ਪਿੰਡ ਸੁਖਪੁਰਾ ਤੇ ਢਿੱਲਵਾਂ ਦੇ ਵੱਖ-ਵੱਖ ਕਿਸਾਨਾਂ ਦੀ ਕਣਕ ਹੋਈ ਸੜ ਕੇ ਸੁਆਹ
ਟਿਰੈਕਟਰ ਦੀ ਸੈਲਫ਼ ਦੀ ਚੰਗਿਆੜੀ ਕਾਰਨ ਵਾਪਰੀ ਘਟਨਾ
ਬਰਨਾਲਾ (ਜੀਵਨ ਰਾਮਗੜ੍ਹ) । ਜ਼ਿਲ੍ਹੇ ਦੇ ਪਿੰਡ ਸੁਖਪੁਰਾ ਅਤੇ ਢਿੱਲਵਾਂ ਦੇ ਖੇਤਾਂ ‘ਚ ਵੱਖ-ਵੱਖ ਕਿਸਾਨਾਂ ਦੀ ਕਟਾਈ ਲਈ ਤਿਆਰ ਖੜ੍ਹੀ ਕਰੀਬ 100 ਏਕੜ ਕਣਕ ਅਤੇ ਟਾਂਗਰ ਸੜ ਕੇ ਸੁਆਹ ਗਿਆ ਇਸ ਵਿੱਚ ਪਿੰਡ ਸੁਖਪੁਰਾ ਦੇ ਵੱਖ-ਵੱਖ ਕਿਸਾਨਾਂ ਦੀ 36 ਏਕੜ ਕਣਕ ਅਤੇ 8 ਏਕੜ ਟਾਂਗਰ ਅਤੇ ਢਿੱਲਵਾਂ ਪਿੰਡ ਦੀ 55 ਏਕੜ ਕਣਕ ਦੀ ਫਸਲ ਸ਼ਾਮਲ ਹੈ ਘਟਨਾ ਦਾ ਕਾਰਨ ਟਰੈਕਟਰ ਦੀ ਸੈਲਫ਼ ‘ਚੋਂ ਸਪਾਰਕ ਕਾਰਨ ਨਿੱਕਲੀ ਚੰਗਿਆੜੀ ਨੂੰ ਮੰਨਿਆ ਜਾ ਰਿਹਾ ਹੈ। ਖੇਤ ‘ਚ ਖੜ੍ਹੀ ਇੱਕ ਟਰਾਲੀ ਵੀ ਅੱਗ ਦੀ ਭੇਂਟ ਚੜ੍ਹ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਢਿੱਲਵਾਂ ਅਤੇ ਸੁਖਪੁਰਾ ਦੇ ਵੱਖ ਵੱਖ ਕਿਸਾਨਾਂ ਦੀ ਖੇਤਾਂ ‘ਚ ਕਟਾਈ ਲਈ ਤਿਆਰ ਖੜ੍ਹੀ ਕਣਕ ਦੀ ਫ਼ਸਲ ਉਸ ਵੇਲੇ ਸੜ ਕੇ ਰਾਖ਼ ਹੋ ਗਈ ਜਦ ਖੇਤ ਵਿੱਚ ਕੰਮ ਕਰਦੇ ਇੱਕ ਟਰੈਕਟਰ ਦੀ ਸੈਲਫ ‘ਚੋਂ ਸਪਾਰਕ ਹੋਣ ਕਾਰਨ ਇੱਕ ਅੱਗ ਦੀ ਚੰਗਿਆੜੀ ਕਣਕ ਦੀ ਫ਼ਸਲ ‘ਤੇ ਡਿੱਗ ਪਈ। ਦੇਖਦੇ ਹੀ ਦੇਖਦੇ ਅੱਗ ਨੇ ਵਿਕਰਾਲ ਰੂਪ ਧਾਰਨ ਕਰ ਲਿਆ ਅਤੇ ਆਸ ਪਾਸ ਦੇ ਪਿੰਡਾਂ ‘ਚ ਅਨਾਊਂਸਮੈਂਟਾਂ ਸੁਣ ਕੇ ਹਜ਼ਾਰਾਂ ਦੀ ਗਿਣਤੀ ‘ਚ ਲੋਕ ਇਕੱਤਰ ਹੋ ਗਏ। ਭਾਰੀ ਮੁਸ਼ੱਕਤ ਨਾਲ ਲੋਕਾਂ ਨੇ ਦਰੱਖਤਾਂ ਦੀਆਂ ਟਾਹਣੀਆਂ, ਪਾਣੀ ਅਤੇ ਅੱਗ ਦੇ ਖੇਤਰ ਤੋਂ ਹਟ ਕੇ ਟਰੈਕਟਰਾਂ ਨਾਲ ਹਲ਼ ਵਾਹ ਕੇ ਅੱਗ ‘ਤੇ ਕਾਬੂ ਪਾਇਆ। ਥਾਣਾ ਸਹਿਣਾ ਅਤੇ ਥਾਣਾ ਤਪਾ ਦੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪਿੰਡ ਸੁਖਪੁਰਾ ਦੇ ਵੱਖ-ਵੱਖ ਕਿਸਾਨਾਂ ਦੀ 36 ਏਕੜ ਕਣਕ ਅਤੇ 8 ਏਕੜ ਟਾਂਗਰ ਅਤੇ ਢਿੱਲਵਾਂ ਪਿੰਡ ਦੇ ਵੱਖ-ਵੱਖ ਕਿਸਾਨਾਂ ਦੀ 55 ਏਕੜ ਕਣਕ ਸੜ ਗਈ ਉਨ੍ਹਾਂ ਦੱਸਿਆ ਕਿ ਉਕਤ ਘਟਨਾ ਟਰੈਕਟਰ ‘ਚੋਂ ਚੰਗਿਆੜੀ ਨਿੱਕਲਣ ਕਾਰਨ ਵਾਪਰੀ ਹੈ ਲੋਕਾਂ ਨੇ ਸਰਕਾਰ ਪਾਸੋਂ ਪੀੜਤ ਕਿਸਾਨਾਂ ਲਈ ਯੋਗ ਮੁਆਵਜ਼ੇ ਦੀ ਮੰਗ ਵੀ ਕੀਤੀ।
ਅੱਗ ਬੁਝਾਉਣ ਉਪਰੰਤ ਪੁੱਜੀ ਫਾਇਰ ਬ੍ਰਿਗੇਡ
ਇਸ ਮੌਕੇ ਹਾਜ਼ਰ ਕਿਸਾਨਾਂ ਨੇ ਫਾਇਰ ਬ੍ਰਿਗੇਡ ਤੇ ਪ੍ਰਸਾਸ਼ਨ ਖਿਲਾਫ਼ ਰੋਸ ਜ਼ਾਹਰ ਕਰਦਿਆਂ ਦੱਸਿਆ ਕਿ ਫਾਇਰ ਬ੍ਰਿਗੇਡ ਦੀ ਗੱਡੀ ਸੂਚਨਾਂ ਦੇਣ ਦੇ ਬਾਵਜ਼ੂਦ ਬਹੁਤ ਲੇਟ ਪੁੱਜੀ। ਕਿਸਾਨਾਂ ਦੱਸਿਆ ਕਿ ਜਦੋਂ ਤੱਕ ਫਾਇਰ ਬ੍ਰਿਗੇਡ ਦੀ ਗੱਡੀ ਘਟਨਾ ਸਥਾਨ ‘ਤੇ ਪੁੱਜੀ ਉਸ ਸਮੇਂ ਤੱਕ ਕਿਸਾਨਾਂ ਨੇ ਅੱਗ ‘ਤੇ ਲੱਗਭਗ ਕਾਬੂ ਪਾ ਲਿਆ ਸੀ। ਜਦ ਗੱਡੀ ਘਟਨਾ ਸਥਾਨ ‘ਤੇ ਪੁੱਜੀ ਤਾਂ ਉਥੇ ਆ ਕੇ ਗੱਡੀ ‘ਚ ਖਰਾਬੀ ਵੀ ਆ ਗਈ। ਫਾਇਰਮੈਨਾਂ ਨੂੰ ਕਿਸਾਨਾਂ ਦੇ ਗੁੱਸੇ ਦਾ ਸ਼ਿਕਾਰ ਵੀ ਹੋਣਾਂ ਪਿਆ। ਅਖ਼ੀਰ ਕਿਸਾਨਾਂ ਨੇ ਟਰੈਕਟਰ ਨਾਲ ਟੋਚਨ ਪਾ ਕੇ ਗੱਡੀ ਨੂੰ ਸਟਾਰਟ ਕੀਤਾ ਅਤੇ ਵਾਪਸ ਭੇਜਿਆ। ਫਾਇਰਮੈਨ ਸੁਰਿੰਦਰ ਸਿੰਘ ਨੇ ਕਿਹਾ ਕਿ ਖੇਤਾਂ ਦੇ ਰਸਤੇ (ਪਹੀਆਂ) ਤੰਗ ਹੋਣ ਕਾਰਨ ਉਹ ਲੇਟ ਪੁੱਜੇ ਹਨ ਅਤੇ ਵਾਰ ਵਾਰ ਰੁਕਾਵਟਾਂ ਹੋਣ ਕਾਰਨ ਹੀ ਉਨਾਂ ਦੀ ਗੱਡੀ ਨੁਕਸਾਨੀ ਵੀ ਗਈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube ‘ਤੇ ਫਾਲੋ ਕਰੋ।