ਲੁਧਿਆਣਾ (ਜਸਵੀਰ ਸਿੰਘ ਗਹਿਲ)। ਸਥਾਨਕ ਪੁਲਿਸ ਕਮਿਸ਼ਨਰ ਦਫ਼ਤਰ ਅੱਗੇ ਜ਼ਬਰ ਜਿਨਾਹ ਪੀੜਤਾ ਨੇ ਐਫ਼ਆਰਆਈ ਦਰਜ਼ ਕਰਵਾਉਣ ਦੀ ਮੰਗ ਨੂੰ ਲੈ ਕੇ ਪਰਿਵਾਰ ਤੇ ਬੱਚਿਆਂ ਸਮੇਤ ਧਰਨਾ ਦਿੱਤਾ। ਪੀੜਤਾ ਦਾ ਦੋਸ਼ ਸੀ ਕਿ ਉਸ ਨਾਲ ਜ਼ਬਰ ਜਿਨਾਹ ਦੀ ਘਟਨਾ ਨੂੰ ਇੱਕ ਮਹੀਨੇ ਤੋਂ ਵੱਧ ਦਾ ਸਮਾਂ ਬੀਤ ਚੁੱਕੇ ਹੈ ਪਰ ਪੁਲਿਸ ਨੇ ਹਾਲੇ ਤੱਕ ਐਫ਼ਆਰਆਈ ਤੱਕ ਵੀ ਦਰਜ਼ ਨਹੀਂ ਕੀਤੀ। (Ludhiana News)
ਪੀੜਤਾ ਨੇ ਦੱਸਿਆ ਕਿ ਉਸ ਦੇ ਇਲਾਕੇ ਦੇ ਹੀ ਚਾਰ ਜਣਿਆਂ ਵੱਲੋਂ ਉਸਨੂੰ 30 ਜੁਲਾਈ ਨੂੰ ਅਗਵਾ ਕਰਕੇ ਉਸ ਨਾਲ ਕਈ ਦਿਨ ਜ਼ਬਰ ਜਿਨਾਹ ਕੀਤਾ ਅਤੇ ਵਿਰੋਧ ਕਰਨ ’ਤੇ ਉਸਦੀ ਕੁੱਟਮਾਰ ਕੀਤੀ। ਇੰਨਾਂ ਹੀ ਨਹੀਂ ਉਕਤ ਚਾਰੋਂ ਵਿਅਕਤੀਆਂ ਨੇ ਕਿਸੇ ਨੂੰ ਦੱਸਣ ’ਤੇ ਉਸ ਨੂੰ ਅਤੇ ਉਸ ਦੇ ਸਮੁੱਚੇ ਪਰਿਵਾਰ ਨੂੰ ਮਾਰ ਦੇਣ ਦੀ ਧਮਕੀ ਵੀ ਉਸਨੂੰ ਦਿੱਤੀ। ਪੀੜਤਾ ਮੁਤਾਬਕ ਉਕਤ ਵੱਲੋਂ ਕਥਿੱਤ ਇੱਕ ਕੌਂਸਲਰ ਦੇ ਵਿਹੜੇ ’ਚ ਉਸ ਨੂੰ ਦੋ ਦਿਨ- ਦੋ ਰਾਤਾਂ ਬੰਧਕ ਬਣਾ ਕੇ ਰੱਖਿਆ ਅਤੇ ਹਾਲਤ ਵਿਗੜਨ ’ਤੇ ਚੰਡੀਗੜ ਰੋਡ ’ਤੇ ਛੱਡ ਕੇ ਫਰਾਰ ਹੋ ਗਏ। (Ludhiana News)
ਇਹ ਵੀ ਪੜ੍ਹੋ : ਨਸ਼ਾ ਅਤੇ ਲੁੱਟ ਖੋਹ ਵਿਰੋਧੀ ਫਰੰਟ ਵੱਲੋਂ ਰੋਸ ਪ੍ਰਦਸ਼ਨ ਤੋਂ ਬਾਅਦ ਡੀਐਸਪੀ ਨੂੰ ਸੌਂਪਿਆ ਮੰਗ ਪੱਤਰ
ਪੀੜਤਾ ਨੇ ਦੱਸਿਆ ਕਿ ਇਨਸਾਫ਼ ਲਈ ਉਸਨੇ 8 ਅਗਸਤ ਨੂੰ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਪਰ ਹਾਲੇ ਤੱਕ ਪੁਲਿਸ ਦੁਆਰਾ ਐਫ਼ਆਰਆਈ ਵੀ ਦਰਜ਼ ਨਹੀਂ ਕੀਤੀ ਗਈ। ਧਰਨੇ ਦੌਰਾਨ ਪੀੜਤਾ ਵੱਲੋਂ ਸਥਾਨਕ ਜ਼ਿਲੇ ਦੇ ਇੱਕ ਵਿਧਾਇਕ ’ਤੇ ਵੀ ਦੋਸ਼ੀਆਂ ਨੂੰ ਬਚਾਉਣ ਦੇ ਦੋਸ਼ ਲਗਾਏ। ਧਰਨੇ ’ਤੇ ਪੀੜਤ ਮਹਿਲਾ ਸਮੇਤ ਉਸਦਾ ਪਤੀ ਅਤੇ ਦੋ ਛੋਟੇ ਬੱਚੇ ਵੀ ਮੌਜੂਦ ਸਨ। ਧਰਨਾਕਾਰੀਆਂ ਚੇਤਾਵਨੀ ਦਿੱਤੀ ਕਿ ਐਫ਼ਆਰਆਈ ਦਰਜ਼ ਕੀਤੇ ਜਾਣ ਤੱਕ ਉਹ ਕਮਿਸ਼ਨਰ ਦਫ਼ਤਰ ਅੱਗੇ ਧਰਨੇ ’ਤੇ ਹੀ ਬੈਠਣਗੇ। (Ludhiana News)