ਸਾਇਕਲ ਰਿਪੇਅਰ ਵਾਲੇ ਦੀ ਧੀ ਨੇ ਮਾਰੀਆਂ ਉਡਾਰੀਆਂ, ਮਨਪ੍ਰੀਤ ਕੌਰ ਬਣੀ ਪੰਜਾਬ ਦੀ ਪਹਿਲੀ ਮਹਿਲਾ ਡਰੋਨ ਇੰਸਟਰਕਟਰ

Amloh
ਮਨਪ੍ਰੀਤ ਕੌਰ ਦਾ ਅਮਲੋਹ ਪਹੁੰਚਣ ਤੇ ਸਨਮਾਨ ਕਰਦੇ ਹੋਏ ਮੁਹੱਲਾ ਨਿਵਾਸੀ। ਤਸਵੀਰ : ਅਨਿਲ ਲੁਟਾਵਾ

ਅਮਲੋਹ ਪਹੁੰਚਣ ਤੇ ਮੁਹੱਲਾ ਨਿਵਾਸੀਆਂ ਵੱਲੋਂ ਕੀਤਾ ਗਿਆ ਵਿਸ਼ੇਸ਼ ਸਨਮਾਨ

ਅਮਲੋਹ (ਅਨਿਲ ਲੁਟਾਵਾ)। ‘ਹਿੰਮਤ ਏ ਮਰਦ ਤੇ ਮਦਦ ਏ ਖੁਦਾ’ ਦੀ ਕਹਾਵਤ ਨੂੰ ਸੱਚ ਕਰਦਿਆਂ ਅਮਲੋਹ ਦੇ ਵਾਰਡ ਨੰਬਰ 12 ਦੀ ਮਨਪ੍ਰੀਤ ਕੌਰ ਪੁੱਤਰੀ ਬਲਜੀਤ ਸਿੰਘ ਨੇ ਪੰਜਾਬ ਦੀ ਪਹਿਲੀ ਡਰੋਨ ਇੰਸਟਰਕਟਰ ਬਣਨ ਦਾ ਮਾਨ ਹਾਸਲ ਕੀਤਾ ਹੈ। ਮਨਪ੍ਰੀਤ ਦੇ ਪਿਤਾ ਬਲਜੀਤ ਸਿੰਘ ਸਾਇਕਲ ਰਿਪੈਅਰ ਦਾ ਕੰਮ ਕਰਦੇ ਹਨ ਤੇ ਸੀਮਤ ਆਮਦਨ ਹੋਣ ਦੇ ਬਾਵਜੂਦ ਵੀ ਇਨ੍ਹਾਂ ਨੇ ਆਪਣੀ ਬੇਟੀ ਦੀ ਪੜਾਈ ਵਿੱਚ ਕੋਈ ਕਮੀ ਨਹੀਂ ਆਉਣ ਦਿੱਤੀ ਤੇ ਮਨਪ੍ਰੀਤ ਕੌਰ ਦੀ ਕੁੱਝ ਬਣ ਕੇ ਦਿਖਾਉਣ ਦੀ ਇੱਛਾ ਤੇ ਜਜਬੇ ਨੇ ਅੱਜ ਇਸ ਨੂੰ ਇਹ ਮਾਨ ਦਿਵਾਇਆ ਹੈ। ਜਿਸ ਦੇ ਸਨਮਾਨ ਵਿੱਚ ਅੱਜ ਮੁਹੱਲਾ ਨਿਵਾਸੀਆਂ ਵੱਲੋਂ ਮਨਪ੍ਰੀਤ ਕੌਰ ਦਾ ਸਨਮਾਨ ਕੀਤਾ ਗਿਆ ਅਤੇ ਇਸ ਖੁਸ਼ੀ ਨੂੰ ਸਾਂਝਾ ਕਰਦਿਆਂ ਮੁਹੱਲੇ ਵਿੱਚ ਲੱਡੂ ਵੰਡੇ ਗਏ। (Amloh)

Amloh-2
ਮਨਪ੍ਰੀਤ ਕੌਰ ਵਿਦਿਆਰਥੀ ਨੂੰ ਡਰੋਨ ਸਬੰਧੀ ਜਾਣਕਾਰੀ ਦਿੰਦੇ ਹੋਏ। ਤਸਵੀਰ : ਅਨਿਲ ਲੁਟਾਵਾ

ਇਸ ਸਬੰਧੀ ਗੱਲਬਾਤ ਕਰਦਿਆਂ ਮਨਪ੍ਰੀਤ ਨੇ ਦੱਸਿਆ ਕਿ ਉਹ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ ’ਚੋਂ ਅਪਣਾ ਇਮਤਿਹਾਨ ਪਾਸ ਕਰਕੇ ਮਹਿਲਾ ਡਰੋਨ ਇੰਸਟਰਕਟਰ ਬਣੀ ਹੈ ਤੇ ਹੁਣ ਉਹ ਪੁਣੇ ਦੀ ਇਕ ਕੰਪਨੀ ’ਚ ਡਰੋਨ ਇੰਸਟਰਕਟਰ ਵਜੋਂ ਕੰਮ ਕਰ ਰਹੀ ਹੈ, ਜਿਸ ਦੇ ਨਾਲ ਉਹ ਵਿਦਿਆਰਥੀਆਂ ਨੂੰ ਡਰੋਨ ਪਾਇਲਟ ਦੀ ਸਿਖਲਾਈ ਵੀ ਦਿੰਦੀ ਹੈ। ਮਨਪ੍ਰੀਤ ਕੌਰ ਨੇ ਕਿਹਾ ਕਿ ਉਹ ਅੱਜ ਜੋ ਕੁਝ ਵੀ ਹੈ ਆਪਣੇ ਮਾਪਿਆਂ ਕਰਕੇ ਹੈ, ਮੇਰੇ ਪਿਤਾ ਨੇ ਮੇਰੀ ਪੜ੍ਹਾਈ ਵਿਚ ਕਦੇ ਕੋਈ ਕਮੀ ਨਹੀਂ ਛੱਡੀ ਅਤੇ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਹੈ। ਮਨਪ੍ਰੀਤ ਨੇ ਦੱਸਿਆ ਕਿ ਉਹ ਪੰਜਾਬ ਦੀ ਪਹਿਲੀ ਮਹਿਲਾ ਡਰੋਨ ਇੰਸਟਰਕਟਰ ਹੈ ਮੇਰਾ ਇਹ ਸੁਪਨਾ ਮੇਰੇ ਮਾਪਿਆਂ ਦਾ ਮੇਰੇ ਤੇ ਵਿਸ਼ਵਾਸ ਤੇ ਉਨ੍ਹਾਂ ਵੱਲੋਂ ਦਿੱਤੇ ਹੌਂਸਲੇ ਕਾਰਣ ਹੀ ਸੰਭਵ ਹੋਇਆ ਹੈ।

ਉਸ ਨੇ ਕਿਹਾ ਕਿ ਉਸ ਦੇ ਪਿਤਾ ਨੇ ਇਕ ਸਾਈਕਲ ਮਕੈਨਿਕ ਹੋਣ ਦੇ ਬਾਵਜੂਦ ਵੀ ਮੈਨੂੰ ਪੜ੍ਹਾਈ ਵਿਚ ਕੋਈ ਕਮੀ ਨਹੀਂ ਆਉਣ ਦਿੱਤੀ। ਉਸ ਨੇ ਕਿਹਾ ਕਿ ਉਸ ਦੇ ਪਿਤਾ ਨੇ ਸਾਇਕਲ ਰਿਪੇਅਰ ਦਾ ਕੰਮ ਕਰਕੇ ਉਸ ਨੂੰ ਅਗਾਂਹ ਵਧਾਇਆ ਹੈ ਤੇ ਉਹ ਹਰ ਮਾਤਾ- ਪਿਤਾ ਨੂੰ ਕਹਿਣਾ ਚਾਹੁੰਦੀ ਹੈ ਕਿ ਆਪਣੀ ਬੇਟੀ ਦੀ ਕਾਬਲੀਅਤ ਨੂੰ ਦੇਖਦਿਆਂ ਉਸ ਨੂੰ ਅੱਗੇ ਵਧਣ ਲਈ ਸਹਿਯੋਗ ਦੇਣ ਤਾਂ ਜੋ ਹਰ ਕੁੜੀ ਆਪਣੇ ਮੁਕਾਮ ਨੂੰ ਹਾਸਿਲ ਕਰ ਸਕੇ। ਇਸ ਮੌਕੇ ਰਿਟਾ: ਨਹਿਰੀ ਅਫ਼ਸਰ ਹਰਚੰਦ ਸਿੰਘ, ਹੰਸਰਾਜ ਮਾਹੀ, ਪ੍ਰਧਾਨ ਰਣਜੀਤ ਸਿੰਘ ਬੱਬੂ, ਹਰਵਿੰਦਰ ਕੌਰ, ਹਰੀ ਸਿੰਘ, ਚਰਨਜੀਤ ਸਿੰਘ, ਜਸਵੀਰ ਕੌਰ, ਪਰਮਜੀਤ ਕੌਰ, ਅਮਨਦੀਪ ਕੌਰ, ਕੁਲਦੀਪ ਸਿੰਘ, ਸ਼ਿੰਦਰਪਾਲ ਸਿੰਘ, ਬਬੀ ਸਿੰਘ ਆਦਿ ਮੌਜ਼ੂਦ ਸਨ।

ਮੌਤ ਮਰਗੋਂ ਕਿਸ ਤੋਂ ਹੋਵੇਗੀ ਵਸੂਲੀ, ਕਰਜ਼ਾ ਲੈਣ ਤੋਂ ਪਹਿਲਾਂ ਇਹ ਜ਼ਰੂਰ ਪੜ੍ਹੋ, ਪੂਰੀ ਜਾਣਕਾਰੀ