ਜਨਮ ਦਿਨ ’ਤੇ ਵਿਸ਼ੇਸ਼ | Dr. Bhim rao Ambedkar
ਦਲਿਤਾਂ ਦੇ ਮਸੀਹਾ ਵਜੋਂ ਵਿਸ਼ਵ ਭਰ ਵਿੱਚ ਜਾਣੇ ਜਾਂਦੇ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਨੇ ਭਾਰਤੀ ਸਮਾਜ ਵਿੱਚ ਅਛੂਤ ਹੋਣ ਦਾ ਸੰਤਾਪ ਆਪਣੇ ਹੱਡੀਂ ਹੰਢਾਇਆ ਅਤੇ ਨਿਮਨ ਵਰਗਾਂ ਦੇ ਲੋਕਾਂ ਵਿੱਚ ਚੇਤਨਾ ਲਹਿਰ ਪੈਦਾ ਕਰਨ ਹਿੱਤ ਆਪਣੀ ਲਾਮਿਸਾਲ ਭੂਮਿਕਾ ਨਿਭਾਉਂਦਿਆਂ ਵਰਨ ਵਿਵਸਥਾ ਤਹਿਤ ਸਦੀਆਂ ਤੋਂ ਲਤਾੜੇ ਜਾਂਦੇ ਇਨ੍ਹਾਂ ਵਰਗਾਂ ਦੇ ਲੋਕਾਂ ਲਈ ਰਾਖਵਾਂਕਰਨ ਵਰਗੀਆਂ ਕਈ ਸੰਵਿਧਾਨਕ ਵਿਵਸਥਾਵਾਂ ਕੀਤੀਆਂ ਤਾਂ ਜੋ ਇਹ ਲੋਕ ਸਮਾਜਿਕ, ਆਰਥਿਕ, ਧਾਰਮਿਕ, ਰਾਜਨੀਤਿਕ ਹਰੇਕ ਪੱਧਰ ’ਤੇ ਚੇਤੰਨ ਹੁੰਦਿਆਂ ਪੇ ਬੈਕ ਟੂ ਸੁਸਾਇਟੀ ਦੇ ਸੰਕਲਪ ’ਤੇ ਚੱਲਦਿਆਂ ਸ਼ੋੋਸ਼ਿਤ ਸਮਾਜ ਦੇ ਹਿੱਤਾਂ ਦੀ ਪੈਰਵਾਈ ਕਰਨ ਦੇ ਸਮਰੱਥ ਹੋ ਸਕਣ।
ਮੌਜੂਦਾ ਪ੍ਰਸਥਿਤੀਆਂ ਦੇ ਸੰਦਰਭ ਵਿੱਚ ਭਾਰਤੀ ਲੋਕਤੰਤਰ ਸਥਲ ’ਤੇ ਆਪਣੇ ਅਧਿਕਾਰਾਂ ਪ੍ਰਤੀ ਨਿਮਨ ਵਰਗਾਂ ਵਿੱਚ ਰਾਜਸੀ ਚੇਤਨਾ ਅਤੇ ਮਨੁੱਖੀ ਹੱਕਾਂ ਅਤੇ ਅਧਿਕਾਰਾਂ ਪ੍ਰਤੀ ਸੰਵਿਧਾਨਕ ਵਿਵਸਥਾਵਾਂ ਪ੍ਰਤੀ ਜਾਗਰੂਕਤਾ ਦੀ ਘਾਟ ਸਦਕਾ ਇਨ੍ਹਾਂ ਲੋਕਾਂ ਉੱਪਰ ਹਰੇਕ ਪੱਧਰ ’ਤੇ ਸਰੀਰਕ, ਮਾਨਸਿਕ, ਬੌਧਿਕ ਸਮਾਜਿਕ, ਆਰਥਿਕ, ਧਾਰਮਿਕ ਤੇ ਕਈ ਪ੍ਰਕਾਰ ਦੇ ਅਣਮਨੁੱਖੀ ਸ਼ੋਸ਼ਣ ਬਾਦਸਤੂਰ ਜਾਰੀ ਹਨ ਜਿਸ ਦੇ ਪੁਖਤਾ ਸਬੂਤ ਦੇਸ਼ ਭਰ ਵਿੱਚ ਇਨ੍ਹਾਂ ਲੋਕਾਂ ਨਾਲ ਵਾਪਰਦੀਆਂ ਨਿੱਤ ਪ੍ਰਤੀ ਦੀਆਂ ਅਸੀਮ ਘਟਨਾਵਾਂ ਪ੍ਰੈਸ ਤੇ ਮੀਡੀਏ ਦੀਆਂ ਸੁਰਖੀਆਂ ਬਣ ਕੇ ਸਾਡੇ ਸਾਹਮਣੇ ਆਉਂਦੀਆਂ ਹਨ। (Dr. Bhim rao Ambedkar)
ਸੰਵਿਧਾਨ ਲਾਗੂ ਹੋਣ ਉਪਰੰਤ ਭਾਵੇਂ ਰਾਖਵਾਂਕਰਨ ਸਦਕਾ ਨਿਮਨ ਵਰਗਾਂ ਵਿੱਚ ਆਰਥਿਕ ਪੱਖੋਂ ਖੁਸ਼ਹਾਲੀ ਦੇ ਦੁਆਰ ਖੁੱਲ੍ਹਣ ਲੱਗੇ ਪਰ ਸਾਢੇ ਸੱਤ ਦਹਾਕੇ ਬੀਤ ਜਾਣ ਮਗਰੋਂ ਵੀ ਇੰਨ੍ਹਾਂ ਵਰਗਾਂ ਦੀ ਚੰਦ ਕੁ ਗਿਣਤੀ ਇਨ੍ਹਾਂ ਵਿਵਸਥਾਵਾਂ ਦਾ ਵਾਸਤਵਿਕ ਲਾਹਾ ਲੈ ਸਕੀ। ਜਦਕਿ ਬਹੁ-ਗਿਣਤੀ ਨਿਮਨ ਵਰਗ ਅਜੇ ਵੀ ਅਛੂਤਾਂ ਵਰਗਾ ਜੀਵਨ ਬਸਰ ਕਰਨ ਲਈ ਅਖੌਤੀ ਉੱਚ ਵਰਗਾਂ ਦੇ ਬੇਰੋਕ ਸ਼ੋਸ਼ਣਾਂ ਤੇ ਅੱਤਿਆਚਾਰਾਂ ਦਾ ਸ਼ਿਕਾਰ ਹੋ ਰਹੇ ਹਨ। ਡਾ. ਭੀਮ ਰਾਓ ਅੰਬੇਡਕਰ ਦੇ ਕਲਿਆਣਕਾਰੀ ਸਿਧਾਂਤ ਸਮਾਜ ਵਿੱਚ ਸਾਰੇ ਪੱਖਾਂ ਤੋਂ ਦੱਬੇ-ਕੁਚਲੇ ਸਮੂਹ ਵਰਗਾਂ ਦੇ ਲੋਕਾਂ ਨੂੰ ਬਣਦੇ ਜਾਇਜ ਤੇ ਹੱਕੀ ਅਧਿਕਾਰ ਦਿਵਾਉਣ ਦੀ ਵਕਾਲਤ ਕਰਦੇ ਹਨ ਜਿੰਨ੍ਹਾਂ ਨਾਲ ਇੰਨ੍ਹਾਂ ਵਰਗਾਂ ਦੇ ਜੀਵਨ ਦੇ ਹਰੇਕ ਖੇਤਰ ਵਿੱਚ ਮਨੁੱਖੀ, ਸੱਭਿਅਕ ਤੇ ਹਾਂ-ਪੱਖੀ ਸਵੈਮਾਣ ਭਰਪੂਰ ਪਰਿਵਰਤਨ ਆਉਣ ਅਤੇ ਅਜਿਹੇ ਆਦਰਸ਼ ਸਮਾਜ ਦੀ ਸਿਰਜਣਾ ਹੋਵੇ।
ਇਹ ਵੀ ਪੜ੍ਹੋ : ਸੰਸਦ ’ਤੇ ਹਮਲਾ, ਕਈ ਸਵਾਲ
ਜਿਸ ਵਿੱਚ ਮਨੁੱਖ ਵੱਲੋਂ ਮਨੁੱਖ ਨਾਲ ਕਿਸੇ ਵੀ ਪੱਖ ਤੋਂ ਵਿਤਕਰਾ ਨਾ ਕੀਤਾ ਜਾਵੇ ਤੇ ਹਰੇਕ ਵਿਅਕਤੀ ਆਪਣੀਆਂ ਨਿਪੁੰਨਤਾਵਾਂ, ਬੁੱਧੀ ਅਤੇ ਯੋਗਤਾਵਾਂ ਅਨੁਸਾਰ ਸਵੈ-ਮਾਣ ਭਰਪੂਰ ਜੀਵਨ ਬਸਰ ਕਰਨ ਦੇ ਸਮਰੱਥ ਹੋਵੇ। ਡਾ. ਭੀਮ ਰਾਓ ਅੰਬੇਡਕਰ ਨੇ ਅਜਿਹੇ ਉਦੇਸ਼ਾਂ ਤਹਿਤ ਆਦਰਸ਼ ਸਮਾਜ ਦੀ ਕਲਪਨਾ ਨੂੰ ਵਾਸਵਿਕ ਕਰਨ ਦੇ ਮਨਸੂਬੇ ਨਾਲ ਸਦੀਆਂ ਤੋਂ ਲੁੱਟੇ-ਪੁੱਟੇ ਤੇ ਲਤਾੜੇ ਜਾਂਦੇ ਲੋਕਾਂ ਵਾਸਤੇ ਸੰਵਿਧਾਨਕ ਵਿਵਸਥਾਵਾਂ ਕੀਤੀਆਂ। ਡਾ. ਅੰਬੇਡਕਰ ਦੀ ਵਿਚਾਰਧਾਰਾ ਸੀ ਕਿ ਜੋ ਲੋਕ ਇੰਨ੍ਹਾਂ ਵਰਗਾਂ ਦੀ ਨੁਮਾਇੰਦਗੀ ਸਥਾਨਕ ਜਾਂ ਕੇਂਦਰੀ ਵਿਧਾਨ ਅਤੇ ਸੰਸਦ ਪਾਲਿਕਾਵਾਂ ਵਿੱਚ ਕਰਨਗੇ ਉਹ ਸ਼ੋਸ਼ਿਤ ਵਰਗਾਂ ਦੇ ਮੁੱਦਿਆਂ ਤੇ ਉਨ੍ਹਾਂ ਖਿਲਾਫ ਹੋਣ ਵਾਲੇ ਅੱਤਿਆਚਾਰਾਂ ਖਿਲਾਫ ਜੂਝਣਗੇ।
ਮੌਜੂਦਾ ਤ੍ਰਾਸਦੀ ਇਹੀ ਹੈ ਕਿ ਜੋ ਲੋਕ ਰਾਜਨੀਤਿਕ ਗਲਿਆਰਿਆਂ ਵਿੱਚ ਰਾਖਵਾਂਕਰਨ ਸਦਕਾ ਰਾਜ-ਭਾਗ ਤੱਕ ਪੁੱਜੇ ਉਹ ਅੰਬੇਡਕਰ ਦੇ ਸਿਧਾਂਤਾਂ ਤੋਂ ਦੂਰ ਤੇ ਹੋਰ ਦੂਰ ਹੁੰਦੇ ਗਏ ਨਤੀਜਨ ਨਿਮਨ ਵਰਗਾਂ ਦੇ ਹੱਕਾਂ ਤੇ ਅਖਤਿਆਰਾਂ ਹਿੱਤ ਅਵਾਜ ਬੁਲੰਦ ਕਰਨੀ ਉਨ੍ਹਾਂ ਵਾਸਤੇ ਕੋਈ ਅਹਿਮ ਨਾ ਰਹੀ। ਦੇਸ਼-ਵਿਦੇਸ਼ ਵਿੱਚ ਡਾ. ਭੀਮ ਰਾਓ ਅੰਬੇਡਕਰ ਦੇ ਨਾਂਅ ’ਤੇ ਸਰਕਾਰਾਂ, ਰਾਜਨੀਤਿਕ ਪਾਰਟੀਆਂ, ਵੱਖ-ਵੱਖ ਸੰਸਥਾਵਾਂ ਅਤੇ ਸੰਗਠਨਾਂ ਵੱਲੋਂ ਉਨ੍ਹਾਂ ਦੇ ਜਨਮ ਦਿਵਸ ਮੌਕੇ ਯਾਦ ਤਾਂ ਕੀਤਾ ਜਾਂਦਾ ਹੈ ਪਰ ਵਧੇਰੇ ਕਰਕੇ ਨਿਮਨ, ਸ਼ੋਸ਼ਿਤ ਭਾਰਤੀ ਸਮਾਜ ਵਿੱਚ ਚੌਤਰਫੀ ਜਾਗਿ੍ਰਤੀ, ਡਾ. ਭੀਮ ਰਾਓ ਦੇ ਸੁਫਨਿਆਂ ਦੇ ਆਦਰਸ਼ ਸਮਾਜ ਤੇ ਫਲਸਫੇ ਬਾਰੇ ਸ਼ਾਇਦ ਕੋਈ ਚਰਚਾ ਦਾ ਨਾ ਹੋਣਾ ਮਹਿਜ ਸਿਆਸੀ ਬੁੱਤਪ੍ਰਸਤੀ ਤੱਕ ਸੀਮਤ ਹੋ ਕੇ ਰਹਿ ਜਾਂਦਾ ਹੈ। (Dr. Bhim rao Ambedkar)
ਇਹ ਵੀ ਪੜ੍ਹੋ : ਪ੍ਰਦੂਸ਼ਣ ਕੰਟਰੋਲ ਬੋਰਡ ਦੀ ਕਾਰਵਾਈ, ਗੈਰ-ਕਾਨੂੰਨੀ ਤਰੀਕੇ ਨਾਲ ਕੱਪੜਾ ਰੰਗਣ ਵਾਲੀ ਫੈਕਟਰੀ ਕੀਤੀ ਸੀਲ੍ਹ
ਫਲਸਫੇ, ਵਿਚਾਰਧਾਰਾ ਤੇ ਕਲਿਆਣਕਾਰੀ ਪਹੁੰਚ ਤੋਂ ਦੂਰੀ ਤੇ ਇੰਨ੍ਹਾਂ ਲੋਕਾਂ ਵਿੱਚ ਚੌਤਰਫਾ ਚੇਤਨਾ ਦੀ ਚਿਣਗ ਲਾਉਣ ਦੀ ਅਣਹੋਂਦ ਦਾ ਮੂਲ ਕਾਰਨ ਦਲਿਤ ਸਮਾਜ ਦੇ ਵੋਟ ਬੈਂਕ ਨੂੰ ਆਪਣੇ ਸਿਆਸੀ ਹਿੱਤਾਂ ਤੱਕ ਮਹਿਫੂਜ ਰੱਖਣਾ ਹੀ ਦਲਿਤ ਸਮਾਜ ਦੇ ਹਰ ਪੱਖੋਂ ਸ਼ੋਸ਼ਣ ਦਾ ਮੂਲ ਕਾਰਨ ਹੋ ਨਿੱਬੜਦਾ ਹੈ। ਸਿਆਸੀ ਲੋਕ ਸੋਹਲੇ ਗਾਉਂਦਿਆਂ, ਡਾ. ਭੀਮ ਰਾਓ ਅੰਬੇਡਕਰ ਦੀ ਪ੍ਰਤਿਮਾ ’ਤੇ ਫੁੱਲ ਅਰਪਿਤ ਕਰਕੇ ਘਰਾਂ ਨੂੰ ਪਰਤ ਜਾਂਦੇ ਹਨ ਤੇ ਸਦੀਆਂ ਤੋਂ ਸ਼ੋਸ਼ਣ ਦੇ ਸ਼ਿਕਾਰ, ਚੇਤਨਾ ਵਿਹੂਣੇ ਦਲਿਤ ਲੋਕ ਆਪਣੇ ਲੀਡਰਾਂ ਤੋਂ ਮਿਲੀਆਂ ਚੰਦ ਕੁ ਸੁਗਾਤਾਂ ਦੇ ਚਾਅ ਤੇ ਤਾੜੀਆਂ ਦੀ ਗੂੰਜ ਵਿੱਚ ਗੁਆਚ ਜਾਂਦੇ ਹਨ। (Dr. Bhim rao Ambedkar)