ਮਾਮਲਾ ਦਰਜ਼ ਹੋਣ ਤੋਂ ਬਾਅਦ ਕੁਲਬੀਰ ਜੀਰਾ ਨੇ ਦਿੱਤੀ ਪ੍ਰਤੀਕਿਰਿਆ, ਪੜ੍ਹੋ ਕੀ ਕਿਹਾ…

Kulbir Zira

ਮੰਗਲਵਾਰ ਨੂੰ ਦੇਣਗੇ ਗ੍ਰਿਫ਼ਤਾਰੀ, ਜੀਰਾ ਦੇ ਵਿਧਾਇਕ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਕਾਰਨਾਮੇ ਕਰਾਂਗਾ ਜਨਤਕ | Kulbir Zira

ਜ਼ੀਰਾ (ਸੱਤਪਾਲ ਥਿੰਦ)। ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ (Kulbir Zira) ਨੇ ਬਲਾਕ ਜ਼ੀਰਾ ਦੇ ਬੀਡੀਪੀਓ ਦਫਤਰ ‘ਚ ਧਰਨਾ ਲਗਾਉਣ ਦੇ ਮਾਮਲੇ ‘ਚ ਜ਼ੀਰਾ ਦੀ ਪੁਲਿਸ ਵੱਲੋਂ ਮਾਮਲਾ ਦਰਜ ਕੀਤੇ ਜਾਣ ‘ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਸਾਬਕਾ ਵਿਧਾਇਕ ਤੇ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਕੁਲਬੀਰ ਸਿੰਘ ਜ਼ੀਰਾ ਨੇ ਕਿਹਾ ਕਿ ਮੈਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਪੁਲਿਸ ਪ੍ਰਸ਼ਾਸਨ ਦਾ ਸਵਾਗਤ ਕਰਦਾ ਹਾਂ ਜਿਨਾਂ ਨੇ ਲੋਕਾਂ ਦੀ ਆਵਾਜ਼ ਬੁਲੰਦ ਕਰਨ ‘ਤੇ ਮੇਰੇ ਖਿਲਾਫ ਮਾਮਲਾ ਦਰਜ ਕੀਤਾ ਹੈ।

ਉਹਨਾਂ ਕਾਂਗਰਸ ਪਾਰਟੀ ਦੀ ਸਰਕਾਰ ਵੇਲੇ ਦਾ ਉਹ ਸੀਨ ਦੁਹਰਾਇਆ ਜਦੋਂ ਉਹਨਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੁੰਦਿਆਂ ਨਸ਼ੇ ਦੇ ਮੁੱਦੇ ਨੂੰ ਲੈ ਕੇ ਆਪਣੀ ਸਰਕਾਰ ਦੇ ਖਿਲਾਫ ਹੀ ਆਵਾਜ਼ ਬੁਲੰਦ ਕੀਤੀ ਸੀ ਅਤੇ ਉਸ ਵੇਲੇ ਕੁਲਬੀਰ ਸਿੰਘ ਜ਼ੀਰਾ ਖਿਲਾਫ ਕਾਂਗਰਸ ਪਾਰਟੀ ਦੀ ਸਰਕਾਰ ਵੱਲੋਂ ਕਈ ਤਰ੍ਹਾਂ ਦੇ ਵਿੰਗੇ ਟੇਢੇ ਢੰਗ ਦੇ ਨਾਲ ਐਕਸ਼ਨ ਲਏ ਗਏ ਸਨ ਪ੍ਰੰਤੂ ਕੁਲਬੀਰ ਸਿੰਘ ਜੀਰਾ ਨੇ ਕਾਂਗਰਸ ਪਾਰਟੀ ਦੀ ਸਰਕਾਰ ਦੀ ਪ੍ਰਵਾਹ ਵੀ ਨਹੀਂ ਕੀਤੀ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜਿਹੜੇ ਮੇਰੇ ਅਤੇ ਨਾਲ ਦੇ ਸਾਥੀਆਂ ਤੇ ਮਾਮਲੇ ਦਰਜ ਕੀਤੇ ਹਨ ਉਹਨਾਂ ਦੀ ਵੀ ਕੋਈ ਪਰਵਾਹ ਨਹੀਂ ਕੀਤੀ ਜਾਵੇਗੀ।

ਕਾਂਗਰਸ ਪਾਰਟੀ ਭੁਲੇਖੇ ਦੂਰ ਕਰਕੇ ਰੱਖੇਗੀ | Kulbir Zira

ਉਨ੍ਹਾਂ ਆਖਿਆ ਕਿ ਉਹ ਆਵਾਜ਼ਾਂ ਕਦੇ ਦੱਬਦੀਆਂ ਨਹੀਂ ਹੁੰਦੀਆਂ ਜਿਨਾਂ ਦੇ ਕੋਲ ਵਿਸ਼ਵਾਸ਼ ਪਾਤਰਾਂ ਅਤੇ ਪਿਤਾ ਪੁਰਖੀ ਸੰਘਰਸ਼ਸ਼ੀਲ ਰਾਹਾਂ ਤੇ ਚੱਲਣ ਦਾ ਜਜ਼ਬਾ ਹੋਵੇ। ਉਹਨਾਂ ਆਖਿਆ ਕਿ ਹਲਕੇ ਦੇ ਵਿਧਾਇਕ ਨਰੇਸ਼ ਕਟਾਰੀਆ ਅਤੇ ਉਨ੍ਹਾਂ ਦੇ ਪੁੱਤਰ ਸ਼ੰਕਰ ਕਟਾਰੀਆ ਬਹੁਤ ਵੱਡੇ ਭੁਲੇਖੇ ‘ਚ ਹਨ ਕਿ ਅਸੀਂ ਜੋ ਕਹੀਏ ਉਹ ਹਲਕੇ ਵਿੱਚ ਹੋਵੇਗਾ ਪਰ ਉਹਨਾਂ ਦੇ ਭੁਲੇਖੇ ਕਾਂਗਰਸ ਪਾਰਟੀ ਦੂਰ ਕਰਕੇ ਰੱਖੇਗੀ।ਉਹਨਾਂ ਆਖਿਆ ਕਿ ਪਹਿਲਾਂ ਵੀ ਇਹਨਾਂ ਵੱਲੋਂ ਕਰਾਏ ਗਏ ਕਾਂਗਰਸ ਪਾਰਟੀ ਦੇ ਵਰਕਰਾਂ ਅਤੇ ਅਹੁਦੇਦਾਰਾਂ ‘ਤੇ ਦਰਜ ਮਾਮਲੇ ਰੱਦ ਕਰਵਾਏ ਹਨ ਅਤੇ ਹੁਣ ਵੀ ਕਿਸੇ ਕਾਂਗਰਸੀ ਵਰਕਰ ਜਾਂ ਆਗੂ ਸਾਹਿਬਾਨ ਨੂੰ ਆਂਚ ਨਹੀਂ ਆਉਣ ਦਿਆਂਗੇ। (Kulbir Zira)

ਕੁਲਬੀਰ ਸਿੰਘ ਜ਼ੀਰਾ ਨੇ ਸਪਸ਼ਟ ਕੀਤਾ ਕਿ ਸਰਪੰਚਾਂ ਦੇ ਹੱਕ ਦਿਵਾਉਣ ਲਈ ਬੀ.ਡੀ.ਓ ਦਫ਼ਤਰ ਜ਼ੀਰਾ ਵਿਖੇ ਲਾਏ ਗਏ ਧਰਨੇ ਕਰਕੇ ਮੇਰੇ’ਤੇ ਅਤੇ ਮੇਰੇ ਸਾਥੀਆਂ ‘ਤੇ ਜੋ ਮੁਕੱਦਮਾ ਨੰ:120/23 ਥਾਣਾ ਸਿਟੀ ਜ਼ੀਰਾ ਵਿਖੇ ਦਰਜ ਕੀਤਾ ਹੈ। ਮੈਂ ਬਦਲਾਵ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕਰਦਾਂ ਹਾਂ ਮਿਤੀ 17-10-2023 ਦਿਨ ਮੰਗਲਵਾਰ ਸੰਗਰਾਂਦ ਵਾਲੇ ਦਿਨ ਧੰਨ-ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਦਰ’ਤੇ ਨਤਮਸਤਕ ਹੋਣ ਤੋਂ ਬਾਅਦ ਫਿਰੋਜ਼ਪੁਰ ਵਿਖੇ ਦੁਪਹਿਰ 12 ਵਜੇ ਪ੍ਰੈੱਸ ਦੇ ਰੂਹ-ਬਰੂਹ ਹੋ ਕੇ 18 ਮਹੀਨਿਆਂ ਦੇ ਬਦਲਾਵ ਸਰਕਾਰ ਦੇ ਜ਼ੀਰਾ ਹਲਕੇ ਦੇ ਵਿਧਾਇਕ ਅਤੇ ਅਫ਼ਸਰਾ ਦੇ ਕੱਚੇ ਚਿੱਠੇ ਸਬੂਤਾ ਸਮੇਤ ਜਨਤਕ ਕਰਾਗਾਂ ਅਤੇ ਉਸ ਤੋਂ ਬਾਅਦ ਮੈਂ ਆਪਣੀ ਗ੍ਰਿਫ਼ਤਾਰੀ ਦਿਆਗਾਂ।

ਉਹਨਾਂ ਕਿਹਾ ਕਿ ਜਿਹੜੀ ਲੋਕਾਂ ਦੇ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਬੇਇਨਸਾਫੀ ਕੀਤੀ ਜਾ ਰਹੀ ਹੈ ਉਹ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਉਹਨਾਂ ਆਖਿਆ ਕਿ ਪਿੰਡ ਮਰਖਾਈ ਦੇ ਵਿੱਚੋਂ ਜਿਹੜੇ ਸਫੈਦੇ ਵੱਡੇ ਗਏ ਹਨ ਅਤੇ ਜਾਅਲੀ ਸਰਟੀਫਿਕੇਟ ਜਾਰੀ ਕਰਕੇ ਆਪਣੀ ਸ਼ੋਹਰਤ ਖੱਟਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ ਉਸ ਦੇ ਖਿਲਾਫ ਅਸੀਂ ਜੰਗ ਜਾਰੀ ਰੱਖਾਂਗੇ।

ਉਹਨਾਂ ਕਿਹਾ ਕਿ ਬੇਸ਼ੱਕ ਪ੍ਰਸ਼ਾਸਨ ਨੇ ਸਾਨੂੰ ਵਿਸ਼ਵਾਸ ਦਿੱਤਾ ਹੈ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਪਰ ਇਨਸਾਫ ਤੱਕ ਅਸੀਂ ਆਪਣੀ ਜੰਗ ਨੂੰ ਮੱਠਾ ਨਹੀਂ ਪੈਣ ਦਿਆਂਗੇ। ਕਾਂਗਰਸ ਪਾਰਟੀ ਦੇ ਸਮੁੱਚੇ ਵਰਕਰਾਂ ਅਹੁਦੇਦਾਰਾਂ ਅਤੇ ਪੰਚਾਂ ਸਰਪੰਚਾਂ ਦਾ ਧੰਨਵਾਦ ਕੀਤਾ ਜਿਨਾਂ ਨੇ ਬੇਖੌਫ ਹੋ ਕੇ ਧਰਨੇ ਦੇ ਵਿੱਚ ਦਿਨ ਰਾਤ ਸਾਡਾ ਸਾਥ ਦਿੱਤਾ ਹੈ ਉਹਨਾਂ ਵਿਸ਼ਵਾਸ਼ ਦਵਾਇਆ ਕਿ ਸਾਬਕਾ ਮੰਤਰੀ ਜਥੇਦਾਰ ਇੰਦਰਜੀਤ ਸਿੰਘ ਜੀਰਾ ਦਾ ਪਰਿਵਾਰ ਪਹਿਲਾਂ ਵੀ ਲੋਕਾਂ ਦੇ ਨਾਲ ਖੜਿਆ ਹੈ ਅਤੇ ਹੁਣ ਵੀ ਲੋਕਾਂ ਦੇ ਨਾਲ ਆਪਣੀ ਸਾਂਝ ਨੂੰ ਬਰਕਰਾਰ ਰੱਖਦਾ ਹੋਇਆ ਉਹਨਾਂ ਦੀ ਹਰ ਮੁਸ਼ਕਿਲ ਦੇ ਵਿੱਚ ਸਾਥ ਦੇਵੇਗਾ।