(ਸੁਖਜੀਤ ਮਾਨ) ਬਠਿੰਡਾ। ਇੱਥੋਂ ਨੇੜਲੇ ਪਿੰਡ ਤੁੰਗਵਾਲੀ ਵਿਖੇ ਬੀਤੀ ਦੇਰ ਰਾਤ ਅਖੌਤੀ ਅਣਖ ਦੀ ਖਾਤਰ ਕੀਤੇ ਗਏ ਦੂਹਰੇ ਕਤਲ ਦੇ ਮਾਮਲੇ ’ਚ ਪੁਲਿਸ ਨੇ ਥਾਣਾ ਨਥਾਣਾ ਵਿਖੇ ਮੁਕੱਦਮਾ ਦਰਜ਼ ਕਰਕੇ ਪਿਉ-ਪੁੱਤ ਸਮੇਤ ਤਿੰਨ ਜਣਿਆਂ ਨੂੰ ਗਿ੍ਰਫ਼ਤਾਰ ਕੀਤਾ ਹੈ। ਗਿ੍ਰਫ਼ਤਾਰੀ ਸਬੰਧੀ ਇਹ ਜਾਣਕਾਰੀ ਅੱਜ ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਐਸਐਸਪੀ ਬਠਿੰਡਾ ਹਰਮਨਬੀਰ ਸਿੰਘ ਗਿੱਲ ਨੇ ਦਿੱਤੀ। (Double-Murder)
ਉਨ੍ਹਾਂ ਦੱਸਿਆ ਕਿ ਸੰਦੀਪ ਸਿੰਘ ਪੁੱਤਰ ਕੇਵਲ ਸਿੰਘ ਵਾਸੀ ਨੰਦ ਵੈਰ ਕੇ ਟਿੱਬੇ ਪਿੰਡ ਤੁੰਗਵਾਲੀ ਨੇ ਥਾਣਾ ਨਥਾਣਾ ਵਿਖੇ ਬਿਆਨ ਦਰਜ਼ ਕਰਵਾਏ ਸੀ ਕਿ ਉਸਦਾ ਵੱਡਾ ਭਰਾ ਜਗਮੀਤ ਸਿੰਘ ਜੋ ਕਿ ਪੁਲਿਸ ਵਿਭਾਗ ਜਿਲ੍ਹਾ ਬਠਿੰਡਾ ਐੱਮ.ਟੀ ਸ਼ੈਕਸ਼ਨ ਬਠਿੰਡਾ ਵਿਖੇ ਡਿਊਟੀ ਕਰਦਾ ਸੀ, ਨੇ ਕਰੀਬ 4 ਸਾਲ ਪਹਿਲਾਂ ਬੇਅੰਤ ਕੌਰ ਉਰਫ ਮੰਨੀ ਪੁੱਤਰੀ ਗੁਰਜੰਟ ਸਿੰਘ ਵਾਸੀ ਦਸ਼ਮੇਸ਼ ਨਗਰ ਤੁੰਗਵਾਲੀ ਨਾਲ ਕੋਰਟ ਮੈਰਿਜ ਕਰਵਾਈ ਸੀ।
ਇਹ ਵੀ ਪੜ੍ਹੋ : ਜੇਲ ਨਿਯਮਾਂ ਦੀ ਉਲੰਘਣਾ ਦੇ ਦੋਸ਼ ’ਚ 5 ਹਵਾਲਾਤੀਆਂ ਵਿਰੁੱਧ ਮਾਮਲੇ ਦਰਜ਼
ਇਸ ਕਰਕੇ ਬੇਅੰਤ ਕੌਰ ਦੇ ਪਰਿਵਾਰਕ ਮੈਂਬਰ ਉਸ ਨਾਲ ਰੰਜਿਸ਼ ਰੱਖਦੇ ਸੀ। 3 ਦਸੰਬਰ ਦੀ ਸ਼ਾਮ ਨੂੰ ਬਲਕਰਨ ਸਿੰਘ ਉਰਫ ਕਾਲਾ ਪੁੱਤਰ ਗੁਰਜੰਟ ਸਿੰਘ, ਕਿਰਪਾਲ ਸਿੰਘ ਉਰਫ ਕਾਕਾ ਪੁੱਤਰ ਹੰਸਾ ਸਿੰਘ, ਹੰਸਾ ਸਿੰਘ ਪੁੱਤਰ ਹਰੀ ਸਿੰਘ ਵਾਸੀਆਨ ਦਸ਼ਮੇਸ਼ ਨਗਰ ਪਿੰਡ ਤੁੰਗਵਾਲੀ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਜਗਮੀਤ ਸਿੰਘ ਅਤੇ ਬੇਅੰਤ ਕੌਰ ਦੇ ਸਿਰ ’ਤੇ ਵਾਰ ਕੀਤੇ ਜਿੰਨ੍ਹਾਂ ਦੀ ਤਾਬ ਨਾ ਝੱਲਦੇ ਹੋਏ ਦੋਵਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਐਸਐਸਪੀ ਨੇ ਦੱਸਿਆ ਕਿ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਫਰਾਰ ਹੋ ਗਏ ਸੀ। ਪੁਲਿਸ ਵੱਲੋਂ ਸੰਦੀਪ ਸਿੰਘ ਦੇ ਬਿਆਨਾਂ ’ਤੇ ਉਪਰੋਕਤ ਮੁਲਜ਼ਮਾਂ ਬਲਕਰਨ ਸਿੰਘ, ਕਿਰਪਾਲ ਸਿੰਘ, ਹੰਸਾ ਸਿੰਘ ਵਾਸੀਆਨ ਦਸ਼ਮੇਸ਼ ਨਗਰ ਪਿੰਡ ਤੁੰਗਵਾਲੀ ਖਿਲਾਫ਼ ਮੁੱਕਦਮਾ ਨੰਬਰ 217, ਧਾਰਾ 302,34 ਤਹਿਤ ਪਰਚਾ ਦਰਜ ਕੀਤਾ ਗਿਆ ਸੀ। ਪੁਲਿਸ ਵੱਲੋਂ ਕੀਤੀ ਗਈ ਤਫ਼ਤੀਸ਼ ਦੌਰਾਨ ਉਕਤ ਤਿੰਨੋਂ ਮੁਲਜ਼ਮਾਂ ਦੀ ਭਾਲ ਕਰਕੇ ਉਨ੍ਹਾਂ ਨੂੰ ਗਿ੍ਰਫ਼ਤਾਰ ਕਰ ਲਿਆ। (Double-Murder)