(ਸੁਖਜੀਤ ਮਾਨ) ਬਠਿੰਡਾ। ਪਲਾਟ ਖਰੀਦ ਮਾਮਲੇ ‘ਚ ਘਿਰੇ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ (Manpreet Badal) ਵੱਲੋਂ ਅਗਾਊਂ ਜਮਾਨਤ ਲਈ ਮੁੜ ਜ਼ਿਲ੍ਹਾ ਅਦਾਲਤ ਬਠਿੰਡਾ ‘ਚ ਅਰਜੀ ਲਗਾਈ ਹੈ। ਇਸ ਅਰਜੀ ਤੇ ਸੁਣਵਾਈ 4 ਅਕਤੂਬਰ ਨੂੰ ਹੋਵੇਗੀ। ਵੇਰਵਿਆਂ ਮੁਤਾਬਿਕ ਮਨਪ੍ਰੀਤ ਸਿੰਘ ਬਾਦਲ ਖਿਲਾਫ ਵਿਜੀਲੈਂਸ ਦਫਤਰ ਬਠਿੰਡਾ ਵਿਖ਼ੇ ਵਿੱਤ ਮੰਤਰੀ ਹੁੰਦਿਆਂ ਆਪਣੇ ਅਹੁਦੇ ਦੇ ਪ੍ਰਭਾਵ ਨਾਲ ਟੀਵੀ ਟਾਵਰ ਕੋਲ ਪਲਾਟ ਖਰੀਦਣ ਦੇ ਦੋਸ਼ ਲੱਗੇ ਹਨ । ਇਸ ਮਾਮਲੇ ਵਿੱਚ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਵੱਲੋਂ ਸ਼ਿਕਾਇਤ ਦਰਜ਼ ਕਰਵਾਈ ਗਈ ਸੀ, ਜਿਸਦੀ ਪੜਤਾਲ ਮਗਰੋਂ ਪਰਚਾ ਦਰਜ਼ ਕੀਤਾ ਗਿਆ ਹੈ।
ਮਨਪ੍ਰੀਤ ਬਾਦਲ ਵੱਲੋਂ ਇੱਕ ਅਰਜੀ ਪਰਚਾ ਦਰਜ਼ ਹੋਣ ਤੋਂ ਪਹਿਲਾਂ ਹੀ ਲਗਾ ਦਿੱਤੀ ਗਈ ਸੀ ਪਰ ਪਰਚਾ ਦਰਜ਼ ਹੋਣ ਕਰਕੇ ਵਾਪਿਸ ਲੈ ਲਈ ਸੀ। ਵਿਜੀਲੈਂਸ ਵੱਲੋਂ ਮਨਪ੍ਰੀਤ ਦੀ 24 ਸਤੰਬਰ ਨੂੰ ਪਰਚਾ ਦਰਜ਼ ਵਾਲੇ ਦਿਨ ਤੋਂ ਹੀ ਥਾਂ-ਥਾਂ ਰੇਡ ਕਰਕੇ ਭਾਲ ਕੀਤੀ ਜਾ ਰਹੀ ਹੈ ਪਰ ਉਹ ਹੱਥ ਨਹੀਂ ਆਏ। ਇਸੇ ਦੌਰਾਨ ਅੱਜ ਫਿਰ ਬਠਿੰਡਾ ਅਦਾਲਤ ਵਿੱਚ ਅਗਾਊਂ ਜਮਾਨਤ ਦੀ ਅਰਜੀ ਲਗਾਈ ਗਈ ਹੈ। ਮਨਪ੍ਰੀਤ ਬਾਦਲ ਦੇ ਐਡਵੋਕੇਟ ਸੁਖਦੀਪ ਸਿੰਘ ਭਿੰਡਰ ਨੇ ਕਿਹਾ ਕਿ ਅਗਾਊਂ ਜਮਾਨਤ ਲਈ ਅੱਜ ਮੁੜ ਅਰਜੀ ਲਗਾਈ ਗਈ ਹੈ, ਜਿਸ ‘ਤੇ 4 ਅਕਤੂਬਰ ਨੂੰ ਸੁਣਵਾਈ ਹੋਵੇਗੀ। (Manpreet Badal)
ਇਹ ਵੀ ਪੜ੍ਹੋ : ਨਸ਼ਿਆਂ ਖਿਲਾਫ਼ ਧਰਨੇ ’ਚ ਕਾਂਗਰਸੀਆਂ ਨੇ ਸਰਕਾਰ ਨੂੰ ਘੇਰਿਆ
ਦੱਸਣਯੋਗ ਹੈ ਕਿ ਇਸ ਕੇਸ ’ਚ ਮਨਪ੍ਰੀਤ ਬਾਦਲ ਤੋਂ ਇਲਾਵਾ ਰਾਜੀਵ ਗੋਇਲ, ਅਮਨਦੀਪ ਸਿੰਘ, ਬੀਡੀਏ ਦੇ ਤੱਤਕਾਲੀ ਪ੍ਰਸ਼ਾਸ਼ਨਿਕ ਅਧਿਕਾਰੀ ਬਿਕਰਮ ਸ਼ੇਰਗਿੱਲ, ਵਿਕਾਸ ਕੁਮਾਰ ਅਤੇ ਬੀਡੀਏ ਦੇ ਸੁਪਰਡੈਂਟ ਪ੍ਰਦੀਪ ਕਾਲੀਆ ਨੂੰ ਨਾਮਜ਼ਦ ਕੀਤਾ ਗਿਆ ਹੈ। ਇਨ੍ਹਾਂ ਮੁਲਜ਼ਮਾਂ ’ਚੋਂ ਵਿਜੀਲੈਂਸ ਨੇ ਤਿੰਨ ਜਣਿਆਂ ਰਾਜੀਵ ਕੁਮਾਰ,ਵਿਕਾਸ ਕੁਮਾਰ ਅਤੇ ਅਮਨਦੀਪ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ, ਜੋ ਪੁਲਿਸ ਰਿਮਾਂਡ ਤੇ ਹਨ। ਵਿਜੀਲੈਂਸ ਵੱਲੋਂ ਪੰਜਾਬ ਤੋਂ ਬਾਹਰ ਵੀ ਮਨਪ੍ਰੀਤ ਤੇ ਹੋਰਨਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਗ੍ਰਿਫਤਾਰੀ ਤੋਂ ਪਹਿਲਾਂ ਹੀ ਕੋਈ ਭੇਦ ਖੁੱਲਣ ਦੇ ਡਰੋਂ ਵਿਜੀਲੈਂਸ ਅਧਿਕਾਰੀ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕਰ ਰਹੇ।