ਜਨਵਰੀ ਮਹੀਨੇ ’ਚ ਖਤਮ ਹੋ ਗਿਆ ਸੀ ਚਾਰ ਨਗਰ ਨਿਗਮਾਂ ਦਾ ਕਾਰਜਕਾਲ | Municipal Corporation elections
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਵਰਕਰਾਂ ਦਾ ਇੰਤਜਾਰ ਲੰਮਾ ਹੋ ਰਿਹਾ ਹੈ, ਕਿਉਂਕਿ ਸਰਕਾਰ ਵੱਲੋਂ ਨਿਗਮ ਚੋਣਾਂ ਸਬੰਧੀ ਅਜੇ ਤੱਕ ਕੋਈ ਐਲਾਨ ਨਹੀਂ ਕੀਤਾ ਜਾ ਰਿਹਾ। ਪੰਜਾਬ ਦੀਆਂ ਚਾਰ ਨਗਰ ਨਿਗਮਾਂ ਦਾ ਸਮਾਂ ਖਤਮ ਹੋਇਆ 11 ਮਹੀਨਿਆਂ ਦਾ ਸਮਾ ਬੀਤ ਚੁੱਕਿਆ ਹੈ। (Municipal Corporation elections)
ਦੱਸਣਯੋਗ ਹੈ ਕਿ ਨਗਰ ਨਿਗਮ ਪਟਿਆਲਾ, ਜਲੰਧਰ, ਲੁਧਿਆਣਾ ਤੇ ਅੰਮਿ੍ਰਤਸਰ ਦੀਆਂ ਨਗਰ ਨਿਗਮਾਂ ਦਾ ਸਮਾਂ ਜਨਵਰੀ ਮਹੀਨੇ ਵਿੱਚ ਖਤਮ ਹੋ ਗਿਆ ਸੀ, ਪਰ ਪੰਜਾਬ ਸਰਕਾਰ ਨਿਗਮ ਚੋਣਾਂ ਸਮੇਂ ਸਿਰ ਕਰਵਾਉਣ ’ਚ ਫੇਲ੍ਹ ਸਾਬਤ ਹੋ ਰਹੀ ਹੈ। ਨਿਗਮ ਚੋਣਾਂ ਸਬੰਧੀ ਭਾਵੇਂ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਸੀ ਤੇ ਨਵੰਬਰ ਮਹੀਨੇ ’ਚ ਨਿਗਮ ਚੋਣਾਂ ਕਰਵਾਉਣ ਦੀ ਚਰਚਾ ਸੀ, ਪਰ ਇਹ ਪੂਰ ਨਹੀਂ ਚੜ੍ਹ ਸਕਿਆ। ਅਜੇ ਵੀ ਨਿਗਮ ਚੋਣਾਂ ਕਰਵਾਉਣ ਸਬੰਧੀ ਸਰਕਾਰ ਦੀ ਕੋਈ ਤਿਆਰੀ ਨਹੀਂ ਲੱਗ ਰਹੀ, ਜਿਸ ਕਾਰਨ ਕੌਂਸਲਰ ਬਣਨ ਦੇ ਚਾਹਵਾਨਾਂ ਲਈ ਇਹ ਇੰਤਜਾਰ ਲੰਮਾ ਹੋ ਰਿਹਾ ਹੈ।
ਸਰਕਾਰ ਨਿਗਮ ਚੋਣਾਂ ਕਰਵਾਉਣ ਦੀ ਥਾਂ ਟਪਾ ਰਹੀ ਐ ਸਮਾਂ
ਚੋਣਾਂ ਸਬੰਧੀ ਸਭ ਤੋਂ ਵੱਧ ਉਤਸ਼ਾਹ ਪਹਿਲੀ ਵਾਰ ਸੱਤਾ ’ਚ ਆਈ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਵਰਕਰਾਂ ’ਚ ਪਾਇਆ ਜਾ ਰਿਹਾ ਹੈ। ਸੱਤਾ ਧਿਰ ਨਾਲ ਸਬੰਧਿਤ ਕਈ ਆਗੂ ਤਾਂ ਮੇਅਰ ਦੇ ਅਹੁਦੇ ’ਤੇ ਅੱਖ ਧਰੀ ਬੈਠੇ ਹਨ, ਪਰ ਸਰਕਾਰ ਵੱਲੋਂ ਨਿਗਮ ਚੋਣਾਂ ਸਬੰਧੀ ਸਮਾਂ ਲੰਘਾਇਆ ਜਾ ਰਿਹਾ ਹੈ। ਪਟਿਆਲਾ ਨਗਰ ਨਿਗਮ ਦੀ ਵਾਰਡਬੰਦੀ ਵੀ ਹੋ ਚੁੱਕੀ ਹੈ ਤੇ ਵਾਰਡਾਂ ’ਚ ਵੱਖ-ਵੱਖ ਪਾਰਟੀਆਂ ਦੇ ਦਾਅਵੇਦਾਰਾਂ ਵੱਲੋਂ ਲੋਕਾਂ ਨਾਲ ਮੇਲ ਜੋਲ ਵੀ ਵਧਾਇਆ ਹੋਇਆ ਹੈ। ਇੱਥੋਂ ਤੱਕ ਕਿ ਚੋਣ ਲੜਨ ਦੇ ਦਾਅਵੇਦਾਰਾਂ ਵੱਲੋਂ ਆਪਣੇ ਪੋਸਟਰ ਵੀ ਲਾ ਦਿੱਤੇ ਗਏ ਹਨ। ਇੱਧਰ ਵਿਰੋਧੀ ਧਿਰਾਂ ਦਾ ਕਹਿਣਾ ਹੈ ਕਿ ਸਰਕਾਰ ਚੋਣਾਂ ਕਰਵਾਉਣ ਤੋਂ ਲਗਾਤਾਰ ਭੱਜ ਰਹੀ ਹੈ ਉਨ੍ਹਾਂ ਕਿਹਾ ਕਿ ਸਰਕਾਰ ਨੂੰ ਆਪਣੀ ਕਾਰਗੁਜਾਰੀ ਦਾ ਡਰ ਹੈ ਕਿਉਂਕਿ ਲੋਕਾਂ ’ਚ ਸਰਕਾਰ ਪ੍ਰਤੀ ਵਿਰੋਧ ਪਾਇਆ ਜਾ ਰਿਹਾ ਹੈ।
ਇਸੇ ਕਰਕੇ ਹੀ ਸਰਕਾਰ ਨਗਰ ਨਿਗਮ ਚੋਣਾਂ ਪਿਛਲੇ ਕਾਫੀ ਸਮੇਂ ਤੋਂ ਲਟਕਾ ਰਹੀ ਹੈ। ਕਾਂਗਰਸ ਪਾਰਟੀ ਦੇ ਜ਼ਿਲ੍ਹਾ ਸਹਿਰੀ ਪ੍ਰਧਾਨ ਨਰੇਸ ਦੁੱਗਲ ਦਾ ਕਹਿਣਾ ਹੈ ਕਿ ਕਾਂਗਰਸ ਵਿੱਚ ਨਿਗਮ ਚੋਣਾਂ ਸਬੰਧੀ ਪੂਰਾ ਉਤਸਾਹ ਹੈ ਅਤੇ ਅਤੇ 100 ਤੋਂ ਵੱਧ ਚੋਣ ਲੜਨ ਵਾਲੇ ਦਾਅਵੇਦਾਰਾਂ ਵੱਲੋਂ ਆਪਣੇ ਕਾਗਜ ਭਰ ਕੇ ਸੌਂਪ ਕੇ ਗਏ ਹਨ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਪੰਚਾਇਤੀ ਚੋਣਾਂ ਸਬੰਧੀ ਹਾਈਕੋਰਟ ਦੇ ਦਖਲ ਤੋਂ ਬਾਅਦ ਪ੍ਰਕਿਰਿਆ ਸ਼ੁਰੂ ਹੋਈ ਹੈ ਇਸੇ ਤਰ੍ਹਾਂ ਹੀ ਨਿਗਮ ਦੀਆਂ ਚੋਣਾਂ ਸਬੰਧੀ ਵੀ ਹਾਈਕੋਰਟ ਹੀ ਆਪਣਾ ਦਖਲ ਦੇਵੇਗੀ।
ਮਾਨ ਸਰਕਾਰ ਦੇ ਕੰਮਾਂ ਤੋਂ ਪੰਜਾਬ ਦੇ ਲੋਕ ਖੁਸ਼: ਤੇਜਿੰਦਰ ਮਹਿਤਾ
ਪੰਜਾਬ ਸਟੇਟ ਇੰਡਸਟਰੀਅਲ ਡਿਵੈਲਪਮੈਂਟ ਕਾਰਪੋਰੇਸ਼ਨ ਦੇ ਡਾਇਰੈਕਟਰ ਤੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਤੇਜਿੰਦਰ ਮਹਿਤਾ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਬਣਾਈਆਂ ਜਾ ਰਹੀਆਂ 21 ਮੈਂਬਰੀਆਂ ਕਮੇਟੀਆਂ ’ਚ ਪਿੰਡਾਂ ਤੇ ਸ਼ਹਿਰਾਂ ’ਚ ਵੱਡੀ ਪੱਧਰ ’ਤੇ ਲੋਕ ਸ਼ਾਮਲ ਹੋ ਰਹੇ ਹਨ ਤੇ ਗਿਣਤੀ ਸੈਂਕੜਿਆਂ ਤੱਕ ਪੁੱਜ ਗਈ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਕਾਸ ਕੰਮਾਂ ਤੇ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਤੋਂ ਪੰਜਾਬ ਦੇ ਲੋਕ ਖੁਸ਼ ਹਨ। ਮਹਿਤਾ ਦਾ ਕਹਿਣਾ ਸੀ ਕਿ ਪੰਜਾਬ ’ਚ ਲੋਕਾਂ ਨੂੰ ਘਰ ਬੈਠੇ ਹੀ ਆਪਣੇ ਕੰਮ ਕਰਵਾਉਣ ਦੀਆਂ ਸਹੂਲਤਾਂ ਮਿਲਣ ਲੱਗੀਆਂ ਹਨ ਤੇ ਲੋਕਾਂ ਦੀ ਸਰਕਾਰੀ ਦਫਤਰਾਂ ’ਚ ਖੱਜਲ ਖੁਆਰੀ ਖਤਮ ਹੋਵੇਗੀ। ਉਨ੍ਹਾਂ ਕਿਹਾ ਕਿ ਦੇਸ਼ ਅੰਦਰ ਦਿੱਲੀ ਤੋਂ ਬਾਅਦ ਪੰਜਾਬ ਸੂਬਾ ਹੀ ਅਜਿਹਾ ਹੈ ਜਿੱਥੇ ਲੋਕਾਂ ਦੇ ਕੰਮ ਘਰ ਬੈਠੇ ਹੀ ਹੋਣਗੇ।