ਟਰੱਕ ਅਪਰੇਟਰਾਂ ਮੋਤੀ ਮਹਿਲ ਦੇ ਬਾਹਰ ਦਿੱਤਾ ਸੰਕੇਤਕ ਧਰਨਾ
ਇੱਕ ਕਾਂਗਰਸੀ ਆਗੂ ‘ਤੇ ਦਖਲ ਅੰਦਾਜੀ ਦੇ ਲਾਏ ਗਏ ਸਨ ਦੋਸ਼
ਪਟਿਆਲਾ (ਖੁਸ਼ਵੀਰ ਸਿੰਘ ਤੂਰ) । ਦੇਵੀਗੜ੍ਹ ਟਰੱਕ ਯੂਨੀਅਨ ਦੀ ਪ੍ਰਧਾਨਗੀ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਚੱਲ ਰਿਹਾ ਰੇੜਕਾ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੋਤੀ ਮਹਿਲ ਦੀ ਦਖਲ ਅੰਦਾਜੀ ਤੋਂ ਬਾਅਦ ਹੱਲ ਹੋ ਗਿਆ। ਇਸ ਦੌਰਾਨ ਭਾਵੇਂ ਟਰੱਕ ਯੂਨੀਅਨ ਦਾ ਇੱਕ ਵਫਦ ਮੋਤੀ ਮਹਿਲ ਅੰਦਰ ਮੀਟਿੰਗ ਲਈ ਗਿਆ ਜਦਕਿ ਬਾਕੀ ਲੋਕਾਂ ਨੇ ਮਹਿਲ ਦੇ ਬਾਹਰ ਸੰਕੇਤਕ ਤੌਰ ‘ਤੇ ਆਪਣਾ ਪ੍ਰਦਰਸ਼ਨ ਵੀ ਕੀਤਾ।
ਜਾਣਕਾਰੀ ਅਨੁਸਾਰ ਅੱਜ ਸਵੇਰੇ ਦੇਵੀਗੜ੍ਹ ਟਰੱਕ ਯੂਨੀਅਨ ਦੇ ਪ੍ਰਧਾਨ ਗੁਰਬਚਨ ਸਿੰਘ ਵਿਰਕ ਦੀ ਅਗਵਾਈ ਵਿੱਚ ਵੱਡੀ ਗਿਣਤੀ ਟਰੱਕ ਅਪਰੇਟਰ ਮੋਤੀ ਮਹਿਲ ਵਿਖੇ ਸਾਬਕਾ ਕੇਂਦਰੀ ਮੰਤਰੀ ਪ੍ਰਨੀਤ ਕੌਰ ਨੂੰ ਮਿਲਣ ਲਈ ਪੁੱਜੇ। ਮੋਤੀ ਪੈਲੇਸ ਵਿੱਚ ਪ੍ਰਨੀਤ ਕੌਰ ਨਾ ਹੋਣ ਕਾਰਨ ਉਨ੍ਹਾਂ ਦੀ ਮੀਟਿੰਗ ਮੁੱਖ ਮੰਤਰੀ ਦੇ ਓਐਸਡੀ ਹਨੀ ਸੇਖੋਂ ਨਾਲ ਹੋÂਂੀ ।
ਇਸ ਮੌਕੇ ਪ੍ਰਧਾਨ ਗੁਰਬਚਨ ਸਿੰਘ ਨੇ ਦੇਵੀਗੜ੍ਹ ਦੇ ਇੱਕ ਕਾਂਗਰਸੀ ਆਗੂ ‘ਤੇ ਦੋਸ਼ ਲਾਇਆ ਕਿ ਉਸ ਵੱਲੋਂ ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿੱਚ ਬੇਲੋੜੀ ਦਖਲਅੰਦਾਜ਼ੀ ਕੀਤੀ ਜਾ ਰਹੀ ਹੈ। ਉਸ ਵੱਲੋਂ ਜਬਰਦਰਸਤੀ ਕਿਸੇ ਹੋਰ ਨੂੰ ਪ੍ਰਧਾਨ ਬਣਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਕੋਲ ਯੂਨੀਅਨ ਵਿਚ ਗੱਡੀਆਂ ਹੀ ਨਹੀਂ ਹਨ ਉਹ ਯੂਨੀਅਨ ਦੇ ਅਹੁਦੇਦਾਰ ਕਿਸ ਤਰ੍ਹਾਂ ਬਣ ਸਕਦੇ ਹਨ। ਮਹਿਲ ਅੰਦਰ ਸਿਰਫ਼ ਸੱਤ ਮੈਂਬਰੀ ਵਫਦ ਹੀ ਗੱਲਬਾਤ ਲਈ ਪੁੱਜਿਆ ਜਦਕਿ ਵੱਡੀ ਗਿਣਤੀ ਟਰੱਕ ਅਪਰੇਟਰਾਂ ਵੱਲੋਂ ਮਹਿਲ ਦੇ ਬਾਹਰ ਆਪਣਾ ਰੋਸ ਪ੍ਰਦਰਸ਼ਨ ਵੀ ਕੀਤਾ ਜੋ ਮੁੱਖ ਮੰਤਰੀ ਬਣਨ ਤੋਂ ਬਾਅਦ ਮਹਿਲਾਂ ਅੱਗੇ ਅਜਿਹਾ ਪਹਿਲਾ ਪ੍ਰਦਰਸ਼ਨ ਸੀ।
ਇਸ ਮੌਕੇ ਹਨੀ ਸੇਖੋਂ ਨੇ ਭਰੋਸਾ ਦਿਵਾਇਆ ਕਿ ਸ਼ਾਮ ਤੱਕ ਉਨ੍ਹਾਂ ਦਾ ਮਸਲਾ ਹੱਲ ਹੋ ਜਾਵੇਗਾ। ਯੂਨੀਅਨ ਨੁਮਾਇੰਦਿਆਂ ਨੇ ਕਿਹਾ ਕਿ ਜੇਕਰ ਸ਼ਾਮ ਤੱਕ ਇਹ ਮਸਲਾ ਹੱਲ ਨਾ ਹੋਇਆ ਤਾਂ ਉਹ ਆਪਣਾ ਪ੍ਰਦਰਸ਼ਨ ਕਰਨਗੇ। ਪਤਾ ਲੱਗਾ ਹੈ ਕਿ ਦੇਰ ਸ਼ਾਮ ਮੋਤੀ ਮਹਿਲਾ ਦੀ ਦਖਲ ਅੰਦਾਜੀ ਤੋਂ ਬਾਅਦ ਦੇਵੀਗੜ੍ਹ ਟਰੱਕ ਯੂਨੀਅਨ ਦਾ ਪ੍ਰਧਾਨ ਕਈ ਸਾਲਾਂ ਤੋਂ ਪ੍ਰਧਾਨ ਚਲੇ ਆ ਰਹੇ ਗੁਰਬਚਨ ਸਿੰਘ ਦੀ ਸਹਿਮਤੀ ਨਾਲ ਸਵਰਨ ਸਿੰਘ ਨੂੰ ਬਣਾ ਦਿੱਤਾ ਗਿਆ। ਜਿਸ ਤੋਂ ਬਾਅਦ ਇਹ ਮਸਲਾ ਸ਼ਾਂਤ ਹੋਇਆ। ਸਵਰਨ ਸਿੰਘ ਨੂੰ ਪ੍ਰਧਾਨ ਬਣਾਏ ਜਾਣ ਦੀ ਪੁਸ਼ਟੀ ਰਾਜਵਿੰਦਰ ਸਿੰਘ ਢਿੱਲੋਂ ਨੇ ਕੀਤੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube ‘ਤੇ ਫਾਲੋ ਕਰੋ।