ਸੁਨਾਮ ਵਾਲੇ ਬੰਦ ਪੁਲ ਨੂੰ ਲੈ ਕੇ ਤੁੰਗਾਂ ਵਾਸੀਆਂ ਵੱਲੋਂ ਨਾਅਰੇਬਾਜ਼ੀ | Sunam News
- ਸਰਕਾਰ ਜਲਦੀ ਕਦਮ ਚੁੱਕੇ, ਨਹੀਂ ਸੰਘਰਸ਼ ਕਰਾਂਗੇ : ਕਾਮਰੇਡ ਤੁੰਗਾਂ
ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) ਪਿੰਡ ਤੁੰਗਾਂ ਵਾਸੀਆਂ ਵਲੋਂ ਅੱਜ ਸੁਨਾਮ ਵਾਲੇ ਬੰਦ ਪਏ ਪੁਲ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਸੀ.ਪੀ.ਆਈ (ਐਮ) ਦੇ ਤਹਿਸੀਲ ਸੰਗਰੂਰ ਦੇ ਸਕੱਤਰ ਕਾਮਰੇਡ ਸਤਵੀਰ ਤੁੰਗਾਂ ਨੇ ਕਿਹਾ ਕਿ ਹੜ੍ਹਾਂ ਵੇਲੇ ਸਰਹੰਦ ਚੋਅ ਦੇ ਇਸ ਪੁਲ ਦਾ ਕੁੱਝ ਹਿੱਸਾ ਦਬ ਗਿਆ ਸੀ, ਜਿਸ ਕਰਕੇ ਪ੍ਰਸਾਸ਼ਨ ਨੇ ਤੁਰੰਤ ਇਸ ਪੁਲ ਤੋਂ ਆਵਾਜਾਈ ਬੰਦ ਕਰ ਦਿੱਤੀ ਸੀ। ਉਨ੍ਹਾਂ ਕਿਹਾ ਕਿ ਸੰਗਰੂਰ ਤੇ ਸ਼ਹੀਦ ਊਧਮ ਸਿੰਘ ਦੀ ਧਰਤੀ ਸੁਨਾਮ ਨੂੰ ਆਪਸ ਵਿੱਚ ਮਿਲਾਉਣ ਵਾਲਾ ਇਹ ਹੀ ਮੁੱਖ ਪੁਲ ਹੈ ਜੋ ਅਕਾਲਗੜ ਪਿੰਡ ਦੇ ਨੇੜੇ ਪੈਂਦਾ ਹੈ।
ਉਨ੍ਹਾਂ ਕਿਹਾ ਕਿ ਇਸ ਤੋਂ ਆਵਾਜਾਈ ਬੰਦ ਹੋਣ ਕਰਕੇ ਜਿਥੇ ਇਸ ਰੋਡ ਉਪਰ ਪੈਂਦੇ ਪਿੰਡਾਂ ਤੁੰਗਾਂ, ਕੁਲਾਰਾਂ, ਕਨੋਈ, ਚੱਠੇ-ਨਕਟੇ, ਸਿਬੀਆਂ ਆਦਿ ਦੇ ਲੋਕ ਭਾਰੀ ਪ੍ਰੇਸ਼ਾਨ ਹਨ ਉਥੇ ਹੀ ਦੂਰ ਦਰਾਡਿਆਂ ਤੋਂ ਆਉਣ ਵਾਲੇ ਲੋਕਾਂ ਨੂੰ ਆਪਣੇ ਵਾਹਨ ਪਿੰਡਾਂ ਵਿੱਚ ਦੀ ਕਈ ਕਿਲੋਮੀਟਰ ਦਾ ਵਾਧੂ ਫਾਸਲਾ ਤਹਿ ਕਰਕੇ ਲੰਘਣਾ ਪੈਂਦਾ ਹੈ, ਜਾਂ ਫਿਰ ਸਰਹੱਦ ਚੋਅ ਦੇ ਨਾਲ ਬਣੀ ਸੜਕ ਉਪਰ ਦੀ ਲੰਘਣਾ ਪੈਂਦਾ ਹੈ ਜੋ ਕਿ ਬਹੁਤਾ ਸੁਰੱਖਿਅਤ ਰਸਤਾ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਪੁਲ ਤੋਂ ਆਵਾਜਾਈ ਬੰਦ ਹੋਣ ਕਰਕੇ ਜਿਆਦਾਤਰ ਬੱਸਾਂ ਵੀ ਹੁਣ ਪਾਤੜਾਂ ਰੋਡ ਉਪਰ ਦੀ ਮਹਿਲਾਂ ਚੌਂਕ ਹੋ ਕੇ ਲੰਘ ਜਾਂਦੀਆਂ ਹਨ ਜਿਸ ਕਰਕੇ ਨੇੜਲੇ ਪਿੰਡਾਂ ਦੇ ਮਿਹਨਤਕਸ਼ ਪਰਿਵਾਰਾਂ, ਦਿਹਾੜੀ ਮਜਦੂਰੀ ਕਰਨ ਵਾਲੇ ਲੋਕਾਂ ਤੇ ਸੰਗਰੂਰ-ਸੁਨਾਮ ਪੜਨ ਲਈ ਜਾਣ ਵਾਲੇ ਬੱਚਿਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਦੋਵਾਂ ਪੁਲਾਂ ਕਾਰਨ ਲੋਕਾਂ ਨੂੰ ਆ ਰਹੀ ਸਮੱਸਿਆ ਤੋਂ ਜਲਦ ਛੁਟਕਾਰਾ ਮਿਲੇਗਾ : ਅਮਨ ਅਰੋੜਾ
ਇਸ ਮੌਕੇ ਬੇਅੰਤ ਸਿੰਘ ਤੇ ਅਮਰਜੀਤ ਸਿੰਘ ਨੇ ਦੱਸਿਆ ਕਿ ਪਹਿਲਾਂ ਬੱਚੇ ਖਾਸ ਕਰਕੇ ਲੜਕੀਆਂ ਬੱਸਾਂ ਰਾਹੀਂ ਸਮੇਂ ਸਿਰ ਸ਼ਹਿਰ ਪੜ੍ਹਨ ਲਈ ਚਲੀਆਂ ਜਾਂਦੀਆਂ ਸਨ ਤੇ ਛੁੱਟੀ ਹੋਣ ਤੇ ਸਮੇਂ ਨਾਲ ਵਾਪਸ ਆ ਜਾਂਦੀਆਂ ਸਨ , ਪਰ ਹੁਣ ਕਈ ਵਾਰ ਉਨਾਂ ਨੂੰ ਆਪ ਹੀ ਛੱਡ ਕੇ ਆਉਣਾ ਪੈਂਦਾ ਹੈ ਤੇ ਲੈ ਕੇ ਆਉਣਾ ਪੈਂਦਾ ਹੈ, ਇਸੇ ਤਰ੍ਹਾਂ ਆਉਣ ਜਾਣ ਵਾਲੇ ਰਿਸ਼ਤੇਦਾਰਾਂ ਨੂੰ ਵੀ ਖੁਦ ਲਿਆਉਣਾ ਤੇ ਛੱਡਣਾ ਪੈਂਦਾ ਹੈ । ਉਨ੍ਹਾਂ ਕਿਹਾ ਕਿ ਮਜਦੂਰੀ ਕਰਨ ਵਾਲੇ ਲੋਕਾਂ ਲਈ ਤਾਂ ਬਹੁਤ ਹੀ ਮੁਸ਼ਕਲ ਹੋ ਗਿਆ ਹੈ। (Sunam News)
ਇਹ ਵੀ ਪੜ੍ਹੋ : ਭਾਰਤ ਬਨਾਮ ਪੱਛਮੀ ਤਾਕਤਾਂ
ਕਾਮਰੇਡ ਤੁੰਗਾਂ ਨੇ ਕਿਹਾ ਕਿ ਕਿਸੇ ਵੱਡੀ ਘਟਨਾ ਘਟਨ ਤੋਂ ਪਹਿਲਾਂ ਹੀ ਜਿਸ ਮੁਸ਼ਤੈਦੀ ਨਾਲ ਪ੍ਰਸ਼ਾਸਨ ਨੇ ਇਸ ਪੁਲ ਨੂੰ ਬੰਦ ਕਰਕੇ ਸ਼ਲਾਘਾਯੋਗ ਕੰਮ ਕੀਤਾ ਸੀ, ਪਰ ਹੁਣ ਇਸ ਪੁਲ ਨੂੰ ਚਲਾਉਣ ਲਈ ਸਰਕਾਰ ਤੇ ਪ੍ਰਸਾਸ਼ਨ ਦੋਵੇਂ ਹੀ ਸੁੱਤੇ ਪਏ ਜਾਪਦੇ ਹਨ। ਉਨ੍ਹਾਂ ਕਿਹਾ ਕਿ ਪ੍ਰਸਾਸ਼ਨ ਤੁਰੰਤ ਇਸ ਪੁਲ ਨੂੰ ਚਾਲੂ ਕਰਨ ਲਈ ਲੋੜੀਂਦੇ ਕਦਮ ਚੁੱਕੇ ਤੇ ਸੁਨਾਮ ਤੋਂ ਕੈਬਨਿਟ ਮੰਤਰੀ ਅਮਨ ਅਰੋੜਾ ਵੀ ਇਸ ਮਸਲੇ ਵੱਲ ਧਿਆਨ ਦੇਣ । ਉਨ੍ਹਾਂ ਕਿਹਾ ਕਿ ਜੇਕਰ ਇਸ ਪੁਲ ਨੂੰ ਚਾਲਦਾ ਕਰਨ ਲਈ ਜਲਦੀ ਕੋਈ ਕਦਮ ਨਹੀਂ ਚੁੱਕੇ ਜਾਂਦੇ ਤਾਂ ਨੇੜਲੇ ਪਿੰਡਾਂ ਦੇ ਲੋਕ, ਮਜਦੂਰ-ਕਿਸਾਨ ਜਥੇਬੰਦੀਆਂ ਸੰਘਰਸ਼ ਕਰਨ ਲਈ ਮਜਬੂਰ ਹੋਣਗੇ, ਜਿਸ ਦੀ ਜਿੰਮੇਵਾਰ ਪੰਜਾਬ ਸਰਕਾਰ ਤੇ ਜਿਲਾ ਪ੍ਰਸਾਸ਼ਨ ਹੋਵੇਗਾ । ਇਸ ਮੌਕੇ ਜੰਗ ਸਿੰਘ, ਲੀਲਾ ਸਿੰਘ, ਬਲਵੰਤ ਸਿੰਘ, ਅਮਰਜੀਤ ਸਿੰਘ, ਕੇਸ਼ੂ ਸਿੰਘ, ਸਾਧੂ ਸਿੰਘ, ਜਗਮੇਲ ਸਿੰਘ, ਭੋਲਾ ਸਿੰਘ ਆਦਿ ਹਾਜਰ ਸਨ । (Sunam News)
4 ਕਰੋੜ ਰੁਪਏ ਮਨਜੂਰ ਹੋ ਚੁੱਕੇ ਹਨ, ਜਲਦ ਬਣੇਗਾ ਪੂਲ : ਅਮਨ ਅਰੋੜਾ
ਸੁਨਾਮ ਤੋਂ ਛਾਂਜਲੀ ਅਤੇ ਸੁਨਾਮ ਤੋਂ ਸੰਗਰੂਰ ਵਾਲੇ ਬੰਦ ਪਏ ਦੋਵਾਂ ਪੁਲਾ ਬਾਰੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਸੁਨਾਮ ਤੋਂ ਛਾਂਜਲੀ ਵਾਲੇ ਪੂਲ ਲਈ 95 ਲੱਖ ਰੁਪਏ ਆ ਚੁੱਕੇ ਹਨ। ਜਿਸ ਦਾ ਟੈਂਡਰ ਲੱਗ ਚੁੱਕਿਆ ਹੈ ਅਤੇ ਸੁਨਾਮ ਤੋਂ ਸੰਗਰੂਰ ਵਾਲੇ ਪੂਲ ਲਈ 4 ਚਾਰ ਕਰੋੜ ਰੁਪਇਆ ਮਨਜ਼ੂਰ ਹੋ ਚੁਕਿਆ ਹੈ। ਬਹੁਤ ਜਲਦ ਇਹਨਾਂ ਪੁਲਾਂ ਦੇ ਉਸਾਰੀ ਕਾਰਜ ਸ਼ੁਰੂ ਕਰ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਇਹਨਾਂ ਦੋਵਾਂ ਪੁਲਾਂ ਤੋਂ ਲੋਕਾਂ ਨੂੰ ਆ ਰਹੀ ਸਮੱਸਿਆ ਤੋਂ ਜਲਦ ਛੁਟਕਾਰਾ ਮਿਲ ਜਾਵੇਗਾ।