ਕੈਬਨਿਟ ਮੰਤਰੀ Aman Arora ਨੇ 3.76 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਦੋ ਪੁਲਾਂ ਦਾ ਨੀਂਹ ਪੱਥਰ ਰੱਖਿਆ
- ਤਿੰਨ ਮਹੀਨਿਆਂ ਅੰਦਰ ਹੋਣਗੇ ਮੁਕੰਮਲ, ਲੌਂਗੋਵਾਲ ਵਾਸੀਆਂ ਦੀ ਕਈ ਦਹਾਕਿਆਂ ਤੋਂ ਲਟਕ ਰਹੀ ਮੰਗ ਹੋਈ ਪੂਰੀ
ਲੌਂਗੋਵਾਲ (ਕ੍ਰਿਸ਼ਨ ਲੌਂਗੋਵਾਲ)। ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਵਿਧਾਨ ਸਭਾ ਹਲਕਾ ਸੁਨਾਮ ਦੀ ਨੁਹਾਰ ਬਦਲਣ ਦਾ ਟੀਚਾ ਸਾਕਾਰ ਕਰਨ ਲਈ ਸਰਗਰਮ ਕੈਬਨਿਟ ਮੰਤਰੀ ਅਮਨ ਅਰੋੜਾ (Aman Arora) ਵੱਲੋਂ ਅੱਜ ਇਥੇ ਦੋ ਹੋਰ ਪੁਲਾਂ ਦੇ ਨਿਰਮਾਣ ਲਈ ਨੀਂਹ ਪੱਥਰ ਰੱਖਦਿਆਂ ਲੋਕਾਂ ਨੂੰ ਸਰਵੋਤਮ ਸੁਵਿਧਾਵਾਂ ਮੁਹੱਈਆ ਕਰਵਾਉਣ ਪੱਖੋਂ ਕੋਈ ਕਸਰ ਬਾਕੀ ਨਾ ਛੱਡਣ ਦਾ ਵਿਸ਼ਵਾਸ ਦਿਵਾਇਆ।
ਕੈਬਨਿਟ ਮੰਤਰੀ ਅਮਨ ਅਰੋੜਾ ਅੱਜ ਲੌਂਗੋਵਾਲ ਅਤੇ ਨੇੜਲੇ ਕਈ ਪਿੰਡਾਂ ਦੇ ਲੋਕਾਂ ਦੀ ਪਿਛਲੇ ਕਈ ਦਹਾਕਿਆਂ ਤੋਂ ਲਟਕ ਰਹੀ ਮੰਗ ਨੂੰ ਪੂਰਾ ਕਰਨ ਦਾ ਆਗਾਜ਼ ਕਰਨ ਲਈ ਪੁੱਜੇ ਸਨ। ਉਨ੍ਹਾਂ ਨੇ ਲੌਂਗੋਵਾਲ-ਸ਼ੇਰੋਂ ਸੜਕ ਤੋਂ ਸ੍ਰੀ ਗੁਰਦੁਆਰਾ ਸਾਹਿਬ ਅਲੀਕੇ ਸੜਕ ‘ਤੇ ਬਹਾਦੁਰ ਸਿੰਘ ਵਾਲਾ ਡਰੇਨ ਉੱਪਰ ਹਾਈ ਲੈਵਲ ਬ੍ਰਿਜ ਦੀ ਉਸਾਰੀ ਅਤੇ ਲੌਂਗੋਵਾਲ ਤੋਂ ਸ਼ਾਹਪੁਰ ਸੜਕ ‘ਤੇ ਬਹਾਦੁਰ ਸਿੰਘ ਵਾਲਾ ਡਰੇਨ ਉੱਪਰ ਹਾਈ ਲੈਵਲ ਬ੍ਰਿਜ ਦੀ ਉਸਾਰੀ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਕੈਬਨਿਟ ਮੰਤਰੀ ਨੇ ਦੱਸਿਆ ਕਿ ਇਨ੍ਹਾਂ ਦੋਵੇਂ ਪੁਲਾਂ ਦੀ ਉਸਾਰੀ ਉਤੇ 3.76 ਕਰੋੜ ਦੀ ਲਾਗਤ ਆਵੇਗੀ ਅਤੇ ਬਰਸਾਤ ਦੇ ਦਿਨਾਂ ਦੌਰਾਨ ਇਨ੍ਹਾਂ ਪੁਲਾਂ ਦੀ ਘਾਟ ਕਾਰਨ ਵੱਡੇ ਪੱਧਰ ਉਤੇ ਨੁਕਸਾਨ ਦਾ ਸਾਹਮਣਾ ਕਰਨ ਵਾਲੇ ਪਿੰਡਾਂ ਦੇ ਲੋਕਾਂ ਨੂੰ ਅਗਲੇ ਤਿੰਨ ਮਹੀਨਿਆਂ ਅੰਦਰ ਇਹ ਪੁਲ ਮੁਕੰਮਲ ਕਰਵਾ ਕੇ ਸਮਰਪਿਤ ਕੀਤੇ ਜਾਣਗੇ।
ਇਹ ਵੀ ਪੜ੍ਹੋ : ਸੰਸਦ ਮੈਂਬਰ ਪਰਨੀਤ ਕੌਰ ਸਿੱਧੇ ਤੌਰ ’ਤੇ ਭਾਜਪਾ ਦੇ ਪ੍ਰੋਗਰਾਮ ’ਚ ਹੋਏ ਸ਼ਾਮਲ, ਪ੍ਰਧਾਨ ਮੰਤਰੀ ਦੇ ਗੁਣ ਗਾਏ
ਕੈਬਨਿਟ ਮੰਤਰੀ (Aman Arora) ਨੇ ਦੱਸਿਆ ਕਿ ਪਿਛਲੀਆਂ ਸਰਕਾਰਾਂ ਦੀ ਅਣਦੇਖੀ ਕਾਰਨ ਲੋਕਾਂ ਨੇ ਵਿਕਾਸ ਪੱਖੋਂ ਵੱਡਾ ਖਮਿਆਜ਼ਾ ਭੁਗਤਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਇਨ੍ਹਾਂ ਪੰਜ ਸਾਲਾਂ ਦੌਰਾਨ ਲਗਾਤਾਰ ਵਿਕਾਸ ਕਾਰਜਾਂ ਦੀ ਹਨੇਰੀ ਲਿਆਂਦੀ ਜਾਵੇਗੀ ਤਾਂ ਜੋ ਹਲਕੇ ਵਿੱਚ ਕਿਸੇ ਤਰ੍ਹਾਂ ਦੀ ਕਮੀ ਨਾ ਰਹੇ। ਅਮਨ ਅਰੋੜਾ ਨੇ ਦੱਸਿਆ ਕਿ ਇਨ੍ਹਾਂ ਪੁਲਾਂ ਦੀ ਲੰਬਾਈ ਕ੍ਰਮਵਾਰ 80 ਫੁੱਟ ਅਤੇ 90 ਫੁੱਟ ਹੋਵੇਗੀ ਜਦਕਿ ਚੌੜਾਈ 25-25 ਫੁੱਟ ਹੋਵੇਗੀ।
ਉਨ੍ਹਾਂ ਦੱਸਿਆ ਕਿ ਪਿਛਲੇ ਸਮਿਆਂ ਦੌਰਾਨ ਆਏ ਹੜ੍ਹਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਲੌਂਗੋਵਾਲ-ਸ਼ੇਰੋਂ ਸੜਕ ਤੋਂ ਸ੍ਰੀ ਗੁਰਦੁਆਰਾ ਸਾਹਿਬ ਅਲੀਕੇ ਸੜਕ ‘ਤੇ ਬਹਾਦੁਰ ਸਿੰਘ ਵਾਲਾ ਡਰੇਨ ਉੱਪਰ ਬਣਨ ਵਾਲੇ ਹਾਈ ਲੈਵਲ ਬ੍ਰਿਜ ਦੀ ਉਚਾਈ ਨਿਰਧਾਰਿਤ ਉਚਾਈ ਨਾਲੋਂ ਚਾਰ ਫੁੱਟ ਵੱਧ ਰੱਖੀ ਜਾ ਰਹੀ ਹੈ ਤਾਂ ਜੋ ਭਵਿੱਖ ਵਿੱਚ ਕੋਈ ਮੁਸ਼ਕਲ ਨਾ ਆਵੇ। ਇਸ ਮੌਕੇ ਉਨ੍ਹਾਂ ਨਾਲ ਚੇਅਰਮੈਨ ਮਾਰਕੀਟ ਕਮੇਟੀ ਮੁਕੇਸ਼ ਜੁਨੇਜਾ,ਬਲਵਿੰਦਰ ਸਿੰਘ ਢਿੱਲੋਂ. ਰਾਜ ਸਿੰਘ ਰਾਜੂ, ਪ੍ਰੀਤਮ ਸਿੰਘ, ਹੌਲਦਾਰ ਦਰਸ਼ਨ ਸਿੰਘ, ਜੱਸੇ ਕਾ ਦਾਰਾ ਸਿੰਘ, ਸੁਖਪਾਲ ਸਿੰਘ ਬਾਜਵਾ, ਨਿਹਾਲ ਸਿੰਘ, ਜੱਗਾ ਸਿੰਘ ਭੁੱਲਰ, ਜਗਰਾਜ ਸਿੰਘ ਬਟੂਹਾ, ਗੁਰਮੀਤ ਸਿੰਘ ਫੌਜੀ, ਰੋਹੀ ਸਿੰਘ ਪ੍ਰਧਾਨ ਜਗਦੇਵ ਸਿੰਘ ਸਾਬਕਾ ਪ੍ਰਧਾਨ ਮੇਲਾ ਸਿੰਘ, ਪਰਮਿੰਦਰ ਕੌਰ ਪ੍ਰਧਾਨ ਬਲਕਾਰ ਸਿੰਘ ਸਿੱਧੂ, ਲਾਭ ਸਿੰਘ, ਅਮਰ ਸਿੰਘ, ਜਗਪਾਲ ਸਿੰਘ, ਸਿਸ਼ਨ ਪਾਲ ਐਮ ਸੀ ਵੀ ਹਾਜ਼ਰ ਸਨ।