ਕਿਹਾ : ਵਿਜੀਲੈਂਸ ਤਾਂ ਹੈ ਸਰਕਾਰ ਦੀ ਜੇਬ ਘੜੀ | Manpreet Singh Badal
ਬਠਿੰਡਾ (ਸੁਖਜੀਤ ਮਾਨ)। ਸਾਬਕਾ ਵਿੱਤ ਮੰਤਰੀ ਅਤੇ ਭਾਜਪਾ ਦੀ ਕੋਰ ਕਮੇਟੀ ਦੇ ਮੈਂਬਰ ਮਨਪ੍ਰੀਤ ਸਿੰਘ ਬਾਦਲ (Manpreet Singh Badal) ਅੱਜ ਅਟਕਲਾਂ ਦੇ ਬਾਵਜੂਦ ਬਠਿੰਡਾ ਵਿਜੀਲੈਂਸ ਦਫਤਰ ਪੁੱਜੇ। ਉਨਾਂ ਤੋਂ ਕਰੀਬ ਦੋ-ਢਾਈ ਘੰਟੇ ਵਿਜੀਲੈਂਸ ਵੱਲੋਂ ਪੁੱਛਗਿੱਛ ਕੀਤੀ ਗਈ। ਜਾਂਚ ਮਗਰੋਂ ਉਨਾਂ ਵਿਜੀਲੈਂਸ ਨੂੰ ਸ਼ੱਕ ਦੇ ਕਟਿਹਰੇ ’ਚ ਖੜੇ ਕਰਦਿਆਂ ਜਾਂਚ ਸੀਬੀਆਈ ਤੋਂ ਕਰਵਾਉਣ ਦੀ ਮੰਗ ਕਰਦਿਆਂ ਕਿਹਾ ਕਿ ਵਿਜੀਲੈਂਸ ਤਾਂ ਸਰਕਾਰ ਦੀ ਜੇਬ ਘੜੀ ਹੈ, ਜਿਸ ਤੋਂ ਨਿਆਂ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਵਿਜੀਲੈਂਸ ਵੱਲੋਂ ਉਨਾਂ ਤੋਂ ਕੁੱਝ ਦਸਤਾਵੇਜਾਂ ਦੀ ਮੰਗ ਕੀਤੀ ਗਈ, ਜੋ ਉਨਾਂ ਕੋਲ ਨਹੀਂ ਸੀ ਤੇ ਅਗਲੀ ਵਾਰ ਬੁਲਾਏ ਜਾਣ ’ਤੇ ਦਿੱਤੇ ਜਾਣ ਲਈ ਕਿਹਾ ਗਿਆ।
ਵੇਰਵਿਆਂ ਮੁਤਾਬਿਕ ਬੀਡੀਏ ਦੇ ਪਲਾਟ ਖ੍ਰੀਦ ਮਾਮਲੇ ’ਚ ਫਸੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅੱਜ ਵਿਜੀਲੈਂਸ ਦੇ ਬਠਿੰਡਾ ਸਥਿਤ ਦਫ਼ਤਰ ਪੁੱਜੇ ਤੇ ਵਿਜੀਲੈਂਸ ਅਧਿਕਾਰੀਆਂ ਦੇ ਸਵਾਲਾਂ ਦੇ ਜਵਾਬ ਦਿੱਤੇ । ਲੰਬਾ ਸਮਾਂ ਚੱਲੀ ਇਸ ਪੁੱਛ ਪੜਤਾਲ ਮਗਰੋਂ ਬਾਹਰ ਆਏ ਮਨਪ੍ਰੀਤ ਸਿੰਘ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰੀ ਨੌਕਰੀ ਵਾਲਿਆਂ ਅਤੇ ਸਿਆਸੀ ਆਗੂਆਂ ਦਾ ਹਿਸਾਬ ਜ਼ਰੂਰ ਹੋਣਾ ਚਾਹੀਦਾ ਹੈ ਇਸ ਲਈ ਵਿਜੀਲੈਂਸ ਵੱਲੋਂ ਬੁਲਾਉਣ ਦਾ ਉਹ ਸਵਾਗਤ ਕਰਦੇ ਹਨ।
ਵਿਜੀਲੈਂਸ ਦੀ ਥਾਂ ਸੀਬੀਆਈ ਜਾਂਚ ਦੀ ਕੀਤੀ ਮੰਗ
ਉਨਾਂ ਕਿਹਾ ਕਿ ਕਿਸੇ ਵਿਅਕਤੀ ’ਤੇ ਪਰਚਾ ਦਰਜ਼ ਕਰ ਦੇਣਾ ਉਸ ਨੂੰ ਗੁਨਾਹਗਾਰ ਸਾਬਿਤ ਨਹੀਂ ਕਰਦਾ ਕਿਉਂਕਿ ਕਾਨੂੰਨ ਦੇ ਤਕਾਜੇ ਵੀ ਪੂਰੇ ਕਰਨੇ ਹੁੰਦੇ ਹਨ। ਵਿਜੀਲੈਂਸ ਨੂੰ ਸ਼ੱਕ ਦੇ ਕਟਿਹਰੇ ’ਚ ਖੜੇ ਕਰਦਿਆਂ ਮਨਪ੍ਰੀਤ ਬਾਦਲ ਨੇ ਕਿਹਾ ਕਿ ਇਹ ਸਰਕਾਰ ਦੀ ਜੇਬ ਦੀ ਘੜੀ ਹੈ, ਇਸ ਲਈ ਵਿਜੀਲੈਂਸ ਉਨਾਂ ਦੇ ਇਸ ਮਾਮਲੇ ’ਚ ਕੋਈ ਨਿਆਂ ਨਹੀਂ ਕਰ ਸਕੇਗੀ ਉਨਾਂ ਦਾ ਕੇਸ ਸੀਬੀਆਈ ਨੂੰ ਦਿੱਤਾ ਜਾਵੇ। ਇਸ ਮੰਗ ਦੇ ਨਾਲ-ਨਾਲ ਉਨਾਂ ਇਹ ਵੀ ਕਿਹਾ ਕਿ ਜੇਕਰ ਵਿਜੀਲੈਂਸ ਉਨਾਂ ਨੂੰ ਸੌ ਵਾਰ ਬੁਲਾਏ ਤਾਂ ਉਹ ਸੌ ਵਾਰ ਆਉਣਗੇ। ਉਨਾਂ ਕਿਹਾ ਕਿ ਉਨਾਂ ਨੂੰ ਭਾਰਤ ਦੇ ਕਾਨੂੰਨ ’ਤੇ ਪੂਰਾ ਭਰੋਸਾ ਹੈ।
ਬਦਲ ਗਿਆ ਪੈਨਸ਼ਨ ਦਾ ਤਰੀਕਾ, ਹੁਣ ਘਰ ਬੈਠੇ ਮਿਲਣਗੀਆਂ ਇਹ ਸਹੂਲਤਾਂ
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਜਦੋਂ ਮਨਪ੍ਰੀਤ ਬਾਦਲ ਨੂੰ ਵਿਜੀਲੈਂਸ ਵੱਲੋਂ ਸੰਮਨ ਕੀਤੇ ਗਏ ਸੀ ਤਾਂ ਉਹ ਪਿੱਠ ਦਰਦ ਦਾ ਪੀਜੀਆਈ ’ਚੋਂ ਇਲਾਜ ਚਲਦਾ ਹੋਣ ਦੀ ਗੱਲ ਕਹਿ ਕੇ ਪੇਸ਼ ਨਹੀਂ ਹੋਏ ਸੀ। ਹੁਣ ਵੀ ਅੰਦਾਜੇ ਲਗਾਏ ਜਾ ਰਹੇ ਸੀ ਕਿ ਉਹ ਸ਼ਾਇਦ ਪੇਸ਼ ਨਾ ਹੋਣ ਕਿਉਂਕਿ ਕੱਲ ਦੇਰ ਰਾਤ ਤੱਕ ਉਹਨਾਂ ਦੇ ਵਕੀਲ ਸੁਖਦੀਪ ਸਿੰਘ ਭਿੰਡਰ ਵੱਲੋਂ ਵੀ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਸੀ। ਅੱਜ ਵੀ ਮਨਪ੍ਰੀਤ ਬਾਦਲ ਪਿੱਠ ’ਤੇ ਦਰਦ ਤੋਂ ਰਾਹਤ ਵਾਲੀ ਬੈਲਟ ਲਗਾ ਕੇ ਪੁੱਜੇ।
ਦੱਸਣਯੋਗ ਹੈ ਕਿ ਬਠਿੰਡਾ ’ਚ ਬੀਡੀਏ ਦੇ ਪਲਾਟ ਖ਼ਰੀਦ ਮਾਮਲੇ ’ਚ ਕਥਿਤ ਘੁਟਾਲੇ ਸਬੰਧੀ ਵਿਜੀਲੈਂਸ ਨੇ ਮਨਪ੍ਰੀਤ ਸਿੰਘ ਬਾਦਲ ਸਮੇਤ 6 ਜਣਿਆਂ ਨੂੰ ਕੇਸ ਵਿਚ ਨਾਮਜ਼ਦ ਕੀਤਾ ਹੈ । ਇਨਾਂ ’ਚੋਂ ਤਿੰਨ ਜਣੇ ਗਿ੍ਰਫ਼ਤਾਰ ਕਰਕੇ ਜੇਲ ਭੇਜੇ ਜਾ ਚੁੱਕੇ ਹਨ। ਦੋ ਮੁਲਜ਼ਮਾਂ ਦੀ ਅਗਾਊਂ ਜ਼ਮਾਨਤ ਲਈ ਅਰਜ਼ੀ ਬਠਿੰਡਾ ਅਦਾਲਤ ਨੇ ਰੱਦ ਕਰ ਦਿੱਤੀ ਹੈ।
ਗ੍ਰਿਫ਼ਤਾਰੀ ਪਾ ਕੇ ਦਿੱਤੀ ਗਈ ਜ਼ਮਾਨਤ : ਡੀਐਸਪੀ
ਵਿਜੀਲੈਂਸ ਦੇ ਡੀਐਸਪੀ ਕੁਲਵੰਤ ਸਿੰਘ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਬਾਦਲ ਮੈਡੀਕਲ ਫਿੱਟ ਨਾ ਹੋਣ ਦੇ ਬਾਵਜੂਦ ਜਾਂਚ ’ਚ ਸ਼ਾਮਿਲ ਹੋਏ। ਉਨਾਂ ਦੱਸਿਆ ਕਿ ਉਨਾਂ ਨੇ ਜਾਂਚ ਦੇ ਨਾਲ-ਨਾਲ ਉਨਾਂ ਦੀ ਗਿ੍ਰਫ਼ਤਾਰੀ ਪਾ ਕੇ ਉਨਾਂ ਨੂੰ ਜ਼ਮਾਨਤ ਦਿੰਦਿਆਂ ਮਾਣਯੋਗ ਅਦਾਲਤ ਦੇ ਹੁਕਮਾਂ ਦੀ ਪਾਲਣਾ ਕੀਤੀ ਗਈ ਹੈ। ਉਨਾਂ ਕਿਹਾ ਕਿ ਕਾਫੀ ਸਵਾਲ ਜਵਾਬ ਕੀਤੇ ਗਏ ਅਤੇ ਜੋ ਦਸਤਾਵੇਜ ਅੱਜ ਉਨਾਂ ਕੋਲ ਨਹੀਂ ਸੀ ਉਹ ਅਗਲੀ ਵਾਰ ਬੁਲਾਏ ਜਾਣ ’ਤੇ ਸੌਂਪਣ ਲਈ ਕਿਹਾ ਗਿਆ ਹੈ ਤੇ ਸੀਨੀਅਰ ਅਫਸਰਾਂ ਨਾਲ ਸਲਾਹ ਕਰਕੇ ਅਗਲੀ ਤਾਰੀਖ ਤੈਅ ਕੀਤੀ ਜਾਵੇਗੀ। ਡੀਐਸਪੀਨੇ ਜਾਂਚ ਦਾ ਵਿਸ਼ਾ ਹੋਣ ਕਰਕੇ ਹੋਰ ਜ਼ਿਆਦਾ ਸਵਾਲਾਂ ਦੇ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ।