ਡੀਸੀ ਨਾਲ ਮੀਟਿੰਗ ’ਚ ਕਿਸਾਨਾਂ ਨੇ ਰੱਖੀ ਮੰਗ | Paddy Fire
ਬਠਿੰਡਾ (ਸੁਖਜੀਤ ਮਾਨ)। ਪਰਾਲੀ ਨੂੰ ਅੱਗ ਦੇ ਮਾਮਲੇ ’ਚ ਡਿਪਟੀ ਕਮਿਸ਼ਨਰ ਬਠਿੰਡਾ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਬਠਿੰਡਾ ਦੇ ਆਗੂਆਂ ਨਾਲ ਮੀਟਿੰਗ ਕੀਤੀ। ਮੀਟਿੰਗ ਦੌਰਾਨ ਪ੍ਰਸ਼ਾਸਨ ਨੇ ਪਰਾਲੀ ਸੰਭਾਲ ਦੇ ਪ੍ਰਬੰਧਾਂ ਬਾਰੇ ਜਾਣਕਾਰੀ ਦਿੱਤੀ ਤੇ ਕਿਸਾਨਾਂ ਨੇ ਪੂਰੀ ਪਰਾਲੀ ਸੰਭਾਲਣ ਦੀ ਮੰਗ ਰੱਖੀ। ਕਿਸਾਨਾਂ ਨੇ ਕਿਹਾ ਕਿ ਜੇ ਪ੍ਰਸ਼ਾਸਨ ਪੂਰੀ ਪਰਾਲੀ ਸੰਭਾਲ ਲਵੇ ਤਾਂ ਉਹ ਅੱਗ ਨਹੀਂ ਲਾਉਣਗੇ। ਵੇਰਵਿਆਂ ਮੁਤਾਬਿਕ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨਾਲ ਹੋਈ ਮੀਟਿੰਗ ’ਚ ਉਗਰਾਹਾਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਤੇ ਜਨਰਲ ਸਕੱਤਰ ਹਰਜਿੰਦਰ ਸਿੰਘ ਦੀ ਅਗਵਾਈ ’ਚ ਜ਼ਿਲ੍ਹਾ ਕਮੇਟੀ ਮੈਂਬਰ ਸਾਮਿਲ ਹੋਏ। (Paddy Fire)
ਇਹ ਵੀ ਪੜ੍ਹੋ : ਖਾਮੋਸ਼ ਕ੍ਰਾਂਤੀ ਨੂੰ ਲੱਗੇ ਬਰੇਕ
ਡਿਪਟੀ ਕਮਿਸ਼ਨਰ ਬਠਿੰਡਾ ਨੇ ਕਿਸਾਨ ਆਗੂਆਂ ਨੂੰ ਕਿਹਾ ਕਿ ਪਰਾਲੀ ਨੂੰ ਅੱਗ ਲੱਗਣ ਕਾਰਨ ਵਾਤਾਵਰਨ ਖਰਾਬ ਹੋ ਰਿਹਾ ਹੈ, ਇਸ ਨੂੰ ਰੋਕਣ ਲਈ ਸਹਿਯੋਗ ਕੀਤਾ ਜਾਵੇ।। ਉਨ੍ਹਾਂ ਕਿਹਾ ਕਿ ਇਸ ਸਬੰਧੀ ਸਰਕਾਰ ਤੇ ਪ੍ਰਸਾਸ਼ਨ ਦੀ ਤਰਫੋਂ ਗੱਠਾਂ ਵਾਲੀਆਂ ਮਸ਼ੀਨਾਂ ਰਾਹੀਂ ਪੰਜ ਲੱਖ ਮੀਟਰਕ ਟਨ ਪਰਾਲੀ ਸੰਭਾਲਣ ਦਾ ਪ੍ਰਬੰਧ ਕੀਤਾ ਗਿਆ ਹੈ ਤੇ ਪਰਾਲੀ ਨੂੰ ਖੇਤ ’ਚ ਵਾਹੁਣ ਲਈ ਖੇਤੀ ਮਸ਼ੀਨਰੀ ’ਤੇ ਸਬਸਿਡੀ ਦਿੱਤੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਧੂੰਏਂ ਨਾਲ ਵਾਤਾਵਰਨ ਖਰਾਬ ਹੋਣਾ ਇੱਕ ਗੰਭੀਰ ਮਾਮਲਾ ਹੈ ਪਰ ਸਰਕਾਰ ਤੇ ਪ੍ਰਸ਼ਾਸਨ ਦੀ ਤਰਫੋਂ ਸਾਰੀ ਪਰਾਲੀ ਦੀ ਸੰਭਾਲ ਲਈ ਪੁਖਤਾ ਪ੍ਰਬੰਧ ਕੀਤੇ ਜਾਣ। ਕਿਸਾਨਾਂ ਨੇ ਤਰਕ ਦਿੱਤਾ ਕਿ ਬਠਿੰਡਾ ਜ਼ਿਲ੍ਹੇ ’ਚ ਲਗਭਗ 14 ਲੱਖ ਮੀਟਿ੍ਰਕ ਟਨ ਝੋਨੇ ਦੀ ਪਰਾਲੀ ਪੈਦਾ ਹੁੰਦੀ ਹੈ, ਜਦੋਂਕਿ ਪ੍ਰਸ਼ਾਸਨ ਦੀ ਤਰਫੋਂ ਸਿਰਫ ਪੰਜ ਲੱਖ ਮੀਟਿ੍ਰਕ ਟਨ ਸੰਭਾਲ ਦੇ ਪ੍ਰਬੰਧ ਕੀਤੇ ਹਨ।
ਇਹ ਵੀ ਪੜ੍ਹੋ : ਭਾਰਤੀ ਟੀਮ ਨੂੰ ਵੱਡਾ ਝਟਕਾ, ਇਹ ਖਿਡਾਰੀ ਪੂਰੇ World Cup ਤੋਂ ਬਾਹਰ
ਇਨ੍ਹਾਂ ਪ੍ਰਬੰਧਾਂ ਵਿੱਚ ਵੀ ਰਾਹ ਤੰਗ ਹੋਣ ਕਾਰਨ ਬਹੁਤ ਸਾਰੇ ਖੇਤਾਂ ਵਿੱਚ ਬੇਲਰਾਂ ਰਾਹੀਂ ਗੱਠਾਂ ਨਹੀਂ ਬਣਾਈਆਂ ਜਾ ਸਕਦੀਆਂ। ਕਿਸਾਨਾਂ ਨੇ ਦੱਸਿਆ ਕਿ ਜੋ ਖੇਤੀ ਸੰਦ ਸਬਸਿਡੀ ’ਤੇ ਦਿੱਤੇ ਹਨ ਉਹ ਬਹੁਤ ਘੱਟ ਕਿਸਾਨਾਂ ਨੂੰ ਦਿੱਤੇ ਹਨ ਤੇ ਕਿਸਾਨਾਂ ਦੀ ਹੋਰ ਬਹੁਤ ਮੰਗ ਹੈ। ਛੋਟੇ ਕਿਸਾਨਾਂ ਕੋਲ ਇਹਨਾਂ ਖੇਤੀ ਸੰਦਾਂ ਨੂੰ ਚਲਾਉਣ ਲਈ ਸਮਰੱਥ ਟਰੈਕਟਰ ਵੀ ਨਹੀਂ ਹਨ। ਕਿਸਾਨ ਆਗੂਆਂ ਨੇ ਡਿਪਟੀ ਕਮਿਸ਼ਨਰ ਰਾਹੀਂ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਕਿਸਾਨਾਂ ਦੇ ਖੇਤਾਂ ਵਿੱਚੋਂ ਮੁਫਤ ਤੇ ਸੀਮਤ ਸਮੇਂ ਵਿੱਚ ਪਰਾਲੀ ਚੱਕ ਕੇ ਲੈ ਜਾਵੇ ਤਾਂ ਜੋ ਕਿਸਾਨ ਠੀਕ ਬਿਜਾਈ ਦੇ ਸਮੇਂ ਆਪਣੇ ਖੇਤਾਂ ਵਿੱਚ ਕਣਕ ਜਾਂ ਹੋਰ ਫਸਲਾਂ ਦੀ ਬਿਜਾਈ ਕਰ ਸਕਣ। (Paddy Fire)
ਪਰਾਲੀ ਦੀ ਸੰਭਾਲ ਦੇ ਪੁਖਤਾ ਪ੍ਰਬੰਧ ਨਾ ਹੋਣ ਤੱਕ ਕਿਸਾਨਾਂ ਨੂੰ 200 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਝੋਨੇ ’ਤੇ ਬੋਨਸ ਦਿੱਤਾ ਜਾਵੇ ਤਾਂ ਕਿ ਕਿਸਾਨ ਖੁਦ ਇਸ ਪਰਾਲੀ ਦੀ ਸੰਭਾਲ ਦਾ ਪ੍ਰਬੰਧ ਕਰ ਸਕਣ। ਝੋਨੇ ਦੀ ਫਸਲ ਦੇ ਬਦਲ ਵਿੱਚ ਹੋਰ ਫਸਲਾਂ ਦਾ ਵਾਜਬ ਮੁੱਲ ਦੇ ਕੇ ਅਤੇ ਸਰਕਾਰੀ ਖਰੀਦ ਦੀ ਗਰੰਟੀ ਕੀਤੀ ਜਾਵੇ ਤਾਂ ਕਿ ਝੋਨੇ ਹੇਠੋਂ ਰਕਬਾ ਘੱਟ ਹੋ ਸਕੇ।
ਇਸ ਤੋਂ ਇਲਾਵਾ ਪਰਾਲੀ ਤੋਂ ਹੋਰ ਬਣਨ ਵਾਲੀਆਂ ਲੋੜਵੰਦ ਵਸਤਾਂ ਦੀਆਂ ਸਨਅਤਾਂ ਲਈਆਂ ਜਾਣ। ਇਹ ਪ੍ਰਬੰਧ ਨਾ ਹੋਣ ਕਾਰਨ ਮਜਬੂਰੀ ਵੱਸ ਕੁਝ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਲਾਈ ਜਾਂਦੀ ਹੈ, ਜਿਸ ਦੀ ਜਿੰਮੇਵਾਰ ਸਰਕਾਰ ਹੈ। ਕਿਸਾਨਾਂ ਨੇ ਇੱਕ ਵੱਖਰੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਦਿੱਲੀ ਕਿਸਾਨ ਅੰਦੋਲਨ ਦੌਰਾਨ ਕੁਝ ਪੱਤਰਕਾਰਾਂ ਖਿਲਾਫ ਪੁਲਿਸ ਕੇਸ ਦਰਜ ਕਰਕੇ ਉਹਨਾਂ ਦੀ ਗਿ੍ਰਫਤਾਰੀ ਕੀਤੀ। (Paddy Fire)
ਜਿਸ ਵਿਰੁੱਧ ਕੌਮੀ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਛੇ ਨਵੰਬਰ ਨੂੰ ਡਿਪਟੀ ਕਮਿਸਨਰ ਦਫਤਰ ਅੱਗੇ ਪੱਤਰਕਾਰਾਂ ਤੇ ਕੀਤੀਆਂ ਐਫ ਆਈ ਆਰ ਦੀਆਂ ਕਾਪੀਆਂ ਸਾੜ ਕੇ ਮੰਗ ਕੀਤੀ ਜਾਵੇਗੀ ਕਿ ਉਹਨਾਂ ਖਿਲਾਫ ਕੀਤੇ ਪੁਲਿਸ ਕੇਸ ਰੱਦ ਕੀਤੇ ਜਾਣ ਤੇ ਉਹਨਾਂ ਨੂੰ ਬਿਨਾਂ ਸਰਤ ਤੁਰੰਤ ਰਿਹਾ ਕੀਤਾ ਜਾਵੇ। ਕਿਸਾਨ ਆਗੂਆਂ ਨੇ ਕਿਸਾਨਾਂ ਮਜਦੂਰਾਂ ਤੇ ਸਮੂਹ ਇਨਸਾਫ ਪਸੰਦ ਲੋਕਾਂ ਨੂੰ ਅਪੀਲ ਕੀਤੀ ਕਿ ਛੇ ਨਵੰਬਰ ਨੂੰ ਡਿਪਟੀ ਕਮਿਸਨਰ ਬਠਿੰਡਾ ਦੇ ਦਫਤਰ ਅੱਗੇ ਪਹੁੰਚਣ। ਅੱਜ ਦੀ ਮੀਟਿੰਗ ਵਿੱਚ ਉਕਤ ਕਿਸਾਨ ਆਗੂਆਂ ਤੋਂ ਇਲਾਵਾ ਬਸੰਤ ਸਿੰਘ ਕੋਠਾ ਗੁਰੂ, ਜਸਵੀਰ ਸਿੰਘ ਬੁਰਜ ਸੇਮਾ, ਜਗਦੇਵ ਸਿੰਘ ਜੋਗੇਵਾਲਾ, ਸੁਖਦੇਵ ਸਿੰਘ ਰਾਮਪੁਰਾ, ਹੁਸ਼ਿਆਰ ਸਿੰਘ ਚੱਕ ਫਤਿਹ ਸਿੰਘ ਵਾਲਾ, ਬਲਜੀਤ ਸਿੰਘ ਪੂਹਲਾ ਤੇ ਰਾਜਵਿੰਦਰ ਸਿੰਘ ਰਾਮਨਗਰ ਵੀ ਸਾਮਿਲ ਸਨ। (Paddy Fire)