ਅੱਜ ਲੋਕਾਂ ਦੇ ਅੰਦਰੋਂ ਸਹਿਣਸ਼ੀਲਤਾ ਖਤਮ ਹੋ ਚੁੱਕੀ ਹੈ। ਮਜ਼ਬੂਤ ਸਮਾਜ ਸਿਰਜਣ ਲਈ ਸ਼ਾਂਤੀ ਬਹੁਤ ਜਰੂਰੀ ਹੁੰਦੀ ਹੈ। ਸਮਾਜ ਵਿੱਚ ਅੱਜ ਇੱਕ-ਦੂਜੇ ਨੂੰ ਨੀਵਾਂ ਦਿਖਾਉਣ ਦੀ ਹੋੜ ਲੱਗੀ ਹੋਈ ਹੈ। ਵਿਚਾਰਨ ਵਾਲੀ ਗੱਲ ਹੈ ਕਿ ਅਸੀਂ ਧਰਤੀ ’ਤੇ ਕੀ ਕਰਨ ਆਏ ਹਾਂ ਤੇ ਕੀ ਕਰ ਰਹੇ ਹਾਂ? ਜਦੋਂ ਅਸੀਂ ਇਸ ਸੰਸਾਰ ਤੋਂ ਰੁਖਸਤ ਹੋਣਾ ਹੈ ਤਾਂ ਸਾਨੂੰ ਕਿੰਨੀ ਕੁ ਜ਼ਮੀਨ ਚਾਹੀਦੀ ਹੋਣੀ ਹੈ। ਇਹ ਵਿਚਾਰਨ ਵਾਲੀ ਗੱਲ ਹੈ। ਨਿੱਜੀ ਸਵਾਰਥਾਂ ਖਾਤਰ ਮਨੁੱਖ ਕੁਦਰਤ ਨਾਲ ਲਗਾਤਾਰ ਛੇੜਛਾੜ ਕਰ ਰਿਹਾ ਹੈ। ਉੱਤਰਾਖੰਡ ਦੇ ਜੋਸ਼ੀ ਮੱਠ, ਹਿਮਾਚਲ ਦੇ ਧਰਮਸ਼ਾਲਾ ਵਿੱਚ ਬਣੇ ਮਕਾਨਾਂ ਵਿੱਚ ਤਰੇੜਾਂ ਆਉਣ ਦੀਆਂ ਖਬਰਾਂ ਅਸੀਂ ਆਮ ਪੜ੍ਹੀਆਂ ਸਨ। ਕੁਝ ਮਹੀਨੇ ਪਹਿਲਾਂ ਆਏ ਹੜ੍ਹਾਂ ਨੇ ਹਿਮਾਚਲ ਵਿੱਚ ਜੋ ਤਬਾਹੀ ਮਚਾਈ ਹੈ, ਉਹ ਦਿਲ ਕੰਬਾਉਣ ਵਾਲੀ ਸੀ। (Punjab)
ਇਨਸਾਨ ਨੇ ਉਸ ਤੋਂ ਵੀ ਸਬਕ ਨਹੀਂ ਲਿਆ। ਪਹਾੜਾਂ ਨੂੰ ਕੱਟ ਕੇ ਵੱਡੇ-ਵੱਡੇ ਹੋਟਲ ਬਣਾ ਦਿੱਤੇ ਗਏ। ਨਦੀਆਂ, ਨਾਲਿਆਂ ਨੂੰ ਤੰਗ ਕਰ ਦਿੱਤਾ ਗਿਆ ਪਾਣੀ ਦੀ ਨਿਕਾਸੀ ਰੁਕ ਗਈ ਕੁਦਰਤ ਇਨਸਾਨ ਨੂੰ ਵਾਰ-ਵਾਰ ਇਸ਼ਾਰੇ ਕਰ ਰਹੀ ਹੈ। ਪਰ ਇਨਸਾਨ ਨਹੀਂ ਸੰਭਲ ਰਿਹਾ। ਪੈਸਾ, ਪ੍ਰਾਪਰਟੀ ਦੀ ਲਾਲਸਾ ਕਰਕੇ ਅੱਜ ਇਨਸਾਨ ਆਪਣੇ ਹੀ ਪਰਿਵਾਰਕ ਮੈਂਬਰਾਂ ਦਾ ਕਤਲ ਕਰਨ ’ਤੇ ਤੁਲ ਗਿਆ ਹੈ। ਹਾਲ ਹੀ ਵਿੱਚ ਖਰੜ ਵਿਖੇ ਇੱਕ ਭਰਾ ਨੇ ਆਪਣੇ ਹੀ ਸਕੇ ਭਰਾ, ਭਰਜਾਈ ਤੇ ਭਤੀਜੇ ਦਾ ਕਤਲ ਕਰਕੇ ਲਾਸ਼ਾਂ ਨੂੰ ਨਹਿਰ ਵਿੱਚ ਸੁੱਟ ਦਿੱਤਾ। ਇਨਸਾਨੀਅਤ ਖਤਮ ਹੋ ਚੁੱਕੀ ਹੈ। ਪੈਸੇ ਦੀ ਇੰਨੀ ਹੋੜ ਲੱਗੀ ਹੋਈ ਹੈ ਕਿ ਆਪਣੇ ਹੀ ਖੂਨ ਦੇ ਰਿਸ਼ਤਿਆਂ ਨੂੰ ਖਤਮ ਕਰ ਰਹੇ ਹਾਂ। ਸਮਾਜ ਦੀ ਕਿੰਨੀ ਬੁਰੀ ਹਾਲਤ ਹੁੰਦੀ ਜਾ ਰਹੀ ਹੈ। (Punjab)
ਇਹ ਵੀ ਪੜ੍ਹੋ : ਕੈਨੇਡਾ ਨਾਲ ਸੁਖਾਵੇਂ ਮਾਹੌਲ ਦੇ ਆਸਾਰ
ਦਿਨ-ਪ੍ਰਤੀਦਿਨ ਬਜ਼ੁਰਗਾਂ ਦਾ ਆਦਰ-ਸਤਿਕਾਰ ਘਟ ਰਿਹਾ ਹੈ। ਬਜੁਰਗਾਂ ਨੂੰ ਘਰ ਵਿੱਚ ਰਹਿਣ ਲਈ ਜਗ੍ਹਾ ਤੱਕ ਨਹੀਂ ਹੈ। ਜਿਹੜੇ ਬਜੁਰਗ ਪੈਨਸ਼ਨ ਲੈਂਦੇ ਹਨ ਉਨ੍ਹਾਂ ਦੀ ਔਲਾਦ ਉਨ੍ਹਾਂ ਤੋਂ ਪੈਨਸ਼ਨ ਦੇ ਸਾਰੇ ਪੈਸੇ ਲੈ ਕੇ ਵੀ ਉਨ੍ਹਾਂ ਨੂੰ ਇੱਜਤ-ਮਾਣ ਨਾਲ ਰੋਟੀ ਨਹੀਂ ਦਿੰਦੀ ਹੈ। ਵਿਚਾਰਨ ਵਾਲੀ ਗੱਲ ਹੈ ਕਿ ਜਿਹੜੇ ਬਜ਼ੁਰਗ ਪੈਨਸ਼ਨ ਨਹੀਂ ਲੈਂਦੇ ਉਨ੍ਹਾਂ ਦਾ ਕੀ ਹਾਲ ਹੁੰਦਾ ਹੋਣਾ। ਅਜਿਹੀਆਂ ਖਬਰਾਂ ਅਸੀਂ ਆਮ ਸੁਣਦੇ ਹਾਂ ਕਿ ਬਜ਼ੁਰਗਾਂ ਨੂੰ ਉਸਦੀ ਔਲਾਦ ਨੇ ਘਰੋਂ ਧੱਕੇ ਮਾਰ ਕੇ ਕੱਢ ਦਿੱਤਾ। ਖਬਰ ਪੜ੍ਹੀ ਸੀ ਕਿ ਇੱਕ ਬਜੁਰਗ ਦੇ ਬੱਚੇ ਆਈਏਐਸ ਹਨ। ਜੋ ਆਪਣੇ ਮਾਂ-ਬਾਪ ਨੂੰ ਬਿਲਕੁਲ ਵੀ ਨਹੀਂ ਪੁੱਛਦੇ ਹਨ। ਬਜੁਰਗ ਨੇ ਦੱਸਿਆ ਕਿ ਮੈਂ ਦਿਹਾੜੀ ਕਰਕੇ ਬੱਚਿਆਂ ਨੂੰ ਲਾਇਕ ਬਣਾਇਆ। ਅੱਜ ਬਜੁਰਗ ਦੋ ਸਮੇਂ ਦੀ ਰੋਟੀ ਲਈ ਮੁਥਾਜ ਹੋ ਗਏ ਹਨ। ਸਮਾਜ ਕਿੱਧਰ ਨੂੰ ਜਾ ਰਿਹਾ ਹੈ। ਬਜੁਰਗ ਸਾਡੇ ਸਮਾਜ ਦਾ ਸਰਮਾਇਆ ਹੁੰਦੇ ਹਨ। ਬਜੁਰਗ ਘਰ ਦਾ ਜਿੰਦਰਾ ਹੁੰਦੇ ਹਨ। (Punjab)
ਅੱਜ ਪੰਜਾਬ ਵਿੱਚ ਨਸ਼ਿਆਂ ਦਾ ਛੇਵਾਂ ਦਰਿਆ ਵਗ ਰਿਹਾ ਹੈ। ਨਸ਼ਿਆਂ ਨੇ ਪੰਜਾਬ ਦੀ ਜਵਾਨੀ ਖਾ ਲਈ ਹੈ। ਹਰ ਰੋਜ ਸਰਹੱਦੀ ਖੇਤਰਾਂ ਤੋਂ ਬੀਐਸਐਫ ਵੱਲੋਂ ਕਰੋੜਾਂ ਦੀ ਹੈਰੋਇਨ ਫੜੀ ਜਾ ਰਹੀ ਹੈ। ਗੁਆਂਡੀ ਦੇਸ਼ ਪਾਕਿਸਤਾਨ ਰਾਹੀਂ ਡਰੋਨਾਂ ਨਾਲ ਨਸ਼ਿਆਂ ਦੀ ਸਪਲਾਈ ਕੀਤੀ ਜਾ ਰਹੀ ਹੈ। 15 ਤੋਂ 20 ਸਾਲ ਦੇ ਨੌਜਵਾਨ ਚਿੱਟੇ ਦੇ ਆਦੀ ਹੋ ਚੁੱਕੇ ਹਨ। ਸੱਤ ਤੋਂ 10 ਮੌਤਾਂ ਲਗਾਤਾਰ ਚਿੱਟੇ ਨਾਲ ਹੋ ਰਹੀਆਂ ਹਨ। ਹਾਲਾਂਕਿ ਸੂਬਾ ਸਰਕਾਰ ਰਾਹੀਂ ਤਲਾਸ਼ੀ ਅਭਿਆਨ ਵੀ ਚਲਾਇਆ ਗਿਆ। ਨਸ਼ਾ ਤਸਕਰਾਂ ਨੂੰ ਫੜਿਆ ਵੀ ਜਾ ਰਿਹਾ ਹੈ। ਡਰੱਗ ਮਨੀ ਵੀ ਬਰਾਮਦ ਕੀਤੀ ਜਾ ਰਹੀ ਹੈ। ਫਿਰ ਵੀ ਨਸ਼ਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਕੁੜੀਆਂ ਵੀ ਹੁਣ ਤਾਂ ਨਸ਼ੇ ਦੀਆਂ ਆਦੀ ਹੋ ਚੁੱਕੀਆਂ ਹਨ। ਮਾਂ-ਬਾਪ ਤੰਗ-ਪਰੇਸ਼ਾਨ ਹੋ ਕੇ ਆਪਣੇ ਬੱਚਿਆਂ ਦੇ ਇਲਾਜ ਲਈ ਨਸ਼ਾ ਮੁਕਤੀ ਕੇਂਦਰਾਂ ਵਿੱਚ ਭੇਜਦੇ ਹਨ। ਕਈ ਨਸ਼ੇੜੀ ਨੌਜਵਾਨਾਂ ਨੇ ਤਾਂ ਆਪਣੇ ਘਰ ਦੇ ਭਾਂਡੇ ਤੱਕ ਵੀ ਨਹੀਂ ਛੱਡੇ। (Punjab)
ਇਹ ਵੀ ਪੜ੍ਹੋ : ਸਾਰਸ ਮੇਲਾ: ਪਹਿਲੇ ਦਿਨ 10 ਹਜ਼ਾਰ ਤੋਂ ਵੱਧ ਲੋਕਾਂ ਨੇ ਕੀਤੀ ਸ਼ਿਰਕਤ
ਮਾਵਾਂ ਵਿਲਕਦੀਆਂ ਹੋਈਆਂ ਦੱਸਦੀਆਂ ਹਨ ਕਿ ਜਮੀਨਾਂ, ਟਰੈਕਟਰ, ਇੱਥੋਂ ਤੱਕ ਕਿ ਦੁਧਾਰੂ ਪਸ਼ੂ ਵੀ ਇਨ੍ਹਾਂ ਨੇ ਵੇਚ ਦਿੱਤੇ ਹਨ। ਅੱਜ ਪੰਜਾਬ ਵਿੱਚ ਕਾਲਾ ਪੀਲੀਆ ਤੇ ਕੈਂਸਰ ਵਰਗੀਆਂ ਨਾਮੁਰਾਦ ਬਿਮਾਰੀਆਂ ਦਾ ਲੱਖਾਂ ਲੋਕ ਸ਼ਿਕਾਰ ਹੋ ਗਏ ਹਨ। ਮਾਲਵਾ ਖੇਤਰ ਲਗਾਤਾਰ ਕੈਂਸਰ ਨਾਲ ਪ੍ਰਭਾਵਿਤ ਹੈ। ਖਬਰ ਪੜ੍ਹੀ ਸੀ ਕਿ ਦੁਧਾਰੂ ਪਸ਼ੂ ਵੀ ਇਸ ਨਾਮੁਰਾਦ ਬਿਮਾਰੀ ਤੋਂ ਪ੍ਰਭਾਵਿਤ ਹੋ ਰਹੇ ਹਨ। ਮਿਲਾਵਟ ਦਾ ਧੰਦਾ ਜ਼ੋਰਾਂ ’ਤੇ ਹੈ। ਆਜਾਦੀ ਦੇ ਇੰਨੇ ਵਰ੍ਹੇ ਬੀਤ ਜਾਣ ਤੋਂ ਬਾਅਦ ਵੀ ਮਿਲਾਵਟ ਖਤਮ ਨਹੀਂ ਹੋਈ ਹੈ। ਤਿਉਹਾਰਾਂ ਦੇ ਸੀਜਨ ਵਿੱਚ ਇਹ ਧੰਦਾ ਪੂਰੇ ਜ਼ੋਰਾਂ-ਸ਼ੋਰਾਂ ’ਤੇ ਚੱਲਦਾ ਹੈ। ਪੰਜਾਬ ਖਾਲੀ ਹੋ ਰਿਹਾ ਹੈ। (Punjab)
ਹਰ ਰੋਜ ਜਹਾਜ਼ ਭਰ-ਭਰ ਕੇ ਨੌਜਵਾਨਾਂ ਨਾਲ ਵਿਦੇਸ਼ਾਂ ਵੱਲ ਨੂੰ ਜਾ ਰਹੇ ਹਨ। ਅੱਜ ਨਸ਼ਿਆਂ ਦੇ ਡਰੋਂ ਮਾਂ-ਬਾਪ ਆਪਣੇ ਬੱਚਿਆਂ ਨੂੰ ਬਾਰ੍ਹਵੀਂ ਪੂਰੀ ਹੋਣ ਤੋਂ ਬਾਅਦ ਹੀ ਵਿਦੇਸ਼ਾਂ ਨੂੰ ਭੇਜ ਦਿੰਦੇ ਹਨ। ਕਰਜਈ ਹੋ ਕੇ ਜਮੀਨ ਗਹਿਣੇ ਰੱਖ ਕੇ ਬੱਚਿਆਂ ਦੇ ਵਧੀਆ ਭਵਿੱਖ ਲਈ ਉਨ੍ਹਾਂ ਨੂੰ ਵਧੀਆ ਦੇਸਾਂ ਵੱਲ ਭੇਜ ਰਹੇ ਹਨ। ਪਿੱਛੋਂ ਆਪ ਕਰਜੇ ਦੀਆਂ ਕਿਸ਼ਤਾਂ ਲਾਉਂਦੇ ਰਹਿੰਦੇ ਹਨ। ਅੱਜ ਹਰ ਇਨਸਾਨ ਵਿਦੇਸ਼ ਵੱਲ ਭੱਜ ਰਿਹਾ ਹੈ। ਜਿਨ੍ਹਾਂ ਦੇ ਪੰਜਾਬ ਵਿੱਚ ਵਧੀਆ ਕਾਰੋਬਾਰ ਹਨ, ਪੈਸੇ ਵੱਲੋਂ ਚੰਗੇ ਹਨ, ਉਹ ਵੀ ਜਲਦੀ ਤੋਂ ਜਲਦੀ ਇੱਥੋਂ ਨਿਕਲਣ ਦੀ ਸੋਚ ਰਹੇ ਹਨ। ਔਰਤਾਂ ਵੀ ਸੁਰੱਖਿਅਤ ਨਹੀਂ ਹਨ। ਜਬਰ-ਜਨਾਹ ਦੀਆਂ ਵਾਰਦਾਤਾਂ ਵਿੱਚ ਵਾਧਾ ਹੋ ਰਿਹਾ ਹੈ। (Punjab)
ਇਹ ਵੀ ਪੜ੍ਹੋ : ਪ੍ਰਾਈਵੇਟ ਫਰਮਾਂ ਤੋਂ ਲਿਆਂਦੇ ਬੀਜਾਂ ਨੇ ਠੱਗੇ ਕਿਸਾਨ, ਪਰਾਲੀ ਬਣ ਕੇ ਰਹਿ ਗਿਆ ਝੋਨਾ
ਕਿਸਾਨਾਂ ਸਿਰ ਕਰਜੇ ਦੀ ਪੰਡ ਭਾਰੀ ਹੋ ਚੁੱਕੀ ਹੈ। ਵਧੀਆ ਉਦੋਯਗ ਨੀਤੀ ਸਰਕਾਰ ਨੂੰ ਕੇਂਦਰ ਸਰਕਾਰ ਨਾਲ ਮਿਲ ਕੇ ਉਲੀਕਣੀ ਚਾਹੀਦੀ ਹੈ ਤਾਂ ਜੋ ਨੌਜਵਾਨਾਂ ਨੂੰ ਇੱਥੇ ਹੀ ਰੁਜਗਾਰ ਮਿਲ ਸਕੇ। ਪੰਜ ਦਰਿਆਵਾਂ ਦੀ ਧਰਤੀ ਕਹਾਉਣ ਵਾਲਾ ਪੰਜਾਬ ਹੁਣ ਪਹਿਲਾਂ ਵਰਗਾ ਨਹੀਂ ਰਿਹਾ ਹੈ। ਫਸਲਾਂ ਦੀ ਵੱਧ ਪੈਦਾਵਾਰ ਲਈ ਤਰ੍ਹਾਂ-ਤਰ੍ਹਾਂ ਦੇ ਕੀਟਨਾਸ਼ਕਾਂ ਦੀ ਵਰਤੋਂ ਧੜੱਲੇ ਨਾਲ ਹੋ ਰਹੀ ਹੈ। ਵਾਤਾਵਰਣ ਵਿੱਚ ਪ੍ਰਦੂਸਣ ਵੱਧ ਚੁੱਕਾ ਹੈ। ਸਰਕਾਰ ਕਹਿ ਤਾਂ ਰਹੀ ਹੈ ਕਿ ਅਸੀਂ ਜਲਦੀ ਹੀ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ। ਇਹ ਹੁਣ ਆਉਣ ਵਾਲਾ ਵੇਲਾ ਹੀ ਦੱਸੇਗਾ।