ਮਾਣਯੋਗ ਹਾਈਕੋਰਟ ਨੇ ਵੀ ਆਰ.ਐੱਸ.ਡੀ.ਕਾਲਜ ਦੀ ਮੈਨੇਜਮੈਂਟ ਨੂੰ ਪ੍ਰੋਫੈਸਰਾਂ ਨੂੰ ਜੁਆਇਨ ਕਰਵਾਉਣ ਲਈ ਕਿਹਾ
(ਸਤਪਾਲ ਥਿੰਦ) ਫਿਰੋਜ਼ਪੁਰ। ਫਿਰੋਜ਼ਪੁਰ ਦੇ ਆਰ.ਐੱਸ.ਡੀ.ਕਾਲਜ ਬਾਹਰ ਪਿਛਲੇ 51 ਦਿਨ ਤੋਂ ਦਿਨ ਰਾਤ ਲੱਗੇ ਧਰਨੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਜਦੋਂ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਕੋਰਟ ਦਾ ਇੰਨਟਰਿਮ ਆਰਡਰ ਆਇਆ, ਜਿਸ ਵਿੱਚ ਸਪੱਸ਼ਟ ਤੌਰ ’ਤੇ ਲਿਖਿਆ ਗਿਆ ਹੈ ਕਿ ਆਰ.ਐੱਸ.ਡੀ. ਕਾਲਜ ਦੀ ਮੈਨੇਜਮੈਂਟ ਤਿੰਨਾਂ ਰੈਗੂਲਰ ਅਧਿਆਪਕਾਂ ਨੂੰ ਜੁਆਇਨ ਕਰਵਾ ਲੈਂਦੀ ਹੈ ਤਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਕਾਲਜ ’ਤੇ ਕੋਈ ਕਾਰਵਾਈ ਨਹੀਂ ਕਰੇਗੀ। (High Court)
ਇੱਥੇ ਜ਼ਿਕਰਯੋਗ ਹੈ ਕਿ ਪਿਛਲੇ 51 ਦਿਨਾਂ ਤੋਂ ਸਥਾਨਕ ਸ਼ਹਿਰ ਦੇ ਆਰ.ਐਸ.ਡੀ. ਕਾਲਜ ਦੇ ਬਾਹਰ ਐਸੋਸੀਏਸ਼ਨ ਆਫ ਅਣਏਡਿਡ ਕਾਲਜ ਟੀਚਰਜ ਯੂਨੀਅਨ ਪੰਜਾਬ ਅਤੇ ਚੰਡੀਗੜ੍ਹ ਦੀ ਅਗਵਾਈ ਵਿੱਚ ਚੱਲ ਰਿਹਾ ਸੀ, ਜਿਸ ਨੂੰ ਪੰਜਾਬ ਦੀਆਂ ਕਿਸਾਨ, ਮਜ਼ਦੂਰ, ਮੁਲਾਜਮ ਅਤੇ ਵਿਦਿਆਰਥੀ ਅਤੇ ਫਿਰੋਜ਼ਪੁਰ ਦੇ ਇਨਸਾਫ ਪਸੰਦ ਲੋਕ ਦਿਨ ਰਾਤ ਇਸ ਧਰਨੇ ਦੀ ਹਮਾਇਤ ਕਰ ਰਹੇ ਸਨ, ਕਿਉਂਕਿ 31 ਜੁਲਾਈ 2023 ਨੂੰ ਸਥਾਨਕ ਆਰ.ਐਸ.ਡੀ. ਕਾਲਜ ਵਿੱਚੋਂ ਪੰਜਾਬੀ ਵਿਭਾਗ ਦੇ ਮੁਖੀ ਪ੍ਰੋ ਕੁਲਦੀਪ ਸਿੰਘ, ਡਾ. ਮਨਜੀਤ ਕੌਰ ਅਤੇ ਇਤਿਹਾਸ ਦੇ ਪ੍ਰੋ ਲਕਸ਼ਮਿੰਦਰਾ ਭੋਰੀਵਾਲ ਨੂੰ ਗੈਰ ਕਾਨੂੰਨੀ ਢੰਗ ਨਾਲ ਕਾਲਜ ਮੈਨੇਜਮੈਂਟ ਵੱਲੋਂ ਰਿਲੀਵ ਕਰ ਦਿੱਤਾ ਗਿਆ ਸੀ।
ਮਾਣਯੋਗ ਹਾਈਕੋਰਟ ਦੇ ਆਰਡਰ ਤੋਂ ਬਾਅਦ ਕਾਲਜ ਬਾਹਰ ਲੱਗੇ ਧਰਨੇ ਨੂੰ ਕੀਤਾ ਗਿਆ ਮੁਅੱਤਲ
ਅਗਲੇ ਹੀ ਦਿਨ ਮਿਤੀ 1 ਅਗਸਤ 2023 ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਇੱਕ ਪੱਤਰ ਜਾਰੀ ਕਰਕੇ ਇਹਨਾਂ ਤਿੰਨਾਂ ਅਧਿਆਪਕਾਂ ਨੂੰ ਜੁਆਇਨ ਕਰਵਾਉਣ ਦੇ ਆਦੇਸ਼ ਜਾਰੀ ਕੀਤੇ ਸਨ ਜਦੋਂ ਕਾਲਜ ਨੇ ਯੂਨੀਵਰਸਿਟੀ ਦੇ ਆਦੇਸ਼ਾਂ ਨੂੰ ਨਾ ਮੰਨਿਆ ਤਾਂ ਪੰਜਾਬ ਸਰਕਾਰ ਦੇ ਉੱਚ ਸਿੱਖਿਆ ਵਿਭਾਗ ਨੂੰ ਇਸ ਸਬੰਧੀ ਅਪੀਲ ਕੀਤੀ ਗਈ, ਉੱਚ ਸਿੱਖਿਆ ਵਿਭਾਗ ਦੇ ਡਾਇਰੈਕਟਰ ਉੱਚ ਸਿੱਖਿਆ ਨੇ ਦੋਹਾਂ ਧਿਰਾਂ ਨੂੰ ਚੰਡੀਗੜ੍ਹ ਬੁਲਾ ਕੇ ਬਾਰੀਕੀ ਨਾਲ ਜਾਂਚ ਕਰਨ ਤੋਂ ਬਾਅਦ 4 ਸਤੰਬਰ 2023 ਨੂੰ ਕਾਲਜ ਨੂੰ ਇੱਕ ਪੱਤਰ ਕੱਢਿਆ ਜਿਸ ਵਿੱਚ ਕਾਲਜ ਦੇ ਫੈਸਲੇ ਨੂੰ ਗੈਰ ਕਾਨੂੰਨੀ ਕਿਹਾ ਅਤੇ ਇਹਨਾਂ ਤਿੰਨਾਂ ਅਧਿਆਪਕਾਂ ਨੂੰ ਤੁਰੰਤ ਬਹਾਲ ਕੀਤਾ।
ਇਹਨਾਂ ਨੂੰ ਕਾਲਜ ਜੁਆਇਨ ਕਰਵਾ ਕੇ ਰਿਪੋਰਟ ਵਿਭਾਗ ਨੂੰ ਕਰਨ ਦੀ ਹਦਾਇਤ ਕੀਤੀ ਗਈ, ਜਿਸ ਤੋਂ ਬਾਅਦ 18 ਸਤੰਬਰ 2023 ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਕਾਲਜ ਨੂੰ ਪੱਤਰ ਜਾਰੀ ਕੀਤਾ ਕਿ ਜੇਕਰ ਤੁਸੀਂ ਇਹਨਾਂ ਤਿੰਨਾਂ ਅਧਿਆਪਕਾਂ ਨੂੰ ਜੁਆਇਨ ਨਾ ਕਰਵਾਇਆ ਤਾਂ ਇਸ ਸਾਲ ਯੂਨੀਵਰਸਿਟੀ ਦਾਖਲ ਹੋ ਚੁੱਕੇ ਬੱਚਿਆਂ ਦੀਆਂ ਰਿਟਰਨਾਂ ਨਹੀਂ ਲਵੇਗੀ ਅਤੇ ਕਾਲਜ ਵੱਲੋਂ ਯੂ.ਜੀ.ਸੀ. ਤੋਂ ਗਰਾਂਟ ਲੈਣ ਵਾਲੇ ਪੱਤਰਾਂ ਨੂੰ ਯੂਨੀਵਰਸਿਟੀ ਅੱਗੇ ਨਹੀਂ ਭੇਜੇਗੀ।
ਇਹ ਵੀ ਪੜ੍ਹੋ : IND vs AUS : ਅਸਟਰੇਲੀਆ ਨੂੰ ਦਿੱਤਾ 400 ਦੌੜਾਂ ਦਾ ਟੀਚਾ, ਸੂਰਿਆ ਕੁਮਾਰ ਨੇ 72 ਦੌੜਾਂ ਦੀ ਵਿਸਫੋਟਕ ਪਾਰੀ ਖੇਡੀ
ਇਸ ਸਭ ਦੇ ਖਿਲਾਫ ਕਾਲਜ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਵਿੱਚ ਚਲਾ ਗਿਆ, ਜਿੱਥੇ ਮਾਣਯੋਗ ਅਦਾਲਤ ਨੇ ਉਪਰੋਕਤ ਦਿੱਤਾ ਇਨਟਰਮ ਆਰਡਰ ਪਾਸ ਕਰ ਦਿੱਤਾ ਮਾਣਯੋਗ ਅਦਾਲਤ ਦੇ ਇੰਨਟਰਮ ਆਰਡਰ ਆਉਣ ਤੋਂ ਬਾਅਦ ਐਸੋਸੀਏਸ਼ਨ ਆਫ ਅਨਏਡਿਡ ਕਾਲਜ ਟੀਚਰਜ ਯੂਨੀਅਨ ਪੰਜਾਬ ਅਤੇ ਚੰਡੀਗੜ੍ਹ ਨੇ ਬਾਕੀ ਸਾਰੀਆਂ ਜਥੇਬੰਦੀਆਂ ਅਤੇ ਫਿਰੋਜ਼ਪੁਰ ਦੇ ਇਨਸਾਫ ਪਸੰਦ ਲੋਕਾਂ ਨਾਲ ਮਿਲ ਕੇ ਫੈਸਲਾ ਕੀਤਾ ਕਿ 51 ਦਿਨਾਂ ਤੋਂ ਚੱਲ ਰਹੇ ਇਸ ਦਿਨ ਰਾਤ ਦੇ ਧਰਨੇ ਨੂੰ ਹਾਲ ਦੀ ਘੜੀ ਮੁਅੱਤਲ ਕੀਤਾ ਜਾਂਦਾ ਹੈ, ਜਥੇਬੰਦੀ ਵੱਲੋਂ ਕਿਸਾਨ, ਮਜ਼ਦੂਰ, ਮੁਲਾਜਮ ਅਤੇ ਇਨਸਾਫ ਪਸੰਦ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਅਤੇ ਭਵਿੱਖ ਵਿੱਚ ਵੀ ਇਹਨਾਂ ਦੇ ਸਹਿਯੋਗ ਦੀ ਉਮੀਦ ਜਤਾਈ ਇਸ ਮੌਕੇ ਐਸੋਸੀਏਸ਼ਨ ਆਫ ਅਨਏਡਿਡ ਕਾਲਜ ਟੀਚਰਜ ਯੂਨੀਅਨ ਪੰਜਾਬ ਅਤੇ ਚੰਡੀਗੜ੍ਹ ਪ੍ਰੋ ਤਰੁਣ ਘਈ, ਪ੍ਰੋ ਜਸਪਾਲ ਸਿੰਘ, ਡਾ. ਚਰਨਜੀਤ ਸਿੰਘ, ਡਾ. ਮਨਪ੍ਰੀਤ ਲਹਿਲ, ਡਾ. ਗੁਰਪ੍ਰੀਤ ਸਿੰਘ, ਡਾ. ਅਰੁਣ ਦੇਵ ਸਮੇਤ ਵੱਖ-ਵੱਖ ਜੱਥੇਬੰਦੀਆਂ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ