ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਅਤੇ ਮਨੁੱਖਤਾ ਲਈ ਸੰਦੇਸ਼

ਗੁਰਪੁਰਬ ’ਤੇ ਵਿਸ਼ੇਸ਼ | Guru Nanak Jayanti

ਗੁਰੂ ਨਾਨਕ ਦੇਵ ਜੀ ਬਾਰੇ ਲਿਖਣਾ ਤੇ ਗੁਣਗਾਨ ਕਰਨਾ ਸਾਡੇ ਮਨੁੱਖੀ ਸਰੀਰ ਲਈ ਅਸੰਭਵ ਹੈ। ਲੇਕਿਨ ਉਨ੍ਹਾਂ ਬਾਰੇ ਸਾਮਾਜ ’ਚ ਜੋ ਵੀ ਪੜ੍ਹਨ, ਸੁਣਨ ਨੂੰ ਮਿਲਦਾ ਹੈ ਉਸ ਦੇ ਅਧਾਰ ’ਤੇ ਹੀ ਗੁਰੂ ਜੀ ਦੇ ਗੁਰਪੁਰਬ ’ਤੇ ਉਨਾਂ ਦੀ ਰਚਿਤ ਬਾਣੀ ਵਿਚਲੀਵਿਚਾਰਧਾਰਾ ਰਾਹੀਂ ਅੱਜ ਅਸੀਂ ਫਿਰ ਤੋਂ ਮਨੁੱਖਤਾ ਲਈ ਦਿੱਤੇ ਸੰਦੇਸ਼ਾਂ ਵੱਲ ਧਿਆਨ ਕੇਂਦਰਤ ਕਰਾਂਗੇ ਕਿਉਂਕਿ ਅੱਜ ਵੀ ਸਮਾਜਿਕ,ਆਰਥਿਕ, ਧਾਰਮਿਕ ਅਤੇ ਰਾਜ਼ਨੀਤਿਕ ਸਥਿਤੀ ਵਿਗੜ ਰਹੀ ਹੈ। ਅਜੋਕਾ ਸਾਮਾਜ ਅਤੇ ਮਨੁੱਖ ਵੀ ਬੇਰੁਜ਼ਗਾਰੀ, ਮਹਿੰਗਾਈ ਅਤੇ ਭ੍ਰਿਸ਼ਟਾਚਾਰ ਕਰਕੇ ਆਤਮਦਾਹ ਅਤੇ ਕਤਲਾਂ ਵੱਲ ਵਧ ਰਿਹਾ ਹੈ। ਇੰਜ ਲੱਗ ਰਿਹਾ ਹੈ ਕਿ ਸਾਮਾਜ ਮੁੜ ਕੇ ਫਿਰ ਗਿਰਾਵਟ ਵੱਲ ਨੂੰ ਜਾ ਰਿਹਾ ਹੈ।

ਇਹ ਵੀ ਪੜ੍ਹੋ : ਭਾਰਤ ਨੇ ਅਸਟਰੇਲੀਆ ਨੂੰ ਦਿੱਤਾ ਚੁਣੌਤੀਪੂਰਨ ਟੀਚਾ

ਗੁਰੂ ਨਾਨਕ ਦੇਵ ਜੀ ਦਾ ਆਗਮਨ ਵੀ ਅਜਿਹੇ ਸਮਿਆਂ ’ਚ ਹੀ ਹੋਇਆ ਸੀ ਜਦੋਂ ਸਮਾਜ ’ਚ ਭਾਰੀ ਗਿਰਾਵਟ ਆ ਚੁੱਕੀ ਸੀ। ਧਰਮ ਕੇਵਲ ਦਿਖਾਵਾ ਮਾਤਰ ਹੀ ਬਣ ਕੇ ਰਹਿ ਗਏ ਸਨ। ਸਵੈ-ਮਾਣ ਅਤੇ ਆਤਮ ਵਿਸ਼ਵਾਸ ਦੀ ਭਾਵਨਾ ਖ਼ਤਮ ਹੋ ਰਹੀ ਸੀ। ਧਾਰਮਿਕ ਆਗੂ ਆਪਣੇ ਸੁਆਰਥ ਲਈ ਲੋਕਾਂ ਨੂੰ ਠੱਗ ਰਹੇ ਸਨ। ਧਾਰਮਿਕ ਪਰੰਪਰਾ ਅਤੇ ਝੂਠੇ ਰੀਤੀ-ਰਿਵਾਜਾਂ ਨੇ ਲੋਕਾਂ ਨੂੰ ਇਕ ਤਰ੍ਹਾਂ ਜਕੜ ਰੱਖਿਆ ਸੀ। ਇਸ ਮਾਹੌਲ ’ਚ ਬ੍ਰਾਹਮਣ, ਮੁਸਲਮਾਨ ਅੱਗੇ ਤਾਂ ਝੁਕ ਜਾਂਦਾ ਸੀ ਪਰ ਸੂਦਰਾਂ ’ਤੇ ਅੱਤਿਆਚਾਰ ਕਰਦਾ ਸੀ। ਭਾਰਤੀ ਸਮਾਜ ’ਚ ਪਸਰੀ ਅਜਿਹੀ ਧਾਰਮਿਕ ਖਿੱਚੋਤਾਣ ਬਾਰੇ ਭਾਈ ਗੁਰਦਾਸ ਜੀ ਨੇ ਲਿਖਿਆ ਹੈ

ਚਾਰਿ ਵਰਨ ਚਾਰਿ ਮਜਹਬਾਂ ਜਗ ਵਿਚਿ ਹਿੰਦੂ ਮੁਸਲਮਾਣੇ।
ਖੁਦੀ ਬਖੀਲਿ ਤਕਬਰੀ ਖਿੱਚੋਤਾਣ ਕਰੇਨਿ ਧਿੰਙਾਣੇ।
ਗੰਗ ਬਨਾਰਸਿ ਹਿੰਦੂਆਂ ਮਕਾ ਕਾਬਾ ਮੁਸਲਮਾਣੇ ।
ਸੁੰਨਤਿ ਮੁਸਲਮਾਨ ਦੀ ਤਿਲਕ ਜੰਞੂ ਹਿੰਦੂ ਲੋਭਾਣੇ।

ਕਲਯੁੱਗ ਦੇ ਕਾਲ ਚੱਕਰ ’ਚ ਜਦੋਂ ਹਰ ਪਾਸੇ ਝੂਠ ਦਾ ਪਾਸਾਰ ਹੋਇਆ ਤਾਂ ਉਸ ਸਮੇਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਰਾਇ ਭੋਇ ਦੀ ਤਲਵੰਡੀ (ਅੱਜ ਕੱਲ੍ਹ ਪਾਕਿਸਤਾਨ) ਵਿਖੇ ਹੋਇਆ। ਭਾਈ ਗੁਰਦਾਸ ਜੀ ਨੇ ਸੰਸਾਰ ’ਚ ਪ੍ਰਕਾਸ਼ ਹੋਣ ’ਤੇ ਬੜੇ ਹੀ ਖ਼ੂਬਸੂਰਤ ਢੰਗ ਨਾਲ ਗੁਰੂ ਜੀ ਦੇ ਆਗਮਨ ਬਾਰੇ ਲਿਖਿਆ ਹੈ-

ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ।
ਜਿਉ ਕਰਿ ਸੂਰਜੁ ਨਿਕਲਿਆ ਤਾਰੇ ਛਪੇ ਅੰਧੇਰੁ ਪਲੋਆ।

ਗੁਰੂ ਜੀ ਦੇ ਪ੍ਰਕਾਸ਼ ਸਮੇਂ ਧਰਮ ਨਾ ਦੀ ਕੋਈ ਚੀਜ਼ ਨਹੀਂ ਸੀ। ਲੋਕਾਂ ਦੀ ਆਤਮਾ ਕਰਮ-ਕਾਂਡਾ ਅਤੇ ਆਪੋ ਆਪਣੀਆਂ ਰਸਮਾਂ-ਰੀਤਾਂ ਹੇਠ ਦਬੀ ਹੋਈ ਸੀ। ਹਰ ਪਾਸੇ ਜ਼ੁਲਮ ਦਾ ਹੀ ਬੋਲ-ਬਾਲ਼ਾ ਸੀ। ਜਦੋਂ ਆਕਾਲ ਪੁਰਖ ਨੇ ਧਰਤੀ ਉੱਤੇ ਵਧ ਰਹੇ ਜ਼ੁਲਮਾਂ ਦੀ ਹਾਲਤ ਵੇਖੀ ਤਾਂ ਉਸ ਨੇ ਲੋਕਾਂ ਦੇ ਸੁਧਾਰ ਲਈ ਗੁਰੂ ਨਾਨਕ ਦੇਵ ਜੀ ਨੂੰ ਕਾਰਜ ਸੰਪੂਰਨ ਕਰਨ ਲਈ ਭੇਜਿਆ। ਉਸ ਵਕਤ ਗੁਰੂ ਜੀ ਨੇ ਆਪਣਾ ਇਹ ਪਹਿਲਾ ਸੰਦੇਸ਼ ਦਿੱਤਾ-

ਨਾ ਕੋ ਹਿੰਦੂ ਨਾ ਕੋ ਮੁਸਲਮਾਨ।

ਕਿਉਂਕਿ ਧਰਮ ਦੇ ਆਗੂ ਧੀਰਜ ਖੋ ਚੁੱਕੇ ਸਨ। ਕਾਜ਼ੀ, ਬ੍ਰਾਹਮਣ ਅਤੇ ਯੋਗੀ ਤਿੰਨੇ ਹੀ ਲੋਕਾਂ ਨੂੰ ਕੁਰਾਹੇ ਪਾ ਰਹੇ ਸਨ। ਇਨ੍ਹਾਂ ਤਿੰਨਾਂ ਨੂੰ ਗੁਰੂ ਜੀ ਨੇ ਸਖ਼ਤ ਅਲਫ਼ਾਜ਼ਾਂ ਰਾਹੀਂ ਨਿੰਦਿਆ ਹੈ-

ਕਾਜ਼ੀ ਕੂੜੁ ਬੋਲਿ ਮਲੁ ਖਾਇ ।। ਬ੍ਰਾਹਮਣੁ ਨਾਵੈ ਜੀਆ ਘਾਇ।।
ਜੋਗੀ ਜੁਗਤਿ ਨ ਜਾਣੈ ਅੰਧੁ ।। ਤੀਨੇ ਓਜਾੜੇ ਕਾ ਬੰਧੁ।।

ਗੁਰੂ ਜੀ ਨੇ ਜਾਤ-ਪਾਤ ਅਤੇ ਊਚ-ਨੀਚ ਦੇ ਵਿਤਕਰੇ ਮਿਟਾਕੇ ਲੋਕਾਂ ਨੂੰ ਭਰਾਤਰੀ ਭਾਵ ਵਾਲਾ ਸਮਾਨ ਜੀਵਨ ਬਤੀਤ ਕਰਨ ਦਾ ਸੰਦੇਸ਼ ਦਿੱਤਾ ਸਭ ਕਰਮ ਕਾਂਡ, ਪੂਜਾ, ਵਹਿਮਾਂ -ਭਰਮਾਂ, ਸੰਕਿਆਂ, ਅੰਧ-ਵਿਸ਼ਵਾਸਾਂ, ਯੱਗਾਂ ਅਤੇ ਬਾਹਰੀ ਆਚਾਰ-ਵਿਹਾਰ ’ਚ ਗ਼ਲਤਾਨ ਹੋ ਚੁੱਕੇ ਸਨ। ਗੁਰੂ ਜੀ ਨੇ ਪਖੰਡਾਂ ਨੂੰ ਨਕਾਰ ਕੇ ਨੀਚ ਕਹੇ ਜਾਂਦੇ ਲੋਕਾਂ ਦੀ ਬਾਂਹ ਫੜੀ ਅਤੇ ਆਪਣੀ ਬਾਣੀ ’ਚ ਲਿਖਿਆ-

ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ।।
ਨਾਨਕ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ।।

ਗੁਰੂ ਜੀ ਨੇ ਵੱਖਰੇ-ਵੱਖਰੇ ਸੰਕਲਪਾਂ ਤੇ ਸਰੂਪਾਂ ਦਾ ਵਿਰੋਧ ਅਤੇ ਇੱਕੋ ਅਕਾਲ ਪੁਰਖ ਦੀ ਗੱਲ ਆਖੀ। ਗੁਰੂ ਜੀ ਨੇ ਜੂਨੀ ਰਹਿਤ ਨਿਰ ਆਕਾਰ ਪਰਮਾਤਮਾ ਦੀ ਹੋਂਦ ਦਾ ਗਿਆਨ ਵੰਡਿਆ। ਸਾਰੇ ਸੰਸਾਰ ਨੂੰ ਹੀ ਪ੍ਰਭੂ ਦਾ ਘਰ ਦੱਸਿਆ। ਗੁਰੂ ਜੀ ਨੇ ਮਨੁੱਖਤਾ ਨੂੰ ਉਸ ਜੋਤ ਬਾਰੇ ਜਾਗਰੂਕ ਕੀਤਾ। ਜਿਹੜੀ ਹਰ ਇਨਸਾਨ ਅੰਦਰ ਹਰ ਵੇਲੇ ਮੌਜੂਦ ਰਹਿੰਦੀ ਹੈ। ਇਸ ਬਾਰੇ ਗੁਰੂ ਜੀ ਨੇ ਲਿਖਿਆ ਹੈ

ਸਭਿ ਮਹਿ ਜੋਤਿ ਜੋਤਿ ਹੈ ਸੋਇ।।
ਤਿਸ ਕੈ ਚਾਨਣਿ ਸਭ ਮਹਿ ਚਾਨਣੁ ਹੋਇ।।

ਉਸ ਸਮੇਂ ਦੇ ਸ਼ਾਸਕਾਂ ਨੇ ਗੁਰੂ ਜੀ ਨੂੰ ਸਤੁੰਤਰ ਵਿਚਾਰਾਂ ਦੇ ਹੋਣ ਕਰਕੇ ਬੰਦੀ ਵੀ ਬਣਾਇਆ ਕਿਉਂਕਿ ਉਨ੍ਹਾਂ ਨੇ ‘ਸਭੇ ਸਾਂਝੀਵਾਲ ਸਦਾਇਨ’ ਦਾ ਇਲਾਹੀ ਬਚਨ ਦੁਨੀਆਂ ’ਚ ਫੈਲਾਅ ਦਿੱਤਾ ਸੀ। ਗੁਰੂ ਜੀ ਨੇ ਮਨੁੱਖਤਾ ’ਚ ਪੈਦਾ ਹੋਏ ਹਰ ਤਰ੍ਹਾਂ ਦੇ ਵਿਤਕਰੇ ਨੂੰ ਖ਼ਤਮ ਕਰਨ ਦਾ ਰਾਹ ਅਖਿਤਿਆਰ ਕੀਤਾ। ਭਾਵੇਂ ਉਸ ਸਮੇਂ ਦੋਸ਼ੀਆਂ ਨੂੰ ਸਖ਼ਤ ਸਜਾਵਾਂ ਦਿੱਤੀਆਂ ਜਾਂਦੀਆਂ ਸਨ ਪਰ ਸਮੇਂ ਦੇ ਹਾਕਮ ਅਤੇ ਅਫ਼ਸਰ ਲੋਕ ਭ੍ਰਿਸ਼ਟ ਹੋ ਚੁੱਕੇ ਸਨ। ਇਸ ਦਾ ਵਰਨਣ ਗੁਰੂ ਜੀ ਨੇ ਬਾਣੀ ’ਚ ਇੰਝ ਕੀਤਾ ਹੈ-

ਕਲਿ ਕਾਤੀ ਰਾਜੇ ਕਸਾਈ ਧਰਮੁ ਪੰਖ ਕਰਿ ਉਡਰਿਆ।।
ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ।।

ਗੁਰੂ ਜੀ ਨੇ ਸਰਵ ਸਾਂਝੀਵਾਲਤਾ ਦਾ ਉਪਦੇਸ਼ ਸਮਾਜ ’ਚ ਹੋ ਰਹੀ ਆਰਥਿਕ ਅਸਮਾਨਤਾ, ਲੁੱਟ-ਖਸੁੱਟ ਅਤੇ ਸਮਾਜਿਕ ਸ਼ੋਸ਼ਣ ਵਿਰੁੱਧ ਵੀ ਆਵਾਜ਼ ਉਠਾਈ। ਉਨ੍ਹਾਂ ਨੇ ਮਨੁੱਖਤਾ ਨੂੰ ਨਾਮ ਜਪਣ, ਕਿਰਤ ਕਰਨ ਅਤੇ ਵੰਡ ਛਕਣ ਦੇ ਸਿਧਾਂਤ ਬਖ਼ਸ਼ਿਸ਼ ਕੀਤੇ ਕਿਉਂਕਿ ਲੋਕ ਸੱਚੀ ਕਿਰਤ ਕਰਨ ਦੀ ਥਾਂ ਧੋਖੇ-ਫ਼ਰੇਬ ਨਾਲ ਦੂਜਿਆਂ ਦਾ ਹੱਕ ਮਾਰ ਕੇ ਖਾਣ ’ਚ ਲੱਗੇ ਹੋਏ ਸਨ। ਵਪਾਰੀਆਂ ਅਤੇ ਯਾਤਰੀਆਂ ਨੂੰ ਸਰਾਵਾਂ ਦੇ ਮਾਲਕ ਹੀ ਕਤਲ ਕਰ ਕੇ ਉਨ੍ਹਾਂ ਦੀ ਧਨ ਦੌਲਤ ਲੁੱਟ ਲੈਂਦੇ ਸਨ। ਇਹ ਸਭ ਵੇਖ ਕੇ ਗੁਰੂ ਜੀ ਨੇ ਮਨੁੱਖਤਾ ਨੂੰ ਸਮਝਾਇਆ ਕਿ ਪਰਾਇਆ ਹੱਕ ਖਾਣਾ ਪਾਪ ਹੈ। ਗੁਰੂ ਜੀ ਨੇ ਪਰਾਏ ਹੱਕ ਬਾਰੇ ਲਿਖਿਆ ਹੈ

ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ।।

ਗੁਰੂ ਜੀ ਨੇ ਇਕ ਵਾਰ ਐਮਨਾਬਾਦ ਦੇ ਇਕ ਅਮੀਰ ਜ਼ਿੰਮੀਦਾਰ ਮਲਿਕ ਭਾਗੋ ਦੇ ਘਰ ਦੀ ਰੋਟੀ ਖਾਣ ਦੀ ਥਾਂ ਭਾਈ ਲਾਲੋ ਦੇ ਘਰ ਰੋਟੀ ਖਾਣ ਨੂੰ ਤਰਜ਼ੀਹ ਦਿੱਤੀ ਸੀ ਕਿਉਂਕਿ ਗੁਰੂ ਜੀ ਸਮਝਦੇ ਸਨ ਕਿ ਕਿਰਤ ਕਮਾਈ ਦੀ ਰੋਟੀ ’ਚ ਅੰਮ੍ਰਿਤ ਹੁੰਦਾ ਹੈ ਅਤੇ ਪਾਪ ਦੀ ਕਮਾਈ ਤੋਂ ਤਿਆਰ ਭੋਜਨ ’ਚ ਗ਼ਰੀਬਾਂ ਦਾ ਖ਼ੂਨ ਹੁੰਦਾ ਹੈ। ਜਿਸ ਨੂੰ ਖਾ ਕੇ ਮਨ ’ਚ ਵਿਕਾਰ ਪੈਦਾ ਹੁੰਦੇ ਹਨ। ਇਸ ਲਈ ਮਨੁੱਖ ਨੂੰ ਦਸ਼ਾਂ ਨਹੁੰਆਂ ਦੀ ਕਮਾਈ ਕਰਕੇ ਜੀਵਨ ਬਤੀਤ ਕਰਨਾ ਚਾਹੀਦਾ ਹੈ।

ਭਾਰਤੀ ਸਮਾਜ ਸਦੀਆਂ ਤੋਂ ਹੀ ਮਰਦ ਪ੍ਰਧਾਨ ਰਿਹਾ ਹੈ। ਰਾਜੇ, ਧਨਵਾਨ ਅਤੇ ਸ਼ਾਸਕ ਆਦਿ ਸਭ ਭੋਗ-ਵਿਲਾਸ ਵਾਲਾ ਜੀਵਨ ਬਿਤਾ ਰਹੇ ਸਨ। ਅਜਿਹੇ ਮਾਹੌਲ ਅੰਦਰ ਔਰਤ ਨੂੰ ਭੋਗ-ਵਿਲਾਸ ਦੀ ਵਸਤੂ ਸਮਝ ਕੇ ਪੈਰ ਦੀ ਜੁੱਤੀ ਤੱਕ ਕਹਿ ਦਿੱਤਾ ਗਿਆ। ਰਾਜ ਮਹਿਲ ਉਸ ਸਮੇਂ ਰਖੇਲਾਂ ਨਾਲ ਭਰੇ ਪਏ ਸਨ। ਔਰਤ ਕੇਵਲ ਕਾਮ-ਵਾਸ਼ਨਾ ਦਾ ਸਾਧਨ ਮਾਤਰ ਬਣ ਕੇ ਰਹਿ ਗਈ ਸੀ, ਜਿਸ ਕਾਰਣ ਉਸ ਨੂੰ ਨੀਚ ਸਮਝਿਆ ਗਿਆ। ਰਾਜਨੀਤਿਕ ਅਤੇ ਧਾਰਮਿਕ ਖੇਤਰ ’ਚ ਉਸ ਨੂੰ ਕੋਈ ਅਧਿਕਾਰ ਪ੍ਰਾਪਤ ਨਹੀਂ ਸੀ। ਅਜਿਹੇ ਦੌਰ ’ਚੋਂ ਗੁਜ਼ਰ ਰਹੀ ਔਰਤ ਸ਼੍ਰੈਣੀ ਨੂੰ ਉੱਚਾ ਦਰਜਾ ਦਵਾਉਣ ਲਈ ਗੁਰੂ ਜੀ ਨੇ ਬਚਨ ਫ਼ਰਮਾਏ

ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ।।

ਗੁਰੂ ਸਾਹਿਬ ਨੇ ਮਨੁੱਖ ਨੂੰ ਸ਼ੁੱਧ ਤੇ ਕੁਦਰਤੀ ਜੀਵਨ ਜਿਉਣ ਦਾ ਉਪਦੇਸ਼ ਦਿੱਤਾ, ਕਿਉਂਕਿ ਅਜਿਹਾ ਕਰਨ ਨਾਲ ਮਨੁੱਖ ਨੂੰ ਕੋਈ ਦੁੱਖ ਨਹੀਂ ਲਗਦਾ ਅਤੇ ਮਨ ਬੁਰੇ ਵਿਚਾਰਾਂ ਤੋਂ ਬਚਿਆ ਰਹਿੰਦਾ ਹੈ। ਗੁਰੂ ਜੀ ਨੇ ਵਿਸ਼ੇਸ਼ ਤੌਰ ’ਤੇ ਨਸ਼ਿਆਂ ਤੋਂ ਵਰਜਿਆ ਹੈ। ਉਨ੍ਹਾਂ ਅਨੁਸਾਰ ਨਸ਼ੇ ਦਾ ਸ਼ੇਵਨ ਕਰਨ ਵਾਲਾ ਮਨੁੱਖ ਅੰਮ੍ਰਿਤ ਰੂਪੀ ਨਾਮ ਦਾ ਵਪਾਰੀ ਹੋ ਹੀ ਨਹੀਂ ਸਰਦਾ। ਇਸ ਬਾਰੇ ਗੁਰਬਾਣੀ ’ਚ ਲਿਖਿਆ ਹੈ-

ਪੂਰਾ ਸਾਚੁ ਪਿਆਲਾ ਸਹਜੇ ਤਿਸਹਿ ਪੀਆਏ ਜਾ ਕਉ ਨਦਰਿ ਕਰੈ।।
ਅੰਮ੍ਰਿਤ ਕਾ ਵਪਾਰੀ ਹੋਵੈ ਕਿਆ ਮਦਿ ਛੂਛੈ ਭਾਉ ਧਰੇ।।

ਗੁਰੂ ਨਾਨਕ ਦੇਵ ਜੀ ਨੇ ਜਿੱਥੇ ਮਨੁੱਖ ਨੂੰ ਕੁਦਰਤੀ, ਸਾਦਾ ਅਤੇ ਨਸ਼ਿਆਂ ਤੋਂ ਰਹਿਤ ਜੀਵਨ ਜਿਊਣ ਲਈ ਕਿਹਾ ਹੈ ਉੱਥੇ ਹੀ ਇਕ ਪ੍ਰਮਾਤਮਾ ਵੱਲ ਧਿਆਨ ਦਵਾਉਂਦੇ ਹਨ। ਉਨ੍ਹਾਂ ਅਨੁਸਾਰ ਧਰਤੀ ’ਤੇ ਹਵਾ, ਪਾਣੀ ਅਤੇ ਅਗਨੀ ਇਹ ਸਭ ਪ੍ਰਭੂ ਦੇ ਗੁਣ ਗਾ ਰਹੇ ਹਨ। ਇਸ ਲਈ ਉਹ ਸ਼੍ਰਿਸ਼ਟੀ ਦੇ ਕਾਦਰ ਤੋਂ ਬਲਿਹਾਰ ਜਾਂਦੇ ਹਨ। ਕੁਦਰਤ ਦੀ ਖੇਡ ਉਨ੍ਹਾਂ ਲਈ ਇਕ ਅਜਿਹੀ ਪ੍ਰਕਿਰਿਆ ਹੈ ਜਿਸ ਨਾਲ ਵਿਸਮਾਦ ਪੈਦਾ ਹੁੰਦਾ ਹੈ। ਗੁਰੂ ਜੀ ਦਾ ਮਨ ਕੁਦਰਤ ਅਤੇ ਨਿੰਰਕਾਰ ਨਾਲ ਇਕਮਿਕ ਹੋ ਚੁੱਕਾ ਸੀ। ਇਸ ਲਈ ਉਹ ਬ੍ਰਹਿਮੰਡ ਦੀ ਵਿਸ਼ਾਲਤਾ ਬਾਰੇ ਵਾਰ ਵਾਰ ਜਿਕਰ ਕਰਦੇ ਸਨ। ਸਮੁੱਚੀ ਧਰਤੀ ਨੂੰ ਉਨ੍ਹਾਂ ਨੇ ਧਰਮਸ਼ਾਲ ਆਖਿਆ। ਇਸ ਬਾਰੇ ਗੁਰਬਾਣੀ ’ਚ ਲਿਖਿਆ ਹੈ-

ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ।।…..
ਕੇਤ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ।।……
ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ।।…….

ਸ਼ਾਦਾ ਤੇ ਕੁਦਰਤੀ ਜੀਵਨ ਬਤੀਤ ਕਰਨ ਨਾਲ ਤਨ-ਮਨ ਪਵਿੱਤਰ ਰਹਿੰਦਾ ਹੈ। ਮਨੁੱਖ ਅੰਦਰ ਸਬਰ-ਸੰਤੋਖ, ਨਿਮਰਤਾ, ਕਿਰਤ ਕਰਨ, ਨਾਮ-ਜਪਣ, ਵੰਡ ਛਕਣ ਵਰਗੇ ਆਦਿ ਗੁਣ ਆ ਜਾਂਦੇ ਹਨ। ਇਸ ਸਾਦਗੀ ਭਰੇ ਜੀਵਨ ਵਿਚਲੀ ਨਿਮਰਤਾ, ਸਹਿਣਸ਼ੀਲਤਾ ਅਤੇ ਮਿੱਠਤ ਨੂੰ ਸਭ ਗੁਣਾਂ ਦੀ ਖਾਣ ਦੱਸਦੇ ਹੋਏ ਗੁਰੂ ਜੀ ਲਿਖਦੇ ਹਨ-

ਮਿਠਤੁ ਨੀਵੀਂ ਨਾਨਕਾ ਗੁਣ ਚੰਗਿਆਈਆ ਤਤੁ।।

ਗੁਰੂ ਨਾਨਕ ਦੇਵ ਜੀ ਨੇ ਪੂਰਨ ਸੱਚ ਦਾ ਗਿਆਨ ਸਮੁੱਚੇ ਸੰਸਾਰ ’ਚ ਵੰਡਿਆ। ਇਹ ਗਿਆਨ ਸਮੁੱਚੀ ਖ਼ਲਕਤ ਦੇ ਭਲੇ ਲਈ ਬਹੁਤ ਮਹੱਤਵਪੂਰਨ ਹੈ। ਅਸੀਂ ਆਖ ਸਕਦੇ ਹਾਂ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਬਹੁਤ ਉੱਚੀ-ਸੁੱਚੀ ਅਤੇ ਸੰਦੇਸ਼ ਭਰਪੂਰ ਹੈ। ਪਰ ਮਨੁੱਖ ਅਜੇ ਵੀ ਉਨ੍ਹਾਂ ਦੀ ਵਿਚਾਰਧਾਰਾ ਨੂੰ ਨਹੀਂ ਸਮਝ ਸਕਿਆ ਅਤੇ ਨਾ ਹੀ ਧਰਮਾਂ ਦੀ ਸੌੜੀ ਸੋਚ ਨੂੰ ਹੀ ਛੱਡ ਸਕਿਆ ਹੈ। ਅੱਜ ਸਾਨੂੰ ਗੁਰੂ ਜੀ ਦੀ ਕ੍ਰਾਂਤੀਕਾਰੀ ਸੋਚ ਨੂੰ ਅਪਣਾਉਣ ਦੀ ਸਖ਼ਤ ਜ਼ਰੂਰਤ ਹੈ ਜਿਸ ਨੂੰ ਉਨ੍ਹਾਂ ਨੇ ਵੱਖ-ਵੱਖ ਦਿਸ਼ਾਵਾਂ ’ਚ ਉਦਾਸੀਆਂ ਕਰਕੇ ਜਨ-ਜਨ ਤੱਕ ਪਹੁੰਚਾਇਆ-

ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ।।
ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ।।