਰੀਆਂ ਕਰਮਚਾਰੀਆਂ ’ਤੇ ਸਖਤ ਕਾਰਵਾਈ ਕੀਤੀ ਜਾਵੇਗੀ ਤੇ ਸਰਕਾਰ ਵੱਲੋਂ ਭਰੋਸਾ ਵੀ ਦਿੱਤਾ ਗਿਆ ਹੈ ਕਿਸਾਨਾਂ ਦੀ ਖਰਾਬ ਹੋਈ ਫਸਲ ਦੀ ਗਿਰਦਾਵਰੀ ਕਰਕੇ ਯੋਗ ਮੁਆਵਜਾ ਵੀ ਦਿੱਤਾ ਜਾਵੇਗਾ । ਇਸ ਦੌਰਾਨ ਵਿਧਾਇਕ ਵਿਜੇ ਸਿੰਗਲਾ ਨੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦੇ ਨਾਲ ਕਿਸਾਨਾਂ ਦੀ ਗੱਲ ਵੀ ਕਰਵਾਈ ਤੇ ਮੰਤਰੀ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਅਧਿਕਾਰੀਆਂ ਤੇ ਕਾਰਵਾਈ ਕਰਕੇ ਉਹਨਾਂ ਦੀਆਂ ਖਰਾਬ ਹੋਈਆਂ ਫਸਲਾਂ ਦਾ ਸਰਕਾਰ ਵੱਲੋਂ ਮੁਆਵਜਾ ਦਿੱਤਾ ਜਾਵੇਗਾ।