ਵਿਰੋਧੀਆਂ ਵੱਲੋਂ ਹੋਰਨਾਂ ਮੁੱਦਿਆਂ ਦੀ ਥਾਂ ਸਿਰਫ਼ ‘ਪਾਣੀਆਂ ਦੇ ਮੁੱਦੇ’ ’ਤੇ ਬਹਿਸ ਜਾਂ ਸਰਬ- ਪਾਰਟੀ ਮੀਟਿੰਗ ਕਰਨ ਦੀ ਵਕਾਲਤ | Political debate
ਲੁਧਿਆਣਾ (ਜਸਵੀਰ ਸਿੰਘ ਗਹਿਲ)। ‘ਪੰਜਾਬ ਦਿਵਸ’ ਦੇ ਮੌਕੇ ’ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਹੜੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੱਦੀ ਗਈ ਬਹਿਸ 1 ਨਵੰਬਰ (ਬੁੱਧਵਾਰ) ਨੂੰ ਹੋਣ ਜਾ ਰਹੀ ਹੈ। ਜਿਸ ਦੌਰਾਨ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਡੀਜੀਪੀ ਅਰਪਿਤ ਸੁਕਲਾ ਸਮੇਤ ਪੁਲਿਸ ਦੇ ਆਲਾ ਅਧਿਕਾਰੀ ਪੱਬਾਂ ਭਾਰ ਹੋ ਗਏ ਹਨ। ਦੂਸਰੇ ਪਾਸੇ ਬਹਿਸ ਦਰਮਿਆਨ ਹੀ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਦੇ ਦੋ ਦਿਨਾਂ ਛੁੱਟੀ ’ਤੇ ਜਾਣ ਅਤੇ ਸ਼ਹਿਰ ਅੰਦਰ ਸੁਰੱਖਿਆ ਪ੍ਰਬੰਧਾਂ ਦੇ ਮੱਦੇਨਜ਼ਰ ਸਖ਼ਤਾਈ ਕੀਤੇ ਜਾਣ ਨੂੰ ਮੁੱਦਾ ਬਣਾ ਕੇ ਵਿਰੋਧੀ ਪਾਰਟੀਆਂ ‘ਆਪ’ ਸਰਕਾਰ ਦੀ ਘੇਰਾਬੰਦੀ ਕਰਨ ’ਚ ਰੁੱਝੀਆਂ ਹੋਈਆਂ ਹਨ।
ਖੇਤੀਬਾੜੀ ਯੂਨੀਵਰਸਿਟੀ ਦੇ ਡਾ. ਮਨਮੋਹਨ ਸਿੰਘ ਆਡੋਟੋਰੀਅਮ ਵਿਖੇ ਹੋਣ ਵਾਲੀ ਇਸ ਬਹਿਸ ਵਿੱਚ ਸਿਰਫ਼ ਪਾਣੀਆਂ ਦਾ ਮੁੱਦੇ ’ਤੇ ਹੋਵੇਗਾ ਜਾਂ ਹੋਰ ਵੀ ਮੁੱਦਿਆਂ ਨੂੰ ਛੂਹਿਆ ਜਾਵੇਗਾ, ਇਸ ਬਾਰੇ ਹਾਲੇ ਕੁੱਝ ਵੀ ਕਹਿਣਾ ਮੁਨਾਸਿਬ ਨਹੀਂ ਪਰ ਇੰਨਾਂ ਤੈਅ ਹੈ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਇਤਿਹਾਸ ’ਚ ਸਿਆਸੀ ਮਿਹਣੇਬਾਜ਼ੀ ਦੀ ਪ੍ਰਤੱਖ ਗਵਾਹ ਬਣ ਜਾਵੇਗੀ। ਦੱਸ ਦਈਏ ਕਿ ਯੂਨੀਵਰਸਿਟੀ ਦੇ ਮੇਲਾ ਗਰਾਊਂਡ ’ਚ 27 ਅਕਤੂਬਰ ਤੋਂ ਸਾਰਸ ਮੇਲਾ ਵੀ ਚੱਲ ਰਿਹਾ ਹੈ ਜੋ ਲੈ ਕੇ 5 ਨਵੰਬਰ ਤੱਕ ਜਾਰੀ ਰਹੇਗਾ। ਇਸ ਦੌਰਾਨ ਹੀ ਪਹਿਲੀ ਨਵੰਬਰ ਨੂੰ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਵਿਰੋਧੀਆਂ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਬਹਿਸ ਕਰਨਗੇ, ਉੱਥੇ ਹੀ ਇਸੇ ਦਿਨ ਰਾਤ ਨੂੰੂ ਸਾਰਸ ਮੇਲੇ ਦੇ ਹਿੱਸੇ ਵਜੋਂ ਪੰਜਾਬੀ ਗਾਇਕ ਸਤਿੰਦਰ ਸਰਤਾਜ ਦਾ ਸ਼ੋਅ ਵੀ ਹੋ ਰਿਹਾ ਹੈ।
ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਸਮੇਤ ਹੋਰ ਕਈ ਅਧਿਕਾਰੀਆਂ ਵੱਲੋਂ ਯੂਨੀਵਰਸਿਟੀ ਦਾ ਦੌਰਾ | Political debate
ਜਿਸ ਕਰਕੇ ਪੁਲਿਸ ਨੂੰ ਸੁਰੱਖਿਆ ਪ੍ਰਬੰਧਾਂ ਦੇ ਮੱਦੇਨਜ਼ਰ ਦੂਹਰੇ ਪ੍ਰਬੰਧ ਕਰਨੇ ਪੈ ਰਹੇ ਹਨ। ਦੱਸ ਦਈਏ ਕਿ ਡੀਜੀਪੀ ਅਰਪਿਤ ਸੁਕਲਾ ਦੇ ਨਾਲ ਏਡੀਜੀਪੀ ਏਐੱਸ ਜਸਕਰਨ ਸਿੰਘ ਅਤੇ ਆਈਜੀ ਲੁਧਿਆਣਾ ਰੇਂਜ ਤੇ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਸਮੇਤ ਹੋਰ ਕਈ ਅਧਿਕਾਰੀਆਂ ਵੱਲੋਂ ਯੂਨੀਵਰਸਿਟੀ ਦਾ ਦੌਰਾ ਕਰਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ਅਤੇ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ ਗਈ ਸੀ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿੱਤੀ ਗਈ ਚੁਣੌਤੀ ਤਹਿਤ 1 ਨਵੰਬਰ ਦੀ ਇਸ ਬਹਿਸ ’ਚ ਵੱਖ ਵੱਖ ਸਿਆਸੀ ਪਾਰਟੀਆਂ ਤੋਂ ਕੌਣ ਕੌਣ ਹਿੱਸਾ ਲਵੇਗਾ, ਫ਼ਿਲਹਾਲ ਇਸ ਬਾਰੇ ਹਾਲੇ ਕੁੱਝ ਵੀ ਸਪੱਸ਼ਟ ਨਹੀਂ ਪਰ ਪੁਲਿਸ ਪ੍ਰਸ਼ਾਸਨ ਆਪਣੀ ਤਰਫ਼ੋਂ ਲੋੜੀਂਦੇ ਪੁਖ਼ਤਾ ਪ੍ਰਬੰਧ ਕਰਨ ’ਚ ਸਿਰਤੋੜ ਯਤਨ ਕਰਨ ’ਚ ਰੁੱਝਿਆ ਹੋਇਆ ਹੈ।
Also Read : ਪਲਾਟ ਖਰੀਦ ਘਪਲਾ : ਮਨਪ੍ਰੀਤ ਬਾਦਲ ਪੁੱਜੇ ਵਿਜੀਲੈਂਸ ਦਫਤਰ
ਜਿਸ ਦੇ ਤਹਿਤ ਸ਼ਹਿਰ ਅੰਦਰ ਵੀ ਵੱਖ ਵੱਖ ਥਾਵਾਂ ’ਤੇ ਪੁਲਿਸ ਅਧਿਕਾਰੀਆਂ ਨੇ ਅੱਜ ਸਵੇਰ ਤੋਂ ਹੀ ਆਉਣ- ਜਾਣ ਵਾਲਿਆਂ ’ਤੇ ਬਾਜ਼ ਅੱਖ ਰੱਖ ਰੱਖੀ ਹੈ। ਦੂਸਰੇ ਪਾਸੇ ਵੱਖ ਵੱਖ ਸਿਆਸੀ ਆਗੂ ਸਿਰਫ ‘ਪਾਣੀਆਂ ਦੇ ਮੁੱਦੇ’ ’ਤੇ ਬਹਿਸ ਜਾਂ ਸਰਬ ਪਾਰਟੀ ਮੀਟਿੰਗ ਕੀਤੇ ਜਾਣ ਦੀ ਵੀ ਵਕਾਲਤ ਕਰਨ ਲੱਗੇ ਹਨ। ਕੁੱਝ ਦਾ ਕਹਿਣਾ ਹੈ ਕਿ ਹੋਰਨਾਂ ਮੁੱਦਿਆਂ ’ਤੇ ਬਹਿਸ ਲਈ ਕਿਸੇ ਹੋਰ ਦਿਨ ਦਾ ਸਮਾਂ ਰੱਖਿਆ ਜਾਣਾ ਚਾਹੀਦਾ ਹੈ। ਇਸ ਦਿਨ ਸਿਰਫ਼ ਤੇ ਸਿਰਫ਼ ‘ਐੱਸਵਾਈਐੱਲ’ ਦੇ ਮੁੱਦੇ ’ਤੇ ਹੀ ਗੱਲਬਾਤ ਹੋਣੀ ਚਾਹੀਦੀ ਹੈ। ਬਹਿਸ ਦੌਰਾਨ ‘ਆਪ’ ਦੇ ਆਗੂਆਂ/ ਵਰਕਰਾਂ ਤੋਂ ਇਲਾਵਾ ਹੋਰਨਾਂ ਸਿਆਸੀ ਪਾਰਟੀਆਂ ਦੇ ਆਗੂਆਂ/ ਵਰਕਰਾਂ ਦੀ ਸ਼ਮੂਲੀਅਤ ਵੀ ਪੁਲਿਸ ਲਈ ਸਿਰਦਰਦੀ ਸਾਬਤ ਹੋ ਸਕਦੀ ਹੈ।
ਦਿਖਾਵਟੀ ਬਹਿਸ | Political debate
ਬਹਿਸ ਦੇ ਸਬੰਧ ਵਿੱਚ ਐਕਸ ’ਤੇ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਟਵੀਟ ਕਰਕੇ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੂੰ ਹਟਾਉਣ ਦਾ ਹਵਾਲਾ ਦਿੰਦਿਆਂ ਬਹਿਸ ਨੂੰ ‘ਦਿਖਾਵਟੀ ਬਹਿਸ’ ਕਰਾਰ ਦਿੱਤਾ ਹੈ। ਜਦਕਿ ਕਾਂਗਰਸ ਦੇ ਪ੍ਰਤਾਪ ਸਿੰਘ ਬਾਜਵਾ ਨੇ ਬਹਿਸ ਕਰਕੇ ਮੁੱਖ ਮੰਤਰੀ ਵੱਲੋਂ ਜਗਰਾਓਂ ਦਾ ਕਿਲਾ ਜਿੱਤਣ ਦੀ ਗੱਲ ਆਖੀ ਗਈ ਹੈ। ਦੂਸਰੇ ਪਾਸੇ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਵੱਲੋਂ ਛੁੱਟੀ ’ਤੇ ਜਾਣ ਦੀ ਵਜਾ ਪਰਿਵਾਰਕ ਕਾਰਨਾਂ ਨੂੰ ਦੱਸਦਿਆਂ ਅਹੁਦੇ ਤੋਂ ਹਟਾਉਣ ਦੀ ਗੱਲ ਨੂੰ ਬੇਬੁਨਿਆਦ ਕਰਾਰ ਦਿੱਤਾ ਹੈ।
ਪ੍ਰਸ਼ਾਸਨ ਨੇ ਵਧੀਕੀ ਕੀਤੀ ਤਾਂ…
ਬਹਿਸ ਦੌਰਾਨ ਹੀ ਆਪਣੀਆਂ ਮੰਗਾਂ ਦੇ ਹੱਲ ਲਈ ਸੰਘਰਸ਼ ਕਰ ਰਹੇ ਬੇਰੁਜ਼ਗਾਰ ਵੀ ਪੁਲਿਸ ਲਈ ਸਿਰਦਰਦੀ ਸਾਬਤ ਹੋ ਸਕਦੇ ਹਨ। ਕਿਉਂਕਿ ਖੇਤੀਬਾੜੀ ਐਸੋਸੀਏਸ਼ਨ ਪੰਜਾਬ ਦੇ ਆਗੂ ਅੰਗਰੇਜ ਮਾਨ ਤੇ ਅਮਿਤੋਜ ਮਾਨ, ਜਸਲੀਨ ਕੌਰ ਆਦਿ ਵੱਲੋਂ ਬਹਿਸ ਦੌਰਾਨ ਆਪਣੇ ਸੰਘਰਸ਼ ਨੂੰ ਜਾਰੀ ਰੱਖਣ ਦਾ ਐਲਾਨ ਕਰ ਦਿੱਤਾ ਹੈ। ਉਨਾਂ ਚੇਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸਨ ਨੇ ਵਧੀਕੀ ਕੀਤੀ ਤਾਂ ਉਹ ਮਜ਼ਬੂਰੀਵੱਸ ਸੰਘਰਸ਼ ਨੂੰ ਤਿੱਖਾ ਕਰਨਗੇ।