ਚੰਡੀਗੜ੍ਹ (ਐੱਮ. ਕੇ. ਸ਼ਾਇਨਾ)। ਪੰਜਾਬ ’ਚ ਉਨ੍ਹਾਂ ਆਈਲੈਟਸ ਸੈਂਟਰਾਂ (IELTS Centers) ਖਿਲਾਫ ਸਰਕਾਰ ਨੇ ਐਕਸ਼ਨ ਪਲਾਨ ਤਿਆਰ ਕਰ ਲਿਆ ਹੈ, ਜੋ ਕਿ ਰੈਗੂਲਰ ਤੌਰ ’ਤੇ ਦਿੱਤਾ ਜਾਣ ਵਾਲਾ ਟੈਕਸ ਅਦਾ ਨਹੀਂ ਕਰ ਰਹੇ ਹਨ। ਸਰਕਾਰ ਨੇ ਵੱਖ-ਵੱਖ ਜ਼ਿਲ੍ਹਿਆਂ ’ਚ ਚੱਲ ਰਹੇ ਅਜਿਹੇ ਆਈਲੈਟਸ ਸੈਂਟਰਾਂ ਖਿਲਾਫ ਵੱਡੀ ਕਾਰਵਾਈ ਕਰਨ ਦੀ ਤਿਆਰੀ ਖਿੱਚੀ ਹੈ, ਜਿਸ ਨਾਲ ਸਰਕਾਰ ਨੂੰ ਕਰੋੜਾਂ ਰੁਪਏ ਦੇ ਮਾਲੀਏ ਦਾ ਨੁਕਸਾਨ ਹੋ ਰਿਹਾ ਹੈ। ਆਮਦਨ ਟੈਕਸ ਵਿਭਾਗ ਦੀ ਜਾਂਚ ਦੌਰਾਨ ਸੂਬੇ ਦੇ 703 ਦੇ ਕਰੀਬ ਆਈਲੈਟਸ ਸੈਂਟਰ ਰਾਡਾਰ ’ਤੇ ਹਨ। ਇਨ੍ਹਾਂ ਸੈਂਟਰਾਂ ਖਿਲਾਫ 50 ਲੱਖ ਤੋਂ ਲੈ ਕੇ 3 ਕਰੋੜ ਰੁਪਏ ਤੱਕ ਦੀ ਟੈਕਸ ਚੋਰੀ ਕਰਨ ਨੂੰ ਲੈ ਕੇ ਜਾਂਚ ਚੱਲ ਰਹੀ ਹੈ। ਆਲਾ ਅਧਿਕਾਰੀਆਂ ਦਾ ਕਹਿਣਾ ਹੈ ਕਿ ਆਮਦਨ ਟੈਕਸ ਵਿਭਾਗ ਦੇ ਮੁਲਾਂਕਣ ਮਗਰੋਂ ਇਨ੍ਹਾਂ ਨੂੰ ਨੋਟਿਸ ਜਾਰੀ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਜਾਅਲੀ ਸਰਟੀਫਿਕੇਟ ਦੇ ਆਧਾਰ ’ਤੇ ਨੌਕਰੀ ਲੈਣ ਵਾਲਿਆਂ ਵਿਰੁੱਧ ਹੁਣ ਹੋਵੇਗੀ ਕਾਰਵਾਈ
ਮਿਲੀ ਜਾਣਕਾਰੀ ਮੁਤਾਬਕ ਅਜਿਹੇ ਜ਼ਿਆਦਾਤਰ ਸੈਂਟਰ ਮੋਹਾਲੀ, ਜਲੰਧਰ, ਅੰਮਿ੍ਰਤਸਰ, ਲੁਧਿਆਣਾ, ਪਟਿਆਲਾ ਤੇ ਬਠਿੰਡਾ ਜ਼ਿਲ੍ਹੇ ਨਾਲ ਸਬੰਧਿਤ ਹਨ। ਇਸ ਬਾਰੇ ਖਜਾਨਾ ਮੰਤਰੀ ਹਰਪਾਲ ਚੀਮਾ ਦਾ ਕਹਿਣਾ ਹੈ ਕਿ ਜ਼ਿਲ੍ਹਿਆਂ ’ਚ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ ਹਨ। ਮੁੱਢਲੀ ਜਾਂਚ ’ਚ ਜਿਨ੍ਹਾਂ ਸੈਂਟਰਾਂ ਵੱਲੋਂ ਟੈਕਸ ਚੋਰੀ ਦੇ ਤੱਥ ਮਿਲੇ, ਉਨ੍ਹਾਂ ਕੋਲੋਂ ਟੈਕਸ ਵਸੂਲੀ ਕੀਤੀ ਜਾਵੇਗੀ।