ਪਿੰਜਰੇ ’ਚ ਬੰਦ ਕੁੱਤੇ ਨੂੰ ਸਵੇਰ-ਸ਼ਾਮ ਬਾਹਰ ਲੈ ਕੇ ਜਾਣਾ ਮੇਰੀ ਕਾਫੀ ਪੁਰਾਣੀ ਆਦਤ ਹੈ। ਕੋਰੋਨਾ ਕਾਰਨ ਕਰਫਿਊ ਲੱਗਾ ਹੋਣ ਕਾਰਨ ਮੇਰੇ ਬਾਹਰ ਨਾ ਨਿੱਕਲਣ ਦੀ ਮਜ਼ਬੂਰੀ ਤੋਂ ਅਣਜਾਣ ਕੁੱਤਾ ਉਸੇ ਤਰ੍ਹਾਂ ਪਿੰਜਰੇ ’ਚੋਂ ਬਾਹਰ ਆ ਗਲੀ ’ਚ ਟਹਿਲਣ ਲਈ ਚੂਕਣ ਲੱਗਾ। ਮੈਂ ਮਜ਼ਬੂਰੀ ਵੱਸ ਉਸ ਨੂੰ ਪਿੰਜਰੇ ਵਿੱਚੋਂ ਬਾਹਰ ਕੱਢ ਕੇ ਸੰਗਲੀ ਲਾਹ ਗਲੀ ਵਿੱਚ ਛੱਡ ਦਿੱਤਾ। ਸਭ ਗੁਆਂਢੀਆਂ ਦੇ ਬੂਹੇ ਬੰਦ ਸਨ ਗਲੀ ਵਿੱਚ ਕੋਈ ਜੀਅ ਨਜ਼ਰ ਨਹੀਂ ਸੀ ਆ ਰਿਹਾ। (Justice of nature)
ਖਾਲੀ ਗਲੀ ’ਚ ਕੁੱਤਾ ਇਉਂ ਦੁੜੰਗੇ ਲਾਉਂਦਾ ਫਿਰਦਾ ਸੀ ਜਿਵੇਂ ਚਿਰਾਂ ਦੀ ਗੁਲਾਮੀ ਤੋਂ ਬਾਅਦ ਆਜ਼ਾਦੀ ਦਾ ਨਿੱਘ ਮਾਣ ਰਿਹਾ ਹੋਵੇ। ਘੰਟੇ ਕੁ ਬਾਅਦ ਉਸ ਨੂੰ ਅੰਦਰ ਵਾੜ ਕੇ ਗੇਟ ਬੰਦ ਕਰਦਿਆਂ ਮੈਂ ਉਸ ਨੂੰ ਮੁੜ ਤੋਂ ਪਿੰਜਰੇ ’ਚ ਡੱਕਣ ਦੀ ਬਜਾਏ ਪੋਰਚ ਵਿੱਚ ਹੀ ਖੁੱਲ੍ਹਾ ਛੱਡਦਿਆਂ ਖੁਦ ਲੌਬੀ ਦਾ ਦਰਵਾਜ਼ਾ ਅੰਦਰੋਂ ਬੰਦ ਕਰ ਟੈਲੀਵਿਜ਼ਨ ਵੇਖਣ ਲੱਗ ਪਿਆ।ਟੈਲੀਵਿਜ਼ਨ ਦੀਆਂ ਡਰਾਉਣੀਆਂ ਖਬਰਾਂ ਤੋਂ ਅੱਕ ਮੈਂ ਘਰ ਦੀ ਛੱਤ ’ਤੇ ਚਲਾ ਗਿਆ। ਚਾਰੇ ਪਾਸੇ ਨਿਗ੍ਹਾ ਘੁਮਾਈ ਤਾਂ ਨਜ਼ਾਰਾ ਬਦਲਿਆ ਹੋਇਆ ਸੀ। ਬੇਹੱਦ ਸਾਫ ਅਤੇ ਸ਼ੁੱਧ ਵਾਤਾਵਰਨ ’ਚ ਰੁੱਖ ਲਹਿਰਾ ਰਹੇ ਸਨ। ਜਹਾਜ਼ਾਂ, ਵਾਹਨਾਂ ਦੇ ਧੂੰਏਂ ਤੇ ਫੈਕਟਰੀਆਂ ਦੀਆਂ ਜ਼ਹਿਰੀਲੀਆਂ ਗੈਸਾਂ ਤੋਂ ਮੁਕਤ ਨੀਲਾ ਅੰਬਰ ਪੰਛੀਆਂ ਦੀਆਂ ਉਡਾਰੀਆਂ ਨਾਲ ਬਹੁਤ ਸੁਹਾਵਣਾ ਲੱਗ ਰਿਹਾ ਸੀ।
IND Vs SA : ਪਹਿਲਾ T20 ਮੈਚ ਅੱਜ, ਭਾਰਤੀ ਨੌਜਵਾਨ ਖਿਡਾਰੀਆਂ ਦੀ ਹੋਵੇਗੀ ਪ੍ਰੀਖਿਆ
ਦੂਰ-ਦੂਰ ਤੱਕ ਗਲੀਆਂ ਤੇ ਸੜਕਾਂ ’ਤੇ ਇਨਸਾਨ ਨਜ਼ਰ ਨਹੀਂ ਸੀ ਆ ਰਿਹਾ। ਇਨਸਾਨ ਵੱਲੋਂ ਅਵਾਰਾ ਕਹੇ ਜਾਣ ਵਾਲੇ ਪਸ਼ੂ ਅਤੇ ਕੁੱਤੇ ਬੜੀ ਆਜ਼ਾਦੀ ਨਾਲ ਘੰੁਮ ਰਹੇ ਸਨ। ਇਨਸਾਨਾਂ ਨੂੰ ਪਿੰਜਰੇ ਪਾ ਕੇ ਬਨਸਪਤੀ ਤੇ ਜੀਵ-ਜੰਤੂਆਂ ਨੂੰ ਸ਼ੁੱਧ ਵਾਤਾਵਰਨ ’ਚ ਅਠਖੇਲੀਆਂ ਕਰਦਿਆਂ ਦੇਖ ਮੇਰਾ ਧਿਆਨ ਕੁਦਰਤ ਦੇ ਅਨੋਖੇ ਇਨਸਾਫ ਬਾਰੇ ਸੋਚਣ ਲੱਗਦਾ ਹੈ, ‘‘ਇਹ ਇਨਸਾਫ ਕੁਦਰਤ ਦਾ ਹੈ ਇਨਸਾਨ ਦਾ ਨਹੀਂ ਕਿ ਹੇਰਾਫੇਰੀ ਹੋ ਜਾਵੇਗੀ। ਕੁਦਰਤ ਨੇ ਉਸ ਨਾਲ ਛੇੜਛਾੜ ਕਰਨ ਵਾਲੇ ਆਪਣੇ ਮੁਜ਼ਰਮ ਨੂੰ ਚੁਣ ਕੇ ਪਿੰਜਰੇ ’ਚ ਪਾ ਦਿੱਤਾ ਹੈ। ਜਿਨ੍ਹਾਂ ਦਾ ਕੋਈ ਕਸੂਰ ਨਹੀਂ ਉਹ ਤਾਂ ਇੰਨੀ ਕਹਿਰ ਦੀ ਬਿਮਾਰੀ ਦੌਰਾਨ ਵੀ ਆਜ਼ਾਦ ਅਤੇ ਮਸਤ ਘੁੰਮ ਰਹੇ ਹਨ।’’ ਕੁਦਰਤ ਨਾਲ ਕੀਤੀਆਂ ਛੇੜਖਾਨੀਆਂ ਦੇ ਪਛਤਾਵੇ ’ਚ ਡੁੱਬਿਆ ਮੈਂ ਪਤਾ ਨਹੀਂ ਕਦੋਂ ਦੁਬਾਰਾ ਆ ਕੇ ਟੈਲੀਜ਼ਿਨ ਦਾ ਸਵਿੱਚ ਦੱੱਬ ਲੈਂਦਾ ਹਾਂ।
ਬਿੰਦਰ ਸਿੰਘ ਖੁੱਡੀ ਕਲਾਂ, ਸ਼ਕਤੀ ਨਗਰ, ਬਰਨਾਲਾ।
ਮੋ. 98786-05965