ਜਾਂਚ ਪ੍ਰਭਾਵਿਤ ਕਰਨ ਦੀ ਕੋਸ਼ਿਸ਼ : ਸੋਨੂੰ ਮਹੇਸ਼ਵਰੀ
(ਸੁਖਜੀਤ ਮਾਨ) ਬਠਿੰਡਾ। ਇੱਥੋਂ ਦੇ ਮਾਲ ਰੋਡ ’ਤੇ ਲੰਘੇ ਸ਼ਨਿੱਚਰਵਾਰ ਹਰਜਿੰਦਰ ਸਿੰਘ ਜੌਹਲ ਉਰਫ ਮੇਲਾ ਦੇ ਕੀਤੇ ਕਤਲ ਦੀ ਜਿੰਮੇਵਾਰੀ ਵਿਦੇਸ਼ ’ਚ ਬੈਠੇ ਗੈਂਗਸਟਰ ਅਰਸ਼ ਡਾਲਾ (Gangster Arsh Dala) ਵੱਲੋਂ ਲੈਣ ਉਪਰੰਤ ਮਾਮਲੇ ’ਚ ਨਵਾਂ ਮੋੜ ਆਉਣ ਲੱਗਿਆ ਹੈ। ਅਰਸ਼ ਡਾਲਾ ਵੱਲੋਂ ਇਸ ਸਬੰਧ ਵਿੱਚ ਸੋਸ਼ਲ ਮੀਡੀਆ ਤੇ ਪੋਸਟ ਪਾਉਣ ਦੀ ਗੱਲ ਸਾਹਮਣੇ ਆ ਰਹੀ ਹੈ ਜਿਸ ’ਚ ਇਸ ਕਤਲ ਦਾ ਕਾਰਨ ਮਲਟੀਸਟੋਰੀ ਪਾਰਕਿੰਗ ਦਾ ਵਿਵਾਦ ਦੱਸਿਆ ਹੈ। ਦੂਜੇ ਪਾਸੇ ਇਹ ਤੱਥ ਸਾਹਮਣੇ ਆਉਣ ਤੋਂ ਬਾਅਦ ਸ਼ਹਿਰ ਦੇ ਸਮਾਜ ਸੇਵੀ ਆਗੂ ਨੇ ਪੋਸਟ ਦੇ ਹਵਾਲੇ ਨਾਲ ਕੇਂਦਰ ਸਰਕਾਰ ਦੇ ਦਖਲ ਦੀ ਮੰਗ ਕਰ ਦਿੱਤੀ ਹੈ।
ਵੇਰਵਿਆਂ ਮੁਤਾਬਿਕ ਗੈਂਗਸਟਰ ਡਾਲਾ (Gangster Arsh Dala) ਨੇ ਫੇਸਬੁੱਕ ਪੋਸਟ ’ਚ ਲਿਖਿਆ ਹੈ ਕਿ ਪਿਛਲੇ ਦਿਨੀਂ ਮਾਲ ਰੋਡ ਐਸੋਸੀਏਸ਼ਨ ਦੇ ਪ੍ਰਧਾਨ ਮੇਲਾ ਦਾ ਕਤਲ ਕਰ ਦਿੱਤਾ ਗਿਆ ਸੀ, ਉਹ ਇਸ ਕਤਲ ਦੀ ਪੂਰੀ ਜ਼ਿੰਮੇਵਾਰੀ ਲੈਂਦੇ ਹਨ। ਅੱਗੇ ਲਿਖਿਆ ਕਿ ਮੇਲਾ ਨਾਲ ਉਨ੍ਹਾਂ ਦਾ ਪਾਰਕਿੰਗ ਦੇ ਠੇਕੇ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਉਸ ਨੂੰ ਕਈ ਵਾਰ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਸੀ ਕਿ ਉਹ ਉਨ੍ਹਾਂ ਦੇ ਕੰਮ ਵਿਚ ਦਖ਼ਲ ਨਾ ਦੇਵੇ ਪਰ ਉਹ ਸਮਝਣ ਨੂੰ ਤਿਆਰ ਨਹੀਂ ਸੀ ਜਿਸ ਕਾਰਨ ਉਸ ਨੇ ਹੱਤਿਆ ਕਰਵਾਈ ਹੈ। ਓਧਰ ਸਮਾਜ ਸੇਵੀ ਸੰਸਥਾ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਨੇ ਵੀਡੀਓ ਜਾਰੀ ਕਰਕੇ ਕਿਹਾ ਕਿ ਇਸ ਕਤਲ ਮਾਮਲੇ ਦੀ ਜਾਂਚ ਨੂੰ ਭਟਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। (Gangster Arsh Dala)
ਇਹ ਵੀ ਪੜ੍ਹੋ : ਜ਼ਿਲ੍ਹਾ ਸਿਹਤ ਵਿਭਾਗ ਦੀ ਮਿਠਿਆਈਆਂ ਦੀ ਦੁਕਾਨਾਂ ’ਤੇ ਰੇਡ, ਮੱਚਿਆ ਹੜਕੰਪ
ਉਨ੍ਹਾਂ ਦੱਸਿਆ ਕਿ ਅਰਸ਼ ਡਾਲਾ ਵੱਲੋਂ ਜੋ ਕੁੱਝ ਕਿਹਾ ਜਾਂ ਅਖਵਾਇਆ ਗਿਆ ਉਹ ਇੱਕ ਤਰਾਂ ਨਾਲ ਸਾਜਿਸ਼ ਹੈ। ਉਨ੍ਹਾਂ ਕਿਹਾ ਕਿ ਜੇਕਰ ਅਰਸ਼ ਡਾਲਾ ਸੱਚਮੁੱਚ ਪਾਰਕਿੰਗ ਦੇ ਹੱਕ ਵਿੱਚ ਹੁੰਦਾ ਤਾਂ ਕੀ ਉਸ ਨੇ ਪਾਰਕਿੰਗ ਚਲਾਉਣ ਵਾਲਿਆਂ ਦਾ ਇਸ ਤਰਾਂ ਨਾਮ ਲੈਣਾ ਸੀ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਤਾਂ ਠੇਕੇਦਾਰ ਖਿਲਾਫ ਪੁਲਿਸ ਕਾਰਵਾਈ ਹੋ ਸਕਦੀ ਹੈ। ਉਨ੍ਹਾਂ ਸ਼ੱਕ ਜਤਾਇਆ ਕਿ ਇਸ ਕਤਲ ਪਿੱਛੇ ਕਿਸੇ ਰਸੂਖਵਾਨ ਦਾ ਹੱਥ ਹੈ ਜਿਸ ਦੀ ਉੱਪਰ ਤੱਕ ਪਹੁੰਚ ਹੈ ਜਿਸ ਨੂੰ ਬਚਾਉਣ ਲਈ ਅਸਲ ਕਾਤਲ ਫੜੇ ਨਹੀਂ ਜਾ ਰਹੇ ਹਨ। ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਹਰਜਿੰਦਰ ਸਿੰਘ ਮੇਲਾ ਦੇ ਕਤਲ ਦੀ ਜਾਂਚ ਆਪਣੇ ਹੱਥ ਵਿੱਚ ਲਵੇ ਤਾਂ ਜੋ ਅਸਲ ਕਾਤਲ ਹਨ ਉਨ੍ਹਾਂ ਨੂੰ ਗਿ੍ਰਫਤਾਰ ਕੀਤਾ ਜਾ ਸਕੇ।
ਪੋਸਟ ਦੀ ਹੋਵੇਗੀ ਜਾਂਚ. : ਐਸਐਸਪੀ
ਐਸਐਸਪੀ ਬਠਿੰੰਡਾ ਗੁਲਨੀਤ ਸਿੰਘ ਖੁਰਾਣਾ ਦਾ ਕਹਿਣਾ ਹੈ ਕਿ ਅਰਸ਼ ਡਾਲਾ ਦੀ ਜੋ ਪੋਸਟ ਸਾਹਮਣੇ ਆਈ ਹੈ ਉਹ ਫਰਜ਼ੀ ਜਾਪਦੀ ਹੈ। ਉਨ੍ਹਾਂ ਕਿਹਾ ਕਿ ਫੇਸਬੁੱਕ ਤੇ ਇਸ ਦੀ ਤਲਾਸ਼ ਵੀ ਕੀਤੀ ਗਈ ਸੀ ਪਰ ਕਿਧਰੇ ਨਜ਼ਰ ਨਹੀਂ ਆਈ ਹੈ। ਉਨ੍ਹਾਂ ਕਿਹਾ ਕਿ ਫਿਰ ਵੀ ਪੁਲਿਸ ਇਸ ਪੋਸਟ ਦੇ ਸਹੀ ਜਾਂ ਫਰਜ਼ੀ ਹੋਣ ਸਮੇਤ ਹਰਜਿੰਦਰ ਸਿੰਘ ਨੂੰ ਕਤਲ ਕਰ ਦੇਣ ਦੇ ਮਾਮਲੇ ਦੀ ਪੂਰੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।